ਸਾਬਕਾ ਫ਼ੌਜ ਮੁਖੀ ਜਨਰਲ ਵਿਸ਼ਵਨਾਥ ਸ਼ਰਮਾ ਦਾ 96 ਸਾਲ ਦੀ ਉਮਰ ਵਿੱਚ ਦੇਹਾਂਤ
ਨਵੀਂ ਦਿੱਲੀ-ਭਾਰਤੀ ਫ਼ੌਜ ਦੇ ਸਾਬਕਾ ਮੁਖੀ ਜਨਰਲ ਵਿਸ਼ਵਨਾਥ (ਵੀ.ਐਨ.) ਸ਼ਰਮਾ ਦਾ ਸ਼ੁੱਕਰਵਾਰ ਨੂੰ ਨਵੀਂ ਦਿੱਲੀ ਵਿੱਚ 96 ਸਾਲ ਦੀ ਉਮਰ ਵਿੱਚ ਦੇਹਾਂਤ ਹੋ ਗਿਆ। ਉਹ ਜੂਨ 1988 ਤੋਂ ਜੂਨ 1990 ਤੱਕ ਭਾਰਤੀ ਫ਼ੌਜ ਦੇ 15ਵੇਂ ਫ਼ੌਜ ਮੁਖੀ (Chief of Army Staff) ਰਹੇ। ਫ਼ੌਜੀ ਹਲਕਿਆਂ ਵਿੱਚ ਉਹ ‘ਟਿਚ ਸ਼ਰਮਾ’ ਦੇ ਨਾਂ ਨਾਲ ਵੀ ਜਾਣੇ ਜਾਂਦੇ ਸਨ।ਜਨਰਲ ਸ਼ਰਮਾ ਦਾ ਅੰਤਿਮ ਸੰਸਕਾਰ ਸ਼ਨੀਵਾਰ ਸਵੇਰੇ ਦਿੱਲੀ ਕੈਂਟ ਦੇ ਬਰਾਰ ਸਕੁਏਅਰ ਸ਼ਮਸ਼ਾਨਘਾਟ ਵਿੱਚ ਪੂਰੇ ਸੈਨਿਕ ਸਨਮਾਨ ਨਾਲ ਕੀਤਾ ਗਿਆ।
ਜਨਰਲ ਵੀ.ਐਨ. ਸ਼ਰਮਾ ਨੂੰ 1987-88 ਦੇ ਵਾਂਗਡੁੰਗ (ਸੁਮਦੋਰੋਂਗ ਚੂ) ਭਾਰਤ-ਚੀਨ ਟਕਰਾਅ ਦੌਰਾਨ ਉਨ੍ਹਾਂ ਦੇ ਦ੍ਰਿੜ੍ਹ ਰੁਖ ਲਈ ਯਾਦ ਕੀਤਾ ਜਾਂਦਾ ਹੈ। ਉਸ ਸਮੇਂ ਉਹ ਪੂਰਬੀ ਕਮਾਂਡ ਦੇ ਮੁਖੀ ਸਨ। ਚੀਨੀ ਫ਼ੌਜ ਦੇ ਦਬਾਅ ਦੇ ਬਾਵਜੂਦ ਉਨ੍ਹਾਂ ਨੇ ਭਾਰਤੀ ਫ਼ੌਜ ਨੂੰ ਪਿੱਛੇ ਹਟਾਉਣ ਤੋਂ ਇਨਕਾਰ ਕਰ ਦਿੱਤਾ ਸੀ।ਉਨ੍ਹਾਂ ਦਾ ਮੰਨਣਾ ਸੀ ਕਿ ਜੇ ਭਾਰਤੀ ਫ਼ੌਜ ਪਿੱਛੇ ਹਟਦੀ ਤਾਂ ਰਣਨੀਤਕ ਤੌਰ 'ਤੇ ਅਹਿਮ ਪਹਾੜੀ ਇਲਾਕੇ ਚੀਨ ਦੇ ਕਬਜ਼ੇ ਵਿੱਚ ਚਲੇ ਜਾਂਦੇ। ਉਨ੍ਹਾਂ ਦੇ ਇਸ ਫ਼ੈਸਲੇ ਨੇ ਭਾਰਤ ਦਾ ਪੱਖ ਮਜ਼ਬੂਤ ਕੀਤਾ ਅਤੇ ਬਾਅਦ ਵਿੱਚ ਦੋਵੇਂ ਦੇਸ਼ਾਂ ਵਿਚਕਾਰ ਆਪਸੀ ਸਹਿਮਤੀ ਨਾਲ ਤਣਾਅ ਘੱਟ ਹੋ ਗਿਆ।ਫ਼ੌਜ ਮੁਖੀ ਵਜੋਂ ਜਨਰਲ ਸ਼ਰਮਾ ਨੇ ਇੰਡੀਅਨ ਪੀਸ ਕੀਪਿੰਗ ਫੋਰਸ (IPKF) ਦੀ ਸ੍ਰੀਲੰਕਾ ਤੋਂ ਸੁਚੱਜੀ ਅਤੇ ਸੁਰੱਖਿਅਤ ਵਾਪਸੀ ਦੀ ਅਗਵਾਈ ਕੀਤੀ। ਉਨ੍ਹਾਂ ਨੇ ਉਸ ਸਮੇਂ ਸ੍ਰੀਲੰਕਾ ਦੀ ਸਥਿਤੀ ਨੂੰ ਧਿਆਨ ਵਿੱਚ ਰੱਖਦਿਆਂ ਭਾਰਤੀ ਫ਼ੌਜ ਦੀ ਰਣਨੀਤੀ ਨੂੰ ਪ੍ਰਭਾਵਸ਼ਾਲੀ ਢੰਗ ਨਾਲ ਲਾਗੂ ਕੀਤਾ।
1984 ਵਿੱਚ ਮਿਲਟਰੀ ਆਪ੍ਰੇਸ਼ਨ ਡਾਇਰੈਕਟੋਰੇਟ ਵਿੱਚ ਐਡੀਸ਼ਨਲ ਡਾਇਰੈਕਟਰ ਜਨਰਲ ਮਿਲਟਰੀ ਆਪ੍ਰੇਸ਼ਨਜ਼ (ADGMO) ਵਜੋਂ ਸੇਵਾ ਨਿਭਾਉਂਦੇ ਹੋਏ ਜਨਰਲ ਸ਼ਰਮਾ ਨੇ ਉਸ ਵੇਲੇ ਦੇ ਫ਼ੌਜ ਮੁਖੀ ਜਨਰਲ ਏ.ਐਸ. ਵੈਦਿਆ ਨੂੰ ਸਲਾਹ ਦਿੱਤੀ ਸੀ ਕਿ ਸ੍ਰੀ ਹਰਿਮੰਦਰ ਸਾਹਿਬ ਕੰਪਲੈਕਸ ਵਿੱਚ ਕਿਸੇ ਵੀ ਫ਼ੌਜੀ ਕਾਰਵਾਈ ਵਿੱਚ ਭਾਰਤੀ ਫ਼ੌਜ ਦੀ ਵਰਤੋਂ ਨਹੀਂ ਹੋਣੀ ਚਾਹੀਦੀ, ਕਿਉਂਕਿ ਇਹ ਇੱਕ ਰਾਜਨੀਤਿਕ ਮਾਮਲਾ ਸੀ।ਉਨ੍ਹਾਂ ਦਾ ਕਹਿਣਾ ਸੀ ਕਿ ਭਾਰਤੀ ਸੰਵਿਧਾਨ ਅਨੁਸਾਰ ਫ਼ੌਜ ਨੂੰ ਰਾਜਨੀਤਿਕ ਮਕਸਦਾਂ ਲਈ ਵਰਤਣਾ ਠੀਕ ਨਹੀਂ ਹੈ।ਜਨਰਲ ਵੀ.ਐਨ. ਸ਼ਰਮਾ ਭਾਰਤ ਦੇ ਪਹਿਲੇ ਪਰਮਵੀਰ ਚੱਕਰ ਸਨਮਾਨਿਤ ਮੇਜਰ ਸੋਮਨਾਥ ਸ਼ਰਮਾ ਦੇ ਸਭ ਤੋਂ ਛੋਟੇ ਭਰਾ ਸਨ। ਮੇਜਰ ਸੋਮਨਾਥ ਸ਼ਰਮਾ 1947 ਵਿੱਚ ਸ੍ਰੀਨਗਰ ਏਅਰਫ਼ੀਲਡ ਦੀ ਰੱਖਿਆ ਕਰਦੇ ਹੋਏ ਸ਼ਹੀਦ ਹੋਏ ਸਨ। ਜਨਰਲ ਸ਼ਰਮਾ ਅਕਸਰ ਕਹਿੰਦੇ ਸਨ ਕਿ ਉਨ੍ਹਾਂ ਦੇ ਵੱਡੇ ਭਰਾ ਨੇ ਬਚਪਨ ਤੋਂ ਹੀ ਪਰਿਵਾਰ ਵਿੱਚ ਫ਼ਰਜ਼, ਅਨੁਸ਼ਾਸਨ ਅਤੇ ਦੇਸ਼ਭਗਤੀ ਦੇ ਸੰਸਕਾਰ ਪੈਦਾ ਕੀਤੇ।
ਜਨਰਲ ਵੀ.ਐਨ. ਸ਼ਰਮਾ 16 ਲਾਈਟ ਕੈਵਲਰੀ ਨਾ ਜੁੜੇ ਰਹੇ ਅਤੇ 66 ਆਰਮਰਡ ਰੈਜੀਮੈਂਟ ਦੀ ਕਮਾਨ ਵੀ ਸੰਭਾਲੀ। ਉਨ੍ਹਾਂ ਦਾ ਪਰਿਵਾਰ ਮੂਲ ਰੂਪ ਵਿੱਚ ਹਿਮਾਚਲ ਪ੍ਰਦੇਸ਼ ਦੇ ਕਾਂਗੜਾ ਜ਼ਿਲ੍ਹੇ ਦੇ ਦਾਢ ਪਿੰਡ ਨਾਲ ਸਬੰਧਤ ਹੈ।ਭਾਰਤੀ ਸਸ਼ਸਤ੍ਰ ਬਲਾਂ ਵਿੱਚ ਜਨਰਲ ਵੀ.ਐਨ. ਸ਼ਰਮਾ ਨੂੰ ਇੱਕ ਦੂਰਅੰਦੇਸ਼, ਨਿਡਰ ਅਤੇ ਸਿਧਾਂਤਵਾਦੀ ਸੈਨਿਕ ਆਗੂ ਵਜੋਂ ਹਮੇਸ਼ਾ ਯਾਦ ਕੀਤਾ ਜਾਵੇਗਾ।
















