ਰਜਤ ਪਟੀਦਾਰ ਦੀ ਧਮਾਕੇਦਾਰ ਪਾਰੀ ਨੇ ਜਤਾਈ ਭਾਰਤੀ ਟੀਮ ਲਈ ਦਾਅਵੇਦਾਰੀ
ਨਵੀਂ ਦਿੱਲੀ-ਆਈਪੀਐਲ 2026 ਵਿੱਚ ਰਜਤ ਪਟੀਦਾਰ ਨੇ ਸ਼ਾਨਦਾਰ ਪ੍ਰਦਰਸ਼ਨ ਕਰਦਿਆਂ ਇਹ ਸਾਬਤ ਕਰ ਦਿੱਤਾ ਹੈ ਕਿ ਉਹ ਭਾਰਤ ਦੀ ਵਾਈਟ-ਬਾਲ ਟੀਮ ਲਈ ਮਜ਼ਬੂਤ ਦਾਅਵੇਦਾਰ ਹਨ। ਰੌਇਲ ਚੈਲੈਂਜਰਜ਼ ਬੈਂਗਲੁਰੂ ਵੱਲੋਂ ਖੇਡਦਿਆਂ ਉਨ੍ਹਾਂ ਨੇ ਚੇਨਈ ਸੁਪਰ ਕਿੰਗਜ਼ ਖਿਲਾਫ ਮੱਧ ਓਵਰਾਂ ਵਿੱਚ ਤਾਬੜਤੋੜ ਬੱਲੇਬਾਜ਼ੀ ਕੀਤੀ।
ਪਟੀਦਾਰ ਮੈਦਾਨ ਵਿੱਚ ਉਸ ਸਮੇਂ ਉਤਰੇ ਜਦੋਂ ਟੀਮ ਮੁਸ਼ਕਲ ਹਾਲਾਤ ਵਿੱਚ ਸੀ ਅਤੇ ਰਨ ਰੇਟ ਅਸਥਿਰ ਸੀ। ਉਨ੍ਹਾਂ ਨੇ ਸਿਰਫ 14 ਗੇਂਦਾਂ ‘ਚ 40 ਦੌੜਾਂ ਬਣਾਕੇ ਮੈਚ ਦਾ ਰੁਖ ਬਦਲ ਦਿੱਤਾ। ਉਨ੍ਹਾਂ ਦੀ ਇਸ ਪਾਰੀ ਦੌਰਾਨ ਸਟ੍ਰਾਈਕ ਰੇਟ 285 ਤੋਂ ਵੱਧ ਰਿਹਾ, ਜੋ ਕਿ ਮੱਧ ਓਵਰਾਂ ਵਿੱਚ ਕਾਫੀ ਪ੍ਰਭਾਵਸ਼ਾਲੀ ਮੰਨਿਆ ਜਾਂਦਾ ਹੈ। ਪਟੀਦਾਰ ਨੇ ਸਪਿਨਰਾਂ ਅਤੇ ਤੇਜ਼ ਗੇਂਦਬਾਜ਼ਾਂ ਦੋਵਾਂ ਖਿਲਾਫ ਖੁੱਲ੍ਹ ਕੇ ਸ਼ਾਟ ਖੇਡੇ। ਨੂਰ ਅਹਿਮਦ, ਖਲੀਲ ਅਹਿਮਦ ਅਤੇ ਮੈਟ ਹੈਨਰੀ ਵਰਗੇ ਗੇਂਦਬਾਜ਼ਾਂ ਨੂੰ ਉਨ੍ਹਾਂ ਨੇ ਲਗਾਤਾਰ ਬਾਊਂਡਰੀਆਂ ਅਤੇ ਛੱਕਿਆਂ ਨਾਲ ਦਬਾਅ ਵਿੱਚ ਰੱਖਿਆ। ਉਨ੍ਹਾਂ ਦੀ ਆਕਰਮਕ ਬੱਲੇਬਾਜ਼ੀ ਨੇ ਟੀਮ ਨੂੰ ਮਜ਼ਬੂਤ ਸਕੋਰ ਤੱਕ ਪਹੁੰਚਾਉਣ ਵਿੱਚ ਅਹਿਮ ਭੂਮਿਕਾ ਨਿਭਾਈ। ਉਨ੍ਹਾਂ ਦੇ ਇਸ ਯੋਗਦਾਨ ਨਾਲ ਟੀਮ ਦੇ ਹੋਰ ਖਿਡਾਰੀ, ਖਾਸ ਕਰਕੇ ਟਿਮ ਡੇਵਿਡ ਅਤੇ ਦੇਵਦੱਤ ਪਡਿੱਕਲ, ਨੂੰ ਵੀ ਖੁੱਲ੍ਹ ਕੇ ਖੇਡਣ ਦਾ ਮੌਕਾ ਮਿਲਿਆ ਅਤੇ ਮੈਚ ਚੇਨਈ ਦੀ ਪਹੁੰਚ ਤੋਂ ਬਾਹਰ ਨਿਕਲ ਗਿਆ।
ਰਜਤ ਪਟੀਦਾਰ ਦੀ ਇਹ ਪਾਰੀ ਸਿਰਫ ਇਕ ਮੈਚ ਜਿਤਾਉਣ ਵਾਲੀ ਨਹੀਂ ਸੀ, ਸਗੋਂ ਇਸ ਨੇ ਚੋਣਕਰਤਾਵਾਂ ਲਈ ਵੀ ਇਕ ਸਪੱਸ਼ਟ ਸੰਦੇਸ਼ ਦਿੱਤਾ ਹੈ ਕਿ ਉਹ ਭਾਰਤੀ ਟੀਮ ਵਿੱਚ ਮੌਕਾ ਦੇਣ ਯੋਗ ਖਿਡਾਰੀ ਹਨ।
















