ਹੈਰੀਟੇਜ ਡੇਅ ’ਤੇ ਅਲਬਰਟਾ ਦੀਆਂ ਵੱਖ-ਵੱਖ ਸੱਭਿਆਚਾਰਕ ਵਿਰਾਸਤਾਂ ਨੂੰ ਯਾਦ ਕਰਨ ਦੀ ਅਪੀਲ
ਅਲਬਰਟਾ-ਹੈਰੀਟੇਜ ਡੇਅ ਮੌਕੇ ਅਲਬਰਟਾ ਦੀ ਆਰਟਸ, ਕਲਚਰ ਐਂਡ ਸਟੇਟਸ ਆਫ ਵੂਮੈਨ ਮੰਤਰੀ ਤਾਨਿਆ ਫ਼ਿਰ ਨੇ ਸੂਬੇ ਵਾਸੀਆਂ ਨੂੰ ਵੱਖ-ਵੱਖ ਸੱਭਿਆਚਾਰਾਂ, ਰਵਾਇਤਾਂ ਅਤੇ ਵਿਰਾਸਤਾਂ ਦਾ ਜਸ਼ਨ ਮਨਾਉਣ ਦੀ ਅਪੀਲ ਕੀਤੀ ਹੈ। ਉਨ੍ਹਾਂ ਕਿਹਾ ਕਿ ਇਨ੍ਹਾਂ ਸੱਭਿਆਚਾਰਕ ਰਵਾਇਤਾਂ ਨੇ ਅਲਬਰਟਾ ਨੂੰ ਅੱਜ ਦੇ ਵਿਲੱਖਣ ਸੂਬੇ ਵਜੋਂ ਵਿਕਸਤ ਕਰਨ ਵਿੱਚ ਅਹਿਮ ਯੋਗਦਾਨ ਪਾਇਆ ਹੈ।
ਮੰਤਰੀ ਨੇ ਕਿਹਾ ਕਿ ਹੈਰੀਟੇਜ ਡੇਅ ਉਨ੍ਹਾਂ ਵਿਅਕਤੀਆਂ, ਪਰਿਵਾਰਾਂ ਅਤੇ ਭਾਈਚਾਰਿਆਂ ਨੂੰ ਸਨਮਾਨ ਦੇਣ ਦਾ ਵੀ ਮੌਕਾ ਹੈ, ਜੋ ਆਪਣੀ ਮਿਹਨਤ ਅਤੇ ਸਮਰਪਣ ਨਾਲ ਪੁਰਾਣੀਆਂ ਰਵਾਇਤਾਂ ਤੇ ਸੱਭਿਆਚਾਰਕ ਵਿਰਾਸਤ ਨੂੰ ਅਗਲੀਆਂ ਪੀੜ੍ਹੀਆਂ ਤੱਕ ਪਹੁੰਚਾ ਰਹੇ ਹਨ।ਉਨ੍ਹਾਂ ਦੱਸਿਆ ਕਿ ਪਿਛਲੇ 50 ਸਾਲਾਂ ਤੋਂ ਵੱਧ ਸਮੇਂ ਤੋਂ ਇਹ ਦਿਹਾੜਾ ਭਾਈਚਾਰਕ ਸਮਾਗਮਾਂ, ਸੱਭਿਆਚਾਰਕ ਪ੍ਰੋਗਰਾਮਾਂ ਅਤੇ ਸਥਾਨਕ ਇਕੱਠਾਂ ਰਾਹੀਂ ਮਨਾਇਆ ਜਾ ਰਿਹਾ ਹੈ। ਮੰਤਰੀ ਨੇ ਇਨ੍ਹਾਂ ਸਮਾਗਮਾਂ ਨੂੰ ਸਫਲ ਬਣਾਉਣ ਵਾਲੇ ਵਲੰਟੀਅਰਾਂ, ਪ੍ਰਬੰਧਕਾਂ ਅਤੇ ਭਾਈਚਾਰਕ ਆਗੂਆਂ ਦਾ ਧੰਨਵਾਦ ਕੀਤਾ।
ਤਾਨਿਆ ਫ਼ਿਰ ਨੇ ਕਿਹਾ ਕਿ ਅਲਬਰਟਾ ਦੀ ਤਰੱਕੀ ਵਿੱਚ ਯੋਗਦਾਨ ਪਾਉਣ ਵਾਲੀਆਂ ਵੱਖ-ਵੱਖ ਕਮਿਊਨਿਟੀਆਂ ਅਤੇ ਰਵਾਇਤਾਂ ਨੂੰ ਯਾਦ ਕਰਨ ਦੇ ਨਾਲ ਉਨ੍ਹਾਂ ਕਦਰਾਂ-ਕੀਮਤਾਂ ’ਤੇ ਵੀ ਵਿਚਾਰ ਕਰਨਾ ਚਾਹੀਦਾ ਹੈ, ਜੋ ਸਾਰਿਆਂ ਨੂੰ ਆਪਸ ਵਿੱਚ ਜੋੜਦੀਆਂ ਹਨ।ਉਨ੍ਹਾਂ ਅਲਬਰਟਾ ਵਾਸੀਆਂ ਨੂੰ ਹੈਰੀਟੇਜ ਡੇਅ ਮੌਕੇ ਆਪਣੇ ਭਾਈਚਾਰਿਆਂ ਵਿੱਚ ਹੋਣ ਵਾਲੇ ਸਮਾਗਮਾਂ ਵਿੱਚ ਸ਼ਾਮਲ ਹੋਣ, ਪੁਰਾਣੀਆਂ ਪੀੜ੍ਹੀਆਂ ਦੀਆਂ ਕਹਾਣੀਆਂ ਜਾਣਨ ਅਤੇ ਇਨ੍ਹਾਂ ਵਿਰਾਸਤੀ ਕਹਾਣੀਆਂ ਨੂੰ ਜਿਊਂਦਾ ਰੱਖਣ ਵਾਲੇ ਲੋਕਾਂ ਦਾ ਧੰਨਵਾਦ ਕਰਨ ਦੀ ਅਪੀਲ ਕੀਤੀ।ਮੰਤਰੀ ਨੇ ਅਲਬਰਟਾ ਵਾਸੀਆਂ ਨੂੰ ਹੈਰੀਟੇਜ ਡੇਅ ਦੀਆਂ ਸ਼ੁਭਕਾਮਨਾਵਾਂ ਦਿੱਤੀਆਂ।
















