ਕੈਨੇਡਾ ਵਿੱਚ ਮੌਜੂਦਾ ਸਮੇਂ ਬੇਰੁਜ਼ਗਾਰੀ ਦੀ ਦਰ ਪਿਛਲੇ ਕੁਝ ਮਹੀਨਿਆਂ ਤੋਂ ਲਗਾਤਾਰ ਵਧੀ
ਓਟਾਵਾ-ਸਰਕਾਰੀ ਅੰਕੜਿਆਂ ਮੁਤਾਬਕ ਕੈਨੇਡਾ ਵਿੱਚ ਮੌਜੂਦਾ ਸਮੇਂ ਬੇਰੁਜ਼ਗਾਰੀ ਦੀ ਦਰ ਪਿਛਲੇ ਕੁਝ ਮਹੀਨਿਆਂ ਤੋਂ ਲਗਾਤਾਰ ਵੱਧ ਰਹੀ ਹੈ ਜੋ ਕਿ ਨਾ ਸਿਰਫ਼ ਨੌਜਵਾਨਾਂ ਲਈ ਮਾਨਸਿਕ ਤਣਾਅ ਦਾ ਕਾਰਨ ਬਣ ਰਹੀ ਹੈ, ਸਗੋਂ ਕੈਨੇਡਾ ਦੀ ਆਰਥਿਕਤਾ ਲਈ ਵੀ ਇਕ ਵੱਡਾ ਚਿੰਤਾ ਦਾ ਵਿਸ਼ਾ ਬਣ ਰਿਹਾ ਹੈ। ਜਾਣਕਾਰੀ ਮੁਤਾਬਕ ਕੈਨੇਡਾ ਦੇ ਅੰਕੜਾ ਵਿਭਾਗ ਅਨੁਸਾਰ, 15 ਤੋਂ 24 ਸਾਲ ਦੇ ਉਮਰ ਵਰਗ ਵਿਚ ਬੇਰੁਜ਼ਗਾਰੀ ਦੀ ਦਰ 2025 ਦੀ ਦੂਜੀ ਤਿਮਾਹੀ ਵਿੱਚ 13.5% ‘ਤੇ ਪਹੁੰਚ ਗਈ ਹੈ, ਜੋ ਪਿਛਲੇ ਸਾਲ ਦੇ 10.3% ਦੇ ਮੁਕਾਬਲੇ ਕਾਫੀ ਵਾਧਾ ਦਰਸਾਉਂਦੀ ਹੈ। ਇਹ ਦਰ ਦੇਸ਼ ਦੀ ਕੁੱਲ ਬੇਰੁਜ਼ਗਾਰੀ ਦਰ 6.4% ਨਾਲੋਂ ਦੁਗਣੀ ਤੋਂ ਵੀ ਵੱਧ ਹੈ। ਨੌਜਵਾਨਾਂ ਦੀ ਇਹ ਉੱਚੀ ਬੇਰੁਜ਼ਗਾਰੀ ਦਰ ਕਈ ਗੰਭੀਰ ਕਾਰਨਾਂ ਨਾਲ ਜੁੜੀ ਹੋਈ ਹੈ। ਜਿਵੇਂ ਕਿ ਸਿੱਖਿਆ ਅਤੇ ਰੁਜ਼ਗਾਰ ਵਿਚ ਅਣਮੇਲ, ਕਾਰਪੋਰੇਟ ਕੱਟੌਤੀਆਂ ਅਤੇ ਆਰਥਿਕ ਸੰਕਟ। ਮਨੁੱਖੀ ਸਰੋਤ ਅਤੇ ਰੁਜ਼ਗਾਰ ਬਾਰੇ ਕੰਮ ਕਰ ਰਹੀਆਂ ਕਈ ਸੰਸਥਾਵਾਂ ਦਾ ਕਹਿਣਾ ਹੈ ਕਿ ਬਹੁਤ ਸਾਰੇ ਨੌਜਵਾਨ, ਜੋ ਯੂਨੀਵਰਸਿਟੀਆਂ ਅਤੇ ਕਾਲਜਾਂ ਤੋਂ ਉੱਚ ਡਿਗਰੀਆਂ ਹਾਸਿਲ ਕਰ ਰਹੇ ਹਨ, ਉਨ੍ਹਾਂ ਨੂੰ ਆਪਣੀ ਯੋਗਤਾ ਅਨੁਸਾਰ ਨੌਕਰੀਆਂ ਨਹੀਂ ਮਿਲ ਰਹੀਆਂ। ਕਈ ਵਿਦਿਆਰਥੀਆਂ ਨੂੰ ਉੱਪਲਬਧ ਨੌਕਰੀਆਂ ਲਈ ਵਾਧੂ ਅਨੁਭਵ ਦੀ ਮੰਗ ਕਾਰਨ ਵਾਪਸ ਘਰ ਜਾਣਾ ਪੈਂਦਾ ਹੈ ਜਾਂ ਉਹ ਘੱਟ ਤਨਖਾਹ ਵਾਲੀਆਂ ਜਾਂ ਅਸਥਾਈ ਨੌਕਰੀਆਂ ਕਰਨ ਲਈ ਮਜ਼ਬੂਰ ਹੋ ਰਹੇ ਹਨ। ਬੇਰੁਜ਼ਗਾਰੀ ਦੀ ਇਹ ਲਹਿਰ ਸਿਰਫ਼ ਇੱਕ-ਦੋ ਸੂਬਿਆਂ ਤੱਕ ਸੀਮਤ ਨਹੀਂ, ਸਗੋਂ ਓਨਟਾਰੀਓ, ਬ੍ਰਿਟਿਸ਼ ਕੋਲੰਬੀਆ, ਕਿਊਬੈਕ, ਅਤੇ ਅਲਬਰਟਾ ਵਰਗੇ ਵੱਡੇ ਸੂਬਿਆਂ ਵਿੱਚ ਵੀ ਨੌਜਵਾਨ ਰੁਜ਼ਗਾਰ ਲੱਭਣ ਲਈ ਸੰਘਰਸ਼ ਕਰ ਰਹੇ ਹਨ। ਉਨ੍ਹਾਂ ਵਿਚੋਂ ਕਈ ਨੇ ਮੰਨਿਆ ਕਿ ਸਰਕਾਰੀ ਨੀਤੀਆਂ ਰੁਜ਼ਗਾਰ ਉਤਪੱਤੀ ਵੱਲ ਨਹੀਂ, ਸਗੋਂ ਖ਼ਰਚੇ ਘਟਾਉਣ ਵੱਲ ਧਿਆਨ ਕੇਂਦਰਿਤ ਕਰ ਰਹੀਆਂ ਹਨ। ਜ਼ਿਕਰਯੋਗ ਹੈ ਪ੍ਰਧਾਨ ਮੰਤਰੀ ਮਾਰਕ ਕਾਰਨੀ ਦੀ ਸਰਕਾਰ ਵੱਲੋਂ ਹਾਲ ਹੀ ਵਿੱਚ ਵਿੱਤੀ ਖ਼ਰਚਿਆਂ ਵਿੱਚ ਕਟੌਤੀ ਦੇ ਐਲਾਨਾਂ ਨੇ ਵੀ ਨੌਜਵਾਨਾਂ ਵਿੱਚ ਬੇਚੈਨੀ ਵਧਾ ਦਿੱਤੀ ਹੈ। ਇਸ ਸਬੰਧੀ ਨੌਜਵਾਨਾਂ ਲਈ ਕੰਮ ਕਰ ਰਹੇ ਕਈ ਯੂਨੀਅਨਾਂ ਅਤੇ ਐਕਟਿਵਿਸਟ ਗਰੁੱਪਾਂ ਨੇ ਸਰਕਾਰ ਨੂੰ ਨੌਜਵਾਨਾਂ ਦੀ ਬੇਰੁਜ਼ਗਾਰੀ ਨੂੰ ਘਟਾਉਣ ਲਈ ਵਿਸ਼ੇਸ਼ ਰਣਨੀਤੀਆਂ ਬਣਾਉਣ ਦੀ ਮੰਗ ਕੀਤੀ ਹੈ। ਉਨ੍ਹਾਂ ਦਾ ਕਹਿਣਾ ਹੈ ਕਿ ਜੇਕਰ ਇਸ ਸਮੱਸਿਆ ਦਾ ਤੁਰੰਤ ਹੱਲ ਨਾ ਲੱਭਿਆ ਗਿਆ ਤਾਂ ਇਹ ਆਉਣ ਵਾਲੇ ਸਮੇਂ ਵਿੱਚ ਆਰਥਿਕ ਅਤੇ ਸਮਾਜਿਕ ਤੌਰ ‘ਤੇ ਵੱਡਾ ਸੰਕਟ ਪੈਦਾ ਕਰ ਸਕਦੀ ਹੈ।
















