ਸ਼ੇਅਰ ਬਾਜ਼ਾਰ ’ਚ ਤਿੰਨ ਦਿਨਾਂ ਦੀ ਤੇਜ਼ੀ ਨੂੰ ਲੱਗੀ ਬ੍ਰੇਕ

ਸ਼ੇਅਰ ਬਾਜ਼ਾਰ ’ਚ ਤਿੰਨ ਦਿਨਾਂ ਦੀ ਤੇਜ਼ੀ ਨੂੰ ਲੱਗੀ ਬ੍ਰੇਕ

ਮੁੰਬਈ: ਭਾਰਤੀ ਸ਼ੇਅਰ ਬਾਜ਼ਾਰ ਵਿੱਚ ਪਿਛਲੇ ਤਿੰਨ ਦਿਨਾਂ ਤੋਂ ਜਾਰੀ ਤੇਜ਼ੀ ਨੂੰ ਸ਼ੁੱਕਰਵਾਰ ਨੂੰ ਬ੍ਰੇਕ ਲੱਗ ਗਈ। 1 ਫਰਵਰੀ ਨੂੰ ਪੇਸ਼ ਹੋਣ ਵਾਲੇ ਕੇਂਦਰੀ ਬਜਟ ਤੋਂ ਪਹਿਲਾਂ ਨਿਵੇਸ਼ਕਾਂ ਵੱਲੋਂ ਸਾਵਧਾਨੀ ਵਰਤਣ ਅਤੇ IT ਤੇ ਮੈਟਲ ਸੈਕਟਰ ਦੇ ਸ਼ੇਅਰਾਂ ਵਿੱਚ ਆਈ ਗਿਰਾਵਟ ਕਾਰਨ ਬਾਜ਼ਾਰ ਲਾਲ ਨਿਸ਼ਾਨ ’ਤੇ ਬੰਦ ਹੋਇਆ।

ਬੀਐੱਸਈ ਸੈਂਸੈਕਸ 296.59 ਅੰਕ ਜਾਂ 0.36 ਫੀਸਦੀ ਦੀ ਗਿਰਾਵਟ ਨਾਲ 82,269.78 ’ਤੇ ਬੰਦ ਹੋਇਆ, ਜਦਕਿ ਐਨਐੱਸਈ ਨਿਫਟੀ 98.25 ਅੰਕ ਜਾਂ 0.39 ਫੀਸਦੀ ਡਿੱਗ ਕੇ 25,320.65 ਦੇ ਪੱਧਰ ’ਤੇ ਆ ਗਿਆ। ਰੁਪਏ ਦੀ ਕਮਜ਼ੋਰੀ ਨੇ ਵੀ ਬਾਜ਼ਾਰ ਦੇ ਮੂਡ ’ਤੇ ਅਸਰ ਪਾਇਆ।

ਦਿਨ ਭਰ ਦੇ ਕਾਰੋਬਾਰ ਦੌਰਾਨ ਟਾਟਾ ਸਟੀਲ ਦੇ ਸ਼ੇਅਰਾਂ ਵਿੱਚ ਸਭ ਤੋਂ ਵੱਧ 4.57 ਫੀਸਦੀ ਦੀ ਗਿਰਾਵਟ ਦਰਜ ਕੀਤੀ ਗਈ। ਇਸ ਤੋਂ ਇਲਾਵਾ ਆਈਸੀਆਈਸੀਆਈ ਬੈਂਕ, ਇੰਫੋਸਿਸ, ਐਚਸੀਐੱਲ ਟੈਕ ਅਤੇ ਕੋਟਕ ਮਹਿੰਦਰਾ ਬੈਂਕ ਦੇ ਸ਼ੇਅਰ ਵੀ ਘਾਟੇ ਵਿੱਚ ਰਹੇ।

ਹਾਲਾਂਕਿ ਮਹਿੰਦਰਾ ਐਂਡ ਮਹਿੰਦਰਾ, ਐੱਸਬੀਆਈ ਅਤੇ ਆਈਟੀਸੀ ਦੇ ਸ਼ੇਅਰਾਂ ਵਿੱਚ ਖਰੀਦਦਾਰੀ ਦੇਖਣ ਨੂੰ ਮਿਲੀ, ਜਿਸ ਨਾਲ ਬਾਜ਼ਾਰ ਵਿੱਚ ਵੱਡੀ ਗਿਰਾਵਟ ਤੋਂ ਬਚਾਵ ਹੋਇਆ।

ਮਾਹਿਰਾਂ ਅਨੁਸਾਰ ਗਲੋਬਲ ਬਾਜ਼ਾਰਾਂ ਵਿੱਚ ਅਨਿਸ਼ਚਿਤਤਾ ਅਤੇ ਵਧਦੀਆਂ ਵਿਆਜ ਦਰਾਂ ਦੇ ਖ਼ਦਸ਼ਿਆਂ ਕਾਰਨ ਨਿਵੇਸ਼ਕ ਫਿਲਹਾਲ ਸਾਵਧਾਨ ਰਵੱਈਆ ਅਪਣਾ ਰਹੇ ਹਨ। ਉਨ੍ਹਾਂ ਕਿਹਾ ਕਿ ਬਜਟ ਦੇ ਐਲਾਨਾਂ ਤੋਂ ਬਾਅਦ ਹੀ ਅਰਥਵਿਵਸਥਾ ਦੀ ਅਗਲੀ ਦਿਸ਼ਾ ਬਾਰੇ ਸਪੱਸ਼ਟ ਤਸਵੀਰ ਸਾਹਮਣੇ ਆਵੇਗੀ।