ਵਿਸਲ-ਬਲੋਅਰ ਪ੍ਰਣਾਲੀ ਖ਼ਤਰੇ ’ਚ, ਤੁਰੰਤ ਫੰਡਿੰਗ ਨਾ ਮਿਲੀ ਤਾਂ ਡਿੱਗ ਸਕਦੀ ਹੈ ਪ੍ਰਣਾਲੀ: ਇੰਟੀਗ੍ਰਿਟੀ ਵਾਚਡੌਗ

ਵਿਸਲ-ਬਲੋਅਰ ਪ੍ਰਣਾਲੀ ਖ਼ਤਰੇ ’ਚ, ਤੁਰੰਤ ਫੰਡਿੰਗ ਨਾ ਮਿਲੀ ਤਾਂ ਡਿੱਗ ਸਕਦੀ ਹੈ ਪ੍ਰਣਾਲੀ: ਇੰਟੀਗ੍ਰਿਟੀ ਵਾਚਡੌਗ

ਫੈਡਰਲ ਸਰਕਾਰ ਕੋਲ 6.7 ਮਿਲੀਅਨ ਡਾਲਰ ਤੁਰੰਤ ਤੇ 14.3 ਮਿਲੀਅਨ ਸਾਲਾਨਾ ਵਾਧੂ ਫੰਡ ਦੀ ਮੰਗ

ਓਟਵਾ-ਕੈਨੇਡਾ ਵਿੱਚ ਸਰਕਾਰੀ ਪ੍ਰਣਾਲੀ ਅੰਦਰ ਗਲਤ ਕੰਮਾਂ ਦਾ ਪਰਦਾਫ਼ਾਸ਼ ਕਰਨ ਵਾਲੀ “ਵਿਸਲ-ਬਲੋਅਰ ਪ੍ਰਣਾਲੀ” ਗੰਭੀਰ ਖ਼ਤਰੇ ਵਿੱਚ ਹੈ। ਇੰਟੀਗ੍ਰਿਟੀ ਵਾਚਡੌਗ ਨੇ ਫੈਡਰਲ ਸਰਕਾਰ ਕੋਲ ਤੁਰੰਤ ਵਾਧੂ ਫੰਡਿੰਗ ਦੀ ਮੰਗ ਕਰਦਿਆਂ ਚੇਤਾਵਨੀ ਦਿੱਤੀ ਹੈ ਕਿ ਜੇਕਰ ਸਰੋਤਾਂ ਵਿੱਚ ਵਾਧਾ ਨਾ ਕੀਤਾ ਗਿਆ ਤਾਂ ਇਹ ਪੂਰੀ ਪ੍ਰਣਾਲੀ ਡਿੱਗ ਸਕਦੀ ਹੈ।

ਪਬਲਿਕ ਸੈਕਟਰ ਇੰਟੀਗ੍ਰਿਟੀ ਕਮਿਸ਼ਨਰ ਹੈਰਿਏਟ ਸੋਲੋਵੇ ਨੇ ਟ੍ਰੇਜ਼ਰੀ ਬੋਰਡ ਦੇ ਪ੍ਰਧਾਨ ਸ਼ਫ਼ਕਤ ਅਲੀ ਨੂੰ ਭੇਜੇ ਪੱਤਰ ਵਿੱਚ ਇਕ ਵਾਰੀ ਲਈ 6.7 ਮਿਲੀਅਨ ਡਾਲਰ ਅਤੇ ਹਰ ਸਾਲ ਲਗਭਗ 14.3 ਮਿਲੀਅਨ ਡਾਲਰ ਵਾਧੂ ਫੰਡ ਮੁਹੱਈਆ ਕਰਵਾਉਣ ਦੀ ਮੰਗ ਕੀਤੀ ਹੈ। ਉਨ੍ਹਾਂ ਕਿਹਾ ਕਿ ਇਹ ਰਕਮ ਦਫ਼ਤਰ ਨੂੰ ਆਪਣੀਆਂ ਕਾਨੂੰਨੀ ਜ਼ਿੰਮੇਵਾਰੀਆਂ ਨਿਭਾਉਣ ਲਈ ਬਹੁਤ ਲਾਜ਼ਮੀ ਹੈ।

ਸੋਲੋਵੇ ਨੇ ਦੱਸਿਆ ਕਿ ਉਨ੍ਹਾਂ ਦਾ ਦਫ਼ਤਰ ਉਹਨਾਂ ਸਰਕਾਰੀ ਕਰਮਚਾਰੀਆਂ ਦੀਆਂ ਸ਼ਿਕਾਇਤਾਂ ਦੀ ਜਾਂਚ ਕਰਦਾ ਹੈ, ਜੋ ਗਲਤ ਕੰਮਾਂ ਦੇ ਖੁਲਾਸੇ ਕਰਨ ਜਾਂ ਸਬੂਤ ਪੇਸ਼ ਕਰਨ ਕਾਰਨ ਬਦਲਾ ਕਾਰਵਾਈ ਦਾ ਸਾਹਮਣਾ ਕਰ ਰਹੇ ਹੁੰਦੇ ਹਨ। ਉਨ੍ਹਾਂ ਅਨੁਸਾਰ, ਬੀਤੇ ਕੁਝ ਸਾਲਾਂ ਦੌਰਾਨ ਦੋਸ਼ਾਂ ਅਤੇ ਬਦਲੇ ਦੀਆਂ ਸ਼ਿਕਾਇਤਾਂ ਵਿੱਚ ਬੇਮਿਸਾਲ ਵਾਧਾ ਹੋਇਆ ਹੈ, ਪਰ ਉਸ ਅਨੁਪਾਤ ਵਿੱਚ ਸਰੋਤ ਨਹੀਂ ਵਧਾਏ ਗਏ।

ਅੰਕੜਿਆਂ ਮੁਤਾਬਕ 2025 ਦੌਰਾਨ ਦਫ਼ਤਰ ਨੂੰ ਕੁੱਲ 638 ਦਰਖ਼ਾਸਤਾਂ ਪ੍ਰਾਪਤ ਹੋਈਆਂ, ਜਦਕਿ 2024 ਵਿੱਚ ਇਹ ਗਿਣਤੀ 419, 2023 ਵਿੱਚ 313 ਅਤੇ 2022 ਵਿੱਚ 245 ਰਹੀ ਸੀ। ਹਾਲਾਂਕਿ 2025 ਵਿੱਚ ਸਿਰਫ਼ 17 ਜਾਂਚਾਂ ਹੀ ਪੂਰੀਆਂ ਕੀਤੀਆਂ ਜਾ ਸਕੀਆਂ, ਜੋ ਪਿਛਲੇ ਸਾਲਾਂ ਨਾਲੋਂ ਕਾਫ਼ੀ ਘੱਟ ਹਨ। ਵਧਦੀਆਂ ਫਾਈਲਾਂ ਕਾਰਨ ਦਫ਼ਤਰ ਵਿੱਚ ਵੱਡਾ ਬੈਕਲਾਗ ਤਿਆਰ ਹੋ ਗਿਆ ਹੈ, ਜਿਸ ਨਾਲ ਜਾਂਚ ਪ੍ਰਕਿਰਿਆ ਬਹੁਤ ਹੌਲੀ ਹੋ ਗਈ ਹੈ।

ਕਮਿਸ਼ਨਰ ਨੇ ਕਿਹਾ ਕਿ ਹੋਰ ਵਿਸ਼ਲੇਸ਼ਕਾਂ ਅਤੇ ਕਾਨੂੰਨੀ ਮਾਹਿਰਾਂ ਦੀ ਭਰਤੀ ਬਗੈਰ ਬੈਕਲਾਗ ਖਤਮ ਕਰਨਾ ਸੰਭਵ ਨਹੀਂ। ਉਨ੍ਹਾਂ ਚੇਤਾਇਆ ਕਿ ਮੌਜੂਦਾ ਹਾਲਾਤਾਂ ਵਿੱਚ ਕਈ ਗੰਭੀਰ ਮਾਮਲੇ ਸ਼ਾਇਦ ਕਦੇ ਸਾਹਮਣੇ ਹੀ ਨਾ ਆ ਸਕਣ। ਇਸ ਨਾਲ ਨਾ ਸਿਰਫ਼ ਸੰਘੀ ਸਰਕਾਰੀ ਪ੍ਰਣਾਲੀ ’ਤੇ ਲੋਕਾਂ ਦਾ ਭਰੋਸਾ ਡਿੱਗੇਗਾ, ਸਗੋਂ ਗਲਤ ਕੰਮਾਂ ਨੂੰ ਰੋਕਣ ਵਾਲੀ ਪੂਰੀ ਪ੍ਰਣਾਲੀ ਵੀ ਕਮਜ਼ੋਰ ਪੈ ਸਕਦੀ ਹੈ।