ਅਲਬਰਟਾ ਦੇ ਵੋਟਰ ਡਾਟਾ ਲੀਕ ਮਾਮਲੇ ਦੀ ਜਾਂਚ ਸ਼ੁਰੂ

ਅਲਬਰਟਾ ਦੇ ਵੋਟਰ ਡਾਟਾ ਲੀਕ ਮਾਮਲੇ ਦੀ ਜਾਂਚ ਸ਼ੁਰੂ

ਕੈਲਗਰੀ-ਕੈਨੇਡਾ ਦੇ ਅਲਬਰਟਾ ਸੂਬੇ ਵਿੱਚ ਲੱਖਾਂ ਵੋਟਰਾਂ ਦੀ ਨਿੱਜੀ ਜਾਣਕਾਰੀ ਲੀਕ ਹੋਣ ਦੇ ਦੋਸ਼ਾਂ ਮਗਰੋਂ ਪ੍ਰਾਈਵੇਸੀ ਕਮਿਸ਼ਨਰ ਵੱਲੋਂ ਅਧਿਕਾਰਕ ਜਾਂਚ ਸ਼ੁਰੂ ਕਰ ਦਿੱਤੀ ਗਈ ਹੈ। ਦੋਸ਼ ਹੈ ਕਿ ਅਲੱਗਾਵਾਦੀ ਵਿਚਾਰਧਾਰਾ ਨਾਲ ਜੁੜੇ “ਸੈਂਚੂਰੀਅਨ ਪ੍ਰੋਜੈਕਟ” ਨਾਮਕ ਗਰੁੱਪ ਨੇ ਕਰੀਬ 30 ਲੱਖ ਅਲਬਰਟਾਵਾਸੀਆਂ ਦੀ ਨਿੱਜੀ ਜਾਣਕਾਰੀ ਇਕ ਆਨਲਾਈਨ ਡਾਟਾਬੇਸ ਰਾਹੀਂ ਜਨਤਕ ਤੌਰ ‘ਤੇ ਉਪਲਬਧ ਕਰਵਾ ਦਿੱਤੀ ਸੀ। ਅਲਬਰਟਾ ਦੀ ਪ੍ਰਾਈਵੇਸੀ ਕਮਿਸ਼ਨਰ ਡਾਇਅਨ ਮੈਕਲਿਓਡ ਦੇ ਦਫ਼ਤਰ ਨੇ ਕਿਹਾ ਕਿ ਜੇ ਇਹ ਦੋਸ਼ ਸਹੀ ਸਾਬਤ ਹੁੰਦੇ ਹਨ ਤਾਂ ਇਹ Personal Information Protection Act (PIPA) ਦੀ ਉਲੰਘਣਾ ਹੋਵੇਗੀ। ਕਮਿਸ਼ਨਰ ਦਫ਼ਤਰ ਵੱਲੋਂ ਬੁੱਧਵਾਰ ਨੂੰ ਸੈਂਚੂਰੀਅਨ ਪ੍ਰੋਜੈਕਟ ਨੂੰ ਜਾਂਚ ਬਾਰੇ ਸੂਚਿਤ ਕੀਤਾ ਗਿਆ।

ਸੈਂਚੂਰੀਅਨ ਪ੍ਰੋਜੈਕਟ ਦੇ ਸੰਸਥਾਪਕ ਡੇਵਿਡ ਪਾਰਕਰ ਨੇ ਕਿਸੇ ਵੀ ਗਲਤ ਕੰਮ ਤੋਂ ਇਨਕਾਰ ਕੀਤਾ ਹੈ। ਸ਼ੁਰੂਆਤੀ ਦਾਅਵੇ ਵਿੱਚ ਉਨ੍ਹਾਂ ਕਿਹਾ ਸੀ ਕਿ ਜਾਣਕਾਰੀ ਫੋਨ ਬੁੱਕ ਤੋਂ ਪ੍ਰਾਪਤ ਕੀਤੀ ਗਈ ਸੀ। ਹਾਲਾਂਕਿ ਅਦਾਲਤੀ ਹੁਕਮਾਂ ਮਗਰੋਂ ਇਹ ਡਾਟਾਬੇਸ ਪਿਛਲੇ ਹਫ਼ਤੇ ਬੰਦ ਕਰ ਦਿੱਤਾ ਗਿਆ ਸੀ।

ਇਸ ਮਾਮਲੇ ਵਿੱਚ Elections Alberta ਅਤੇ RCMP ਵੱਲੋਂ ਵੀ ਵੱਖ-ਵੱਖ ਜਾਂਚਾਂ ਕੀਤੀਆਂ ਜਾ ਰਹੀਆਂ ਹਨ। ਜਾਂਚ ਦੌਰਾਨ ਇਹ ਵੇਖਿਆ ਜਾਵੇਗਾ ਕਿ ਕੀ ਸੈਂਚੂਰੀਅਨ ਪ੍ਰੋਜੈਕਟ ਕੋਲ ਇਹ ਜਾਣਕਾਰੀ ਇਕੱਠੀ ਕਰਨ, ਵਰਤਣ ਜਾਂ ਜਾਰੀ ਕਰਨ ਦਾ ਕਾਨੂੰਨੀ ਅਧਿਕਾਰ ਸੀ ਜਾਂ ਨਹੀਂ।

Elections Alberta ਮੁਤਾਬਕ 568 ਲੋਕਾਂ ਨੇ ਇਸ ਵੋਟਰ ਸੂਚੀ ਤੱਕ ਪਹੁੰਚ ਕੀਤੀ ਸੀ, ਜਿਨ੍ਹਾਂ ਵਿੱਚੋਂ 23 ਲੋਕਾਂ ਨੂੰ ਪੂਰੀ ਸੂਚੀ ਦੀ ਕਾਪੀ ਦਿੱਤੀ ਗਈ ਸੀ, ਜਦਕਿ 545 ਲੋਕਾਂ ਨੇ ਆਨਲਾਈਨ ਡਾਟਾਬੇਸ ਰਾਹੀਂ ਜਾਣਕਾਰੀ ਵੇਖੀ।ਦੱਸਿਆ ਜਾ ਰਿਹਾ ਹੈ ਕਿ ਇਹ ਡਾਟਾ Republican Party of Alberta ਨੂੰ 2025 ਵਿੱਚ ਦਿੱਤੀ ਗਈ ਅਧਿਕਾਰਕ ਵੋਟਰ ਸੂਚੀ ਨਾਲ ਮੇਲ ਖਾਂਦਾ ਹੈ। ਕਾਨੂੰਨ ਅਨੁਸਾਰ ਵੋਟਰ ਸੂਚੀਆਂ ਸਿਰਫ਼ ਚੁਣੇ ਹੋਏ ਨੁਮਾਇੰਦਿਆਂ ਅਤੇ ਰਜਿਸਟਰਡ ਰਾਜਨੀਤਿਕ ਪਾਰਟੀਆਂ ਨੂੰ ਹੀ ਦਿੱਤੀਆਂ ਜਾਂਦੀਆਂ ਹਨ ਅਤੇ ਇਹ ਤੀਜੇ ਪੱਖ ਨਾਲ ਸਾਂਝੀਆਂ ਨਹੀਂ ਕੀਤੀਆਂ ਜਾ ਸਕਦੀਆਂ।

ਇਸ ਮਾਮਲੇ ਨੂੰ ਲੈ ਕੇ ਸੂਬੇ ਦੀ ਸੱਤਾਧਾਰੀ United Conservative Party (UCP) ਅਤੇ ਵਿਰੋਧੀ Alberta NDP ਵਿਚਕਾਰ ਤਿੱਖੀ ਸਿਆਸੀ ਟਕਰਾਰ ਵੀ ਸ਼ੁਰੂ ਹੋ ਗਈ ਹੈ। NDP ਆਗੂ ਨਹੀਦ ਨੈਨਸ਼ੀ ਨੇ ਦੋਸ਼ ਲਾਇਆ ਕਿ UCP ਦੇ ਇਕ ਸਟਾਫ ਮੈਂਬਰ ਨੇ ਉਸ ਵਰਚੁਅਲ ਮੀਟਿੰਗ ਵਿੱਚ ਹਾਜ਼ਰੀ ਭਰੀ ਸੀ ਜਿੱਥੇ ਇਹ ਡਾਟਾਬੇਸ ਦਿਖਾਇਆ ਗਿਆ ਸੀ।ਉੱਧਰ ਪ੍ਰੀਮੀਅਰ ਡੈਨੀਅਲ ਸਮਿਥ ਨੇ ਕਿਹਾ ਕਿ ਮੀਟਿੰਗ ਵਿੱਚ ਮੌਜੂਦ ਸਟਾਫ ਮੈਂਬਰ ਨੂੰ ਇਸ ਗੱਲ ਦੀ ਜਾਣਕਾਰੀ ਨਹੀਂ ਸੀ ਕਿ ਡਾਟਾ ਗੈਰਕਾਨੂੰਨੀ ਤਰੀਕੇ ਨਾਲ ਪ੍ਰਾਪਤ ਕੀਤਾ ਗਿਆ ਹੈ।

ਮਾਮਲੇ ਦੀ ਗੰਭੀਰਤਾ ਨੂੰ ਦੇਖਦਿਆਂ ਕਈ ਅਲਬਰਟਾ ਪ੍ਰੋਫੈਸਰਾਂ ਵੱਲੋਂ ਸਰਕਾਰ ਨੂੰ ਜਨਤਕ ਜਾਂਚ ਕਰਵਾਉਣ ਦੀ ਮੰਗ ਵੀ ਕੀਤੀ ਗਈ ਹੈ।