ਸਸਤਾ ਆਸਟ੍ਰੇਲੀਆਈ ਬੀਫ਼ ਕੈਨੇਡਾ ਵਿੱਚ ਵਧਾਏਗਾ ਮੁਕਾਬਲਾ, ਕੀਮਤਾਂ ਹੋ ਸਕਦੀਆਂ ਹਨ ਸਥਿਰ

ਸਸਤਾ ਆਸਟ੍ਰੇਲੀਆਈ ਬੀਫ਼ ਕੈਨੇਡਾ ਵਿੱਚ ਵਧਾਏਗਾ ਮੁਕਾਬਲਾ, ਕੀਮਤਾਂ ਹੋ ਸਕਦੀਆਂ ਹਨ ਸਥਿਰ

ਕੈਲਗਰੀ-ਕੈਨੇਡਾ ਵਿੱਚ ਬੀਫ਼ ਦੀਆਂ ਉੱਚੀਆਂ ਕੀਮਤਾਂ ਕਾਰਨ ਹੁਣ ਆਸਟ੍ਰੇਲੀਆ ਤੋਂ ਆਯਾਤ ਕੀਤਾ ਜਾ ਰਿਹਾ ਸਸਤਾ ਬੀਫ਼ ਬਾਜ਼ਾਰ ਵਿੱਚ ਆਪਣੀ ਥਾਂ ਬਣਾ ਰਿਹਾ ਹੈ। ਮਾਹਿਰਾਂ ਦਾ ਮੰਨਣਾ ਹੈ ਕਿ ਇਸ ਨਾਲ ਮੁਕਾਬਲਾ ਵਧੇਗਾ ਅਤੇ ਆਉਣ ਵਾਲੇ ਸਮੇਂ ਵਿੱਚ ਕੀਮਤਾਂ ਨੂੰ ਕੁਝ ਹੱਦ ਤੱਕ ਸਥਿਰ ਕਰਨ ਵਿੱਚ ਮਦਦ ਮਿਲ ਸਕਦੀ ਹੈ।

ਅਲਬਰਟਾ ਦੇ ਕਈ ਕਰਿਆਨਾ ਸਟੋਰਾਂ ਵਿੱਚ ਆਸਟ੍ਰੇਲੀਆਈ ਬੀਫ਼ ਸਥਾਨਕ ਬੀਫ਼ ਨਾਲੋਂ ਪ੍ਰਤੀ ਕਿਲੋਗ੍ਰਾਮ 40 ਡਾਲਰ ਤੱਕ ਸਸਤਾ ਵਿਕ ਰਿਹਾ ਹੈ। ਡਲਹੌਜ਼ੀ ਯੂਨੀਵਰਸਿਟੀ ਦੇ ਐਗਰੀ-ਫੂਡ ਐਨਾਲਿਟਿਕਸ ਲੈਬ ਦੇ ਡਾਇਰੈਕਟਰ ਸਿਲਵੇਨ ਸ਼ਾਰਲੇਬੋਆ ਨੇ ਕਿਹਾ ਕਿ ਸਪਲਾਈ ਚੇਨ ਦੀਆਂ ਸਥਿਤੀਆਂ ਇਸ ਵੇਲੇ ਆਸਟ੍ਰੇਲੀਆ ਅਤੇ ਨਿਊਜ਼ੀਲੈਂਡ ਦੇ ਹੱਕ ਵਿੱਚ ਹਨ।

ਉਨ੍ਹਾਂ ਦੱਸਿਆ ਕਿ ਜੁਲਾਈ ਮਹੀਨੇ ਦੌਰਾਨ ਹੀ ਗਰਾਊਂਡ ਬੀਫ਼ ਦੀਆਂ ਕੀਮਤਾਂ ਵਿੱਚ ਕਰੀਬ 18 ਫ਼ੀਸਦੀ ਵਾਧਾ ਹੋਇਆ ਹੈ। ਸਖ਼ਤ ਸਰਦੀਆਂ, ਪਸ਼ੂਆਂ ਦੀ ਘੱਟ ਗਿਣਤੀ ਅਤੇ ਉੱਚੀ ਉਤਪਾਦਨ ਲਾਗਤ ਕਾਰਨ ਕੈਨੇਡਾ ਵਿੱਚ ਬੀਫ਼ ਮਹਿੰਗਾ ਹੋ ਰਿਹਾ ਹੈ।ਅਲਬਰਟਾ ਬੀਫ਼ ਪ੍ਰੋਡਿਊਸਰਜ਼ ਦੀ ਵਿੱਤ ਚੇਅਰ ਬਰੈਂਡਾ ਰੋਸਾਡਿਊਕ ਨੇ ਕਿਹਾ ਕਿ ਪਸ਼ੂਆਂ ਦੀ ਗਿਣਤੀ ਵਿੱਚ ਸੁਧਾਰ ਦੇ ਸੰਕੇਤ ਮਿਲੇ ਹਨ, ਪਰ ਇਸ ਦਾ ਅਸਰ ਬਾਜ਼ਾਰ ਤੱਕ ਪਹੁੰਚਣ ਵਿੱਚ ਸਮਾਂ ਲੱਗੇਗਾ। ਉਨ੍ਹਾਂ ਕਿਹਾ ਕਿ ਮੌਜੂਦਾ ਸਮੇਂ ਵਿੱਚ ਘੱਟ ਸਪਲਾਈ ਅਤੇ ਵਿਸ਼ਵ ਪੱਧਰੀ ਮੰਗ ਕਾਰਨ ਕੀਮਤਾਂ ਉੱਚੀਆਂ ਹਨ।

ਇਸ ਦੌਰਾਨ ਲੌਬਲਾ ਨੇ ਕਿਹਾ ਕਿ ਉਹ ਗਾਹਕਾਂ ਨੂੰ ਵਾਜਬ ਕੀਮਤਾਂ 'ਤੇ ਮਾਸ ਮੁਹੱਈਆ ਕਰਵਾਉਣ ਲਈ ਕੈਨੇਡਾ ਦੇ ਨਾਲ-ਨਾਲ ਆਸਟ੍ਰੇਲੀਆ ਸਮੇਤ ਹੋਰ ਦੇਸ਼ਾਂ ਤੋਂ ਵੀ ਬੀਫ਼ ਖਰੀਦ ਰਿਹਾ ਹੈ। ਹਾਲਾਂਕਿ ਕਈ ਖਪਤਕਾਰ ਸਸਤੇ ਆਸਟ੍ਰੇਲੀਆਈ ਬੀਫ਼ ਨੂੰ ਤਰਜੀਹ ਦੇ ਰਹੇ ਹਨ, ਪਰ ਬਹੁਤ ਸਾਰੇ ਲੋਕ ਅਜੇ ਵੀ ਅਲਬਰਟਾ ਦੇ ਸਥਾਨਕ ਬੀਫ਼ ਦੀ ਗੁਣਵੱਤਾ 'ਤੇ ਭਰੋਸਾ ਜਤਾਉਂਦੇ ਹੋਏ ਉਸ ਦਾ ਸਮਰਥਨ ਕਰਨ ਦੇ ਹੱਕ ਵਿੱਚ ਹਨ।