29 ਅਗਸਤ ਤੋਂ 7 ਸਤੰਬਰ ਤੱਕ ਖੇਡਿਆ ਜਾਵੇਗਾ ਏਸ਼ੀਆ ਕੱਪ
ਮੁੰਬਈ-ਏਸ਼ੀਆ ਕੱਪ ਹਾਕੀ ਟੂਰਨਾਮੈਂਟ ਲਈ 18 ਮੈਂਬਰੀ ਭਾਰਤੀ ਟੀਮ ਦਾ ਐਲਾਨ ਕਰ ਦਿਤਾ ਗਿਆ ਹੈ। ਬੁਧਵਾਰ ਨੂੰ ਐਲਾਨੀ ਗਈ ਟੀਮ ਵਿਚ ਫਾਰਵਰਡ ਸ਼ਿਲਾਨੰਦ ਲਾਕੜਾ ਅਤੇ ਦਿਲਪ੍ਰੀਤ ਸਿੰਘ ਨੇ ਅਪਣਾ ਸਥਾਨ ਬਰਕਰਾਰ ਰੱਖਿਆ ਹੈ। ਇਹ ਟੂਰਨਾਮੈਂਟ 29 ਅਗਸਤ ਤੋਂ 7 ਸਤੰਬਰ ਤਕ ਖੇਡਿਆ ਜਾਵੇਗਾ। ਜੇਤੂ ਟੀਮ ਅਗਲੇ ਸਾਲ ਹੋਣ ਵਾਲੇ 698 ਵਿਸ਼ਵ ਕੱਪ ਲਈ ਕੁਆਲੀਫ਼ਾਈ ਕਰੇਗੀ। ਇਹ ਵਿਸ਼ਵ ਕੱਪ 14 ਅਗੱਸਤ, 2025 ਤੋਂ ਨੀਦਰਲੈਂਡ ਅਤੇ ਬੈਲਜੀਅਮ ਵਿਚ ਹੋਣਾ ਹੈ। ਏਸ਼ੀਆ ਕੱਪ ਹਾਕੀ ਟੂਰਨਾਮੈਂਟ ਬਿਹਾਰ ਦੇ ਰਾਜਗੀਰ ਵਿਚ ਹੋਣਾ ਹੈ। ਦੱਸ ਦਈਏ ਕਿ ਡਰੈਗ ਫਲਿੱਕਰ ਹਰਮਨਪ੍ਰੀਤ ਸਿੰਘ ਏਸ਼ੀਆ ਕੱਪ ਲਈ ਐਲਾਨੀ ਗਈ ਭਾਰਤੀ ਟੀਮ ਦਾ ਕਪਤਾਨ ਹੋਵੇਗਾ।
ਰਾਜਿੰਦਰ ਸਿੰਘ, ਲਾਕੜਾ ਅਤੇ ਦਿਲਪ੍ਰੀਤ ਆਸਟਰੇਲੀਆ ਦੌਰੇ ’ਤੇ ਭਾਰਤੀ ਟੀਮ ਦਾ ਹਿੱਸਾ ਹਨ। ਰਾਜਿੰਦਰ ਨੂੰ ਸ਼ਮਸ਼ੇਰ ਸਿੰਘ ਦੀ ਜਗ੍ਹਾ ਚੁਣਿਆ ਗਿਆ ਸੀ ਜਦੋਂ ਕਿ ਲਾਕੜਾ ਨੇ ਲਲਿਤ ਉਪਾਧਿਆਏ ਦੀ ਜਗ੍ਹਾ ਲਈ ਸੀ, ਜੋ ਹਾਲ ਹੀ ਵਿਚ ਅੰਤਰਰਾਸ਼ਟਰੀ ਹਾਕੀ ਤੋਂ ਸੰਨਿਆਸ ਲੈ ਚੁੱਕਾ ਹੈ। ਦਿਲਪ੍ਰੀਤ ਨੂੰ ਗੁਰਜੰਟ ਸਿੰਘ ਨਾਲੋਂ ਤਰਜੀਹ ਦਿਤੀ ਗਈ। ਸਟਰਾਈਕਰ ਲਲਿਤ ਉਪਾਧਿਆਏ ਨੇ ਜੂਨ ਵਿਚ 698 ਪ੍ਰੋ ਲੀਗ ਦੇ ਯੂਰਪੀਅਨ ਪੜਾਅ ਤੋਂ ਬਾਅਦ ਅੰਤਰਰਾਸ਼ਟਰੀ ਹਾਕੀ ਤੋਂ ਸੰਨਿਆਸ ਲੈ ਲਿਆ ਸੀ। ਗੋਲਕੀਪਿੰਗ ਦੀ ਜ਼ਿੰਮੇਵਾਰੀ ਕ੍ਰਿਸ਼ਨ ਬੀ ਪਾਠਕ ਅਤੇ ਸੂਰਜ ਕਰਨਕੇਰਾ ’ਤੇ ਹੋਵੇਗੀ। ਡਿਫੈਂਸ ਵਿੱਚ ਹਰਮਨਪ੍ਰੀਤ ਅਤੇ ਅਮਿਤ ਰੋਹਿਦਾਸ ਦੇ ਨਾਲ-ਨਾਲ ਜਰਮਨਪ੍ਰੀਤ ਸਿੰਘ, ਸੁਮਿਤ, ਸੰਜੇ ਅਤੇ ਜੁਗਰਾਜ ਸਿੰਘ ਹਨ। ਮਨਪ੍ਰੀਤ ਸਿੰਘ, ਵਿਵੇਕ ਸਾਗਰ ਪ੍ਰਸਾਦ, ਰਾਜਿੰਦਰ, ਰਾਜ ਕੁਮਾਰ ਪਾਲ ਅਤੇ ਹਾਰਦਿਕ ਸਿੰਘ ਮਿਡਫੀਲਡ ਵਿਚ ਹੋਣਗੇ। ਮਨਦੀਪ ਸਿੰਘ, ਅਭਿਸ਼ੇਕ, ਸੁਖਜੀਤ ਸਿੰਘ, ਲਾਕੜਾ ਅਤੇ ਦਿਲਪ੍ਰੀਤ ਫਾਰਵਰਡ ਲਾਈਨ ਵਿਚ ਜ਼ਿੰਮੇਵਾਰੀ ਸੰਭਾਲਣਗੇ। ਨੀਲਮ ਸੰਜੀਪ ਸੇਸ ਅਤੇ ਸੇਲਵਮ ਕਾਰਥੀ ਨੂੰ ਰਿਜ਼ਰਵ ਵਿਚ ਰੱਖਿਆ ਗਿਆ ਹੈ। ਦੱਸ ਦਈਏ ਭਾਰਤੀ ਟੀਮ ਅਪਣਾ ਪਹਿਲਾ ਮੈਚ 29 ਅਗੱਸਤ ਨੂੰ ਚੀਨ ਵਿਰੁਧ ਖੇਡੇਗੀ। ਇਸ ਤੋਂ ਬਾਅਦ, ਇਹ 31 ਅਗੱਸਤ ਨੂੰ ਜਾਪਾਨ ਅਤੇ 1 ਸਤੰਬਰ ਨੂੰ ਕਜ਼ਾਕਿਸਤਾਨ ਵਿਰੁਧ ਖੇਡੇਗੀ। ਟੀਮ ਦੀ ਚੋਣ ਬਾਰੇ ਮੁੱਖ ਕੋਚ ਕ੍ਰੇਗ ਫੁਲਟਨ ਨੇ ਕਿਹਾ, “ਅਸੀਂ ਇਕ ਤਜਰਬੇਕਾਰ ਟੀਮ ਦੀ ਚੋਣ ਕੀਤੀ ਹੈ। ਵਿਸ਼ਵ ਕੱਪ ਕੁਆਲੀਫ਼ਾਈ ਦੇ ਮੱਦੇਨਜ਼ਰ ਏਸ਼ੀਆ ਕੱਪ ਸਾਡੇ ਲਈ ਮਹੱਤਵਪੂਰਨ ਹੈ, ਇਸ ਲਈ ਸਾਨੂੰ ਅਜਿਹੇ ਖਿਡਾਰੀਆਂ ਦੀ ਲੋੜ ਹੈ ਜੋ ਦਬਾਅ ਵਿਚ ਵਧੀਆ ਖੇਡ ਸਕਣ।”
















