ਹਿਮਾਚਲ ਵਿਧਾਨ ਸਭਾ ’ਚ ‘ਵੰਦੇ ਮਾਤਰਮ’ ਨੂੰ ਲੈ ਕੇ ਵਿਵਾਦ, ਭਾਜਪਾ ਵੱਲੋਂ ਵਾਕਆਊਟ
ਸ਼ਿਮਲਾ-ਹਿਮਾਚਲ ਪ੍ਰਦੇਸ਼ ਵਿਧਾਨ ਸਭਾ ਦੇ ਮਾਨਸੂਨ ਸੈਸ਼ਨ ਦੌਰਾਨ ਰਾਸ਼ਟਰੀ ਗਾਨ ‘ਜਨ ਗਣ ਮਨ’ ਅਤੇ ਰਾਸ਼ਟਰੀ ਗੀਤ ‘ਵੰਦੇ ਮਾਤਰਮ’ ਨੂੰ ਲੈ ਕੇ ਸੱਤਾਧਾਰੀ ਕਾਂਗਰਸ ਅਤੇ ਵਿਰੋਧੀ ਭਾਜਪਾ ਵਿਚਕਾਰ ਤਕਰਾਰ ਜਾਰੀ ਰਹੀ। ਸੋਮਵਾਰ ਨੂੰ ਭਾਜਪਾ ਵਿਧਾਇਕਾਂ ਨੇ ਮੁੜ ਸਦਨ ਵਿੱਚ ਹੰਗਾਮਾ ਕੀਤਾ ਅਤੇ ਬਾਅਦ ਵਿੱਚ ਵਾਕਆਊਟ ਕਰ ਦਿੱਤਾ। ਵਿਧਾਨ ਸਭਾ ਦੇ ਸਪੀਕਰ ਕੁਲਦੀਪ ਸਿੰਘ ਪਠਾਨੀਆ ਨੇ ਸਪੱਸ਼ਟ ਕੀਤਾ ਕਿ ਸਦਨ ਦੀ ਕਾਰਵਾਈ ਦੀ ਸ਼ੁਰੂਆਤ ਰਾਸ਼ਟਰੀ ਗਾਨ ‘ਜਨ ਗਣ ਮਨ’ ਨਾਲ ਹੀ ਹੋਵੇਗੀ, ਜਦਕਿ ਸੈਸ਼ਨ ਦੀ ਸਮਾਪਤੀ ‘ਵੰਦੇ ਮਾਤਰਮ’ ਨਾਲ ਕੀਤੀ ਜਾਵੇਗੀ। ਉਨ੍ਹਾਂ ਕਿਹਾ ਕਿ ਸੈਸ਼ਨ ਦੇ ਆਖਰੀ ਦਿਨ ‘ਵੰਦੇ ਮਾਤਰਮ’ ਦੇ ਸਾਰੇ ਛੇ ਅੰਤਰੇ ਪੂਰੇ ਰੂਪ ਵਿੱਚ ਪੇਸ਼ ਕੀਤੇ ਜਾਣਗੇ।
ਵਿਰੋਧੀ ਧਿਰ ਦੇ ਨੇਤਾ ਜੈ ਰਾਮ ਠਾਕੁਰ ਨੇ ਮੰਗ ਕੀਤੀ ਕਿ ਸੈਸ਼ਨ ਦੇ ਪਹਿਲੇ ਦਿਨ ਰਾਸ਼ਟਰੀ ਗਾਨ ਗਾਏ ਜਾਣ ਦੀ ਵੀਡੀਓ ਵਿਰੋਧੀ ਧਿਰ ਨੂੰ ਮੁਹੱਈਆ ਕਰਵਾਈ ਜਾਵੇ। ਉਨ੍ਹਾਂ ਕਿਹਾ ਕਿ ਰਾਸ਼ਟਰੀ ਗਾਨ ਦੇ ਕਥਿਤ ਅਪਮਾਨ ਸਬੰਧੀ ਲਗਾਏ ਜਾ ਰਹੇ ਦੋਸ਼ਾਂ ਦੀ ਸੱਚਾਈ ਸਾਹਮਣੇ ਆਉਣੀ ਚਾਹੀਦੀ ਹੈ। ਸਪੀਕਰ ਨੇ ਕਿਹਾ ਕਿ ਵੀਡੀਓ ਸਬੰਧੀ ਬੇਨਤੀ ’ਤੇ ਵਿਚਾਰ ਕੀਤਾ ਜਾ ਰਿਹਾ ਹੈ।
ਇਸ ਤੋਂ ਬਾਅਦ ਜਦੋਂ ਸਪੀਕਰ ਨੇ ਪ੍ਰਸ਼ਨ ਕਾਲ ਸ਼ੁਰੂ ਕਰਨ ਦੇ ਹੁਕਮ ਦਿੱਤੇ ਤਾਂ ਭਾਜਪਾ ਵਿਧਾਇਕਾਂ ਨੇ ਵਾਕਆਊਟ ਕਰ ਦਿੱਤਾ। ਇਹ ਵਿਵਾਦ ਮਾਨਸੂਨ ਸੈਸ਼ਨ ਦੇ ਸ਼ੁਰੂ ਹੋਣ ਤੋਂ ਹੀ ਚੱਲ ਰਿਹਾ ਹੈ। ਦੱਸਣਯੋਗ ਹੈ ਕਿ ਸੈਸ਼ਨ ਦੇ ਪਹਿਲੇ ਦਿਨ ਵੀ ‘ਵੰਦੇ ਮਾਤਰਮ’ ਨੂੰ ਸੈਸ਼ਨ ਦੀ ਸ਼ੁਰੂਆਤ ਵਿੱਚ ਗਾਏ ਜਾਣ ਦੀ ਮੰਗ ਨੂੰ ਲੈ ਕੇ ਹੰਗਾਮਾ ਹੋਇਆ ਸੀ। ਸਪੀਕਰ ਨੇ ਉਸ ਸਮੇਂ ਵੀ ਕਿਹਾ ਸੀ ਕਿ ਵਿਧਾਨ ਸਭਾ ਦੀ ਪ੍ਰਥਾ ਅਨੁਸਾਰ ਸੈਸ਼ਨ ਦੀ ਸ਼ੁਰੂਆਤ ਰਾਸ਼ਟਰੀ ਗਾਨ ਨਾਲ ਅਤੇ ਸਮਾਪਤੀ ਰਾਸ਼ਟਰੀ ਗੀਤ ਨਾਲ ਹੁੰਦੀ ਹੈ।
ਭਾਜਪਾ ਵੱਲੋਂ ਦੋਸ਼ ਲਗਾਇਆ ਗਿਆ ਕਿ ‘ਵੰਦੇ ਮਾਤਰਮ’ ਨੂੰ ਬਣਦਾ ਸਨਮਾਨ ਨਹੀਂ ਦਿੱਤਾ ਜਾ ਰਿਹਾ, ਜਦਕਿ ਸੱਤਾਧਾਰੀ ਕਾਂਗਰਸ ਦਾ ਕਹਿਣਾ ਹੈ ਕਿ ਰਾਸ਼ਟਰੀ ਗਾਨ ਅਤੇ ਰਾਸ਼ਟਰੀ ਗੀਤ ਦੋਵਾਂ ਦਾ ਪੂਰਾ ਸਨਮਾਨ ਕੀਤਾ ਜਾ ਰਿਹਾ ਹੈ ਅਤੇ ਵਿਰੋਧੀ ਧਿਰ ਇਸ ਮੁੱਦੇ ਨੂੰ ਸਿਆਸੀ ਰੰਗ ਦੇ ਰਹੀ ਹੈ। ਇਸ ਤਰ੍ਹਾਂ ‘ਵੰਦੇ ਮਾਤਰਮ’ ਨੂੰ ਲੈ ਕੇ ਕਾਂਗਰਸ-ਭਾਜਪਾ ਵਿਚਕਾਰ ਟਕਰਾਅ ਨੇ ਹਿਮਾਚਲ ਵਿਧਾਨ ਸਭਾ ਦੀ ਕਾਰਵਾਈ ਨੂੰ ਪ੍ਰਭਾਵਿਤ ਕੀਤਾ ਹੈ, ਜਦਕਿ ਸਪੀਕਰ ਨੇ ਆਪਣੇ ਫੈਸਲੇ ’ਤੇ ਕਾਇਮ ਰਹਿੰਦਿਆਂ ਸੈਸ਼ਨ ਦੀ ਸ਼ੁਰੂਆਤ ਅਤੇ ਸਮਾਪਤੀ ਦੀ ਪੁਰਾਣੀ ਪ੍ਰਥਾ ਨੂੰ ਜਾਰੀ ਰੱਖਣ ਦੀ ਗੱਲ ਕਹੀ ਹੈ।
















