ਅਮਰੀਕਾ ਖ਼ਿਲਾਫ਼ ਜਵਾਬੀ ਕਾਰਵਾਈ ’ਚ ਟੈਰਿਫ਼ਾਂ ਤੋਂ ਇਲਾਵਾ ਹੋਰ ਕਦਮ ਵੀ ਚੁੱਕੇ ਕੈਨੇਡਾ: ਡੇਵਿਡ ਏਬੀ
ਵੈਨਕੂਵਰ-ਅਮਰੀਕਾ ਨਾਲ ਵਧ ਰਹੀ ਵਪਾਰਕ ਜੰਗ ਦਰਮਿਆਨ ਬ੍ਰਿਟਿਸ਼ ਕੋਲੰਬੀਆ ਦੇ ਪ੍ਰੀਮੀਅਰ ਡੇਵਿਡ ਏਬੀ ਨੇ ਕੈਨੇਡਾ ਦੀ ਸੰਘੀ ਸਰਕਾਰ ਨੂੰ ਟੈਰਿਫ਼ਾਂ ਤੋਂ ਇਲਾਵਾ ਹੋਰ ਜਵਾਬੀ ਕਦਮ ਚੁੱਕਣ ਦੀ ਅਪੀਲ ਕੀਤੀ ਹੈ।ਏਬੀ ਨੇ ਪ੍ਰਧਾਨ ਮੰਤਰੀ ਮਾਰਕ ਕਾਰਨੀ ਨੂੰ ਸੁਝਾਅ ਦਿੱਤਾ ਹੈ ਕਿ ਅਮਰੀਕੀ ਰਾਸ਼ਟਰਪਤੀ ਡੋਨਾਲਡ ਟਰੰਪ ਦੀਆਂ ਵਪਾਰਕ ਨੀਤੀਆਂ ਦਾ ਜਵਾਬ ਦੇਣ ਲਈ ਕੈਨੇਡਾ ਨੂੰ ਕੁਝ ਅਜਿਹੇ ਕਦਮਾਂ ’ਤੇ ਵੀ ਵਿਚਾਰ ਕਰਨਾ ਚਾਹੀਦਾ ਹੈ, ਜਿਨ੍ਹਾਂ ਨਾਲ ਅਮਰੀਕੀ ਸਰਕਾਰ ’ਤੇ ਆਰਥਿਕ ਦਬਾਅ ਵਧ ਸਕੇ।ਉਨ੍ਹਾਂ ਵੱਲੋਂ ਸੁਝਾਏ ਗਏ ਕਦਮਾਂ ਵਿੱਚ ਅਮਰੀਕਾ ਤੋਂ ਐੱਫ-35 ਲੜਾਕੂ ਜਹਾਜ਼ ਖਰੀਦਣ ਦੀ ਲਗਭਗ 12 ਅਰਬ ਡਾਲਰ ਦੀ ਯੋਜਨਾ ’ਤੇ ਮੁੜ ਵਿਚਾਰ ਕਰਨਾ ਅਤੇ ਅਮਰੀਕੀ ਥਰਮਲ ਕੋਲੇ ਦੀ ਕੈਨੇਡਾ ਰਾਹੀਂ ਬਰਾਮਦ ਨੂੰ ਸੀਮਤ ਕਰਨਾ ਸ਼ਾਮਲ ਹੈ।
ਏਬੀ ਨੇ ਕਿਹਾ ਕਿ ਬ੍ਰਿਟਿਸ਼ ਕੋਲੰਬੀਆ ਸਰਕਾਰ ਜਲਦ ਹੀ ਅਜਿਹੇ ਹੋਰ ਸੰਭਾਵੀ ਕਦਮਾਂ ਦੀ ਸੂਚੀ ਤਿਆਰ ਕਰਕੇ ਸੰਘੀ ਸਰਕਾਰ ਨਾਲ ਸਾਂਝੀ ਕਰੇਗੀ, ਜਿਨ੍ਹਾਂ ਰਾਹੀਂ ਅਮਰੀਕੀ ਰਾਸ਼ਟਰਪਤੀ ਡੋਨਾਲਡ ਟਰੰਪ ਦੇ ਪ੍ਰਸ਼ਾਸਨ ’ਤੇ ਦਬਾਅ ਬਣਾਇਆ ਜਾ ਸਕੇ।ਉਨ੍ਹਾਂ ਕਿਹਾ ਕਿ ਅਮਰੀਕਾ ਤੋਂ ਆਉਣ ਵਾਲੀਆਂ ਕੋਲੇ ਦੀਆਂ ਰੇਲਗੱਡੀਆਂ ਵੈਸਟਸ਼ੋਰ ਟਰਮੀਨਲ ਰਾਹੀਂ ਬ੍ਰਿਟਿਸ਼ ਕੋਲੰਬੀਆ ਤੋਂ ਏਸ਼ੀਆਈ ਬਾਜ਼ਾਰਾਂ ਤੱਕ ਕੋਲਾ ਲਿਜਾਂਦੀਆਂ ਹਨ। ਏਬੀ ਨੇ ਇਸ ਪ੍ਰਬੰਧ ਦੀ ਵੀ ਸਮੀਖਿਆ ਕਰਨ ਦੀ ਮੰਗ ਕੀਤੀ ਹੈ।
ਇਹ ਬਿਆਨ ਉਸ ਸਮੇਂ ਆਇਆ ਹੈ ਜਦੋਂ ਕੈਨੇਡਾ ਨੇ ਅਮਰੀਕਾ ਵੱਲੋਂ ਲਗਾਏ ਗਏ ਨਵੇਂ 50 ਫ਼ੀਸਦੀ ਟੈਰਿਫ਼ਾਂ ਦੇ ਜਵਾਬ ਵਿੱਚ ਲਗਭਗ 28 ਅਰਬ ਡਾਲਰ ਦੇ ਅਮਰੀਕੀ ਸਮਾਨ ’ਤੇ ਜਵਾਬੀ ਟੈਰਿਫ਼ ਲਗਾਉਣ ਦਾ ਐਲਾਨ ਕੀਤਾ ਹੈ।ਕੈਨੇਡਾ ਵੱਲੋਂ ਕਰੀਬ 900 ਵੱਖ-ਵੱਖ ਵਸਤਾਂ ਨੂੰ ਨਵੇਂ ਜਵਾਬੀ ਟੈਰਿਫ਼ਾਂ ਦੇ ਘੇਰੇ ਵਿੱਚ ਲਿਆਂਦਾ ਗਿਆ ਹੈ। ਇਨ੍ਹਾਂ ਵਿੱਚੋਂ ਜ਼ਿਆਦਾਤਰ ਵਸਤਾਂ ’ਤੇ 25 ਜਾਂ 50 ਫ਼ੀਸਦੀ ਡਿਊਟੀ ਲੱਗੇਗੀ, ਜਦਕਿ ਕੁਝ ਵਸਤਾਂ ’ਤੇ 15 ਫ਼ੀਸਦੀ ਟੈਰਿਫ਼ ਹੋਵੇਗਾ। ਇਹ ਟੈਰਿਫ਼ 8 ਸਤੰਬਰ ਤੋਂ ਲਾਗੂ ਹੋਣਗੇ।ਏਬੀ ਨੇ ਕਿਹਾ ਕਿ ਸੰਘੀ ਸਰਕਾਰ ਵੱਲੋਂ ਅਮਰੀਕੀ ਟੈਰਿਫ਼ਾਂ ਨਾਲ ਪ੍ਰਭਾਵਿਤ ਕਾਮਿਆਂ ਲਈ ਕੀਤੇ ਜਾ ਰਹੇ ਸਹਾਇਤਾ ਉਪਾਅ ਇੱਕ ਚੰਗੀ ਸ਼ੁਰੂਆਤ ਹਨ, ਪਰ ਕੈਨੇਡਾ ਦੀ ਜਵਾਬੀ ਰਣਨੀਤੀ ਵਿੱਚ ਹੋਰ ਕਦਮ ਵੀ ਸ਼ਾਮਲ ਹੋਣੇ ਚਾਹੀਦੇ ਹਨ।
















