ਮੈਮੋਰੀਅਲ ਕੱਪ ਦੀਆਂ 50/50 ਟਿਕਟਾਂ ਤੋਂ ਇਕੱਠੇ ਹੋਏ 1.37 ਲੱਖ ਡਾਲਰ ਭਾਈਚਾਰੇ ਦੀ ਭਲਾਈ ਲਈ ਦਾਨ
The 2026 Memorial Cup in Kelowna generated $137,000 through 50/50 ticket sales. Of this amount, $50,000 will support Kelowna Minor Hockey, $37,000 will go to the Child & Youth Advocacy Centre of Kelowna, and $50,000 will fund scholarships for post-secondary students over five years.
ਕੈਲੋਨਾ-ਕੈਲੋਨਾ ਵਿੱਚ ਹੋਏ 2026 ਮੈਮੋਰੀਅਲ ਕੱਪ ਹਾਕੀ ਟੂਰਨਾਮੈਂਟ ਦੌਰਾਨ 50/50 ਟਿਕਟਾਂ ਦੀ ਵਿਕਰੀ ਤੋਂ ਇਕੱਠੇ ਕੀਤੇ 1 ਲੱਖ 37 ਹਜ਼ਾਰ ਡਾਲਰ ਦੀ ਰਕਮ ਸਥਾਨਕ ਸੰਸਥਾਵਾਂ ਅਤੇ ਵਿਦਿਆਰਥੀਆਂ ਦੀ ਮਦਦ ਲਈ ਦਿੱਤੀ ਜਾ ਰਹੀ ਹੈ। ਇਸ ਰਕਮ ਨਾਲ ਬੱਚਿਆਂ ਨੂੰ ਹਾਕੀ ਖੇਡਣ ਦੇ ਮੌਕੇ ਮਿਲਣਗੇ, ਮੁਸ਼ਕਲ ਹਾਲਾਤ ਵਿੱਚੋਂ ਲੰਘ ਰਹੇ ਬੱਚਿਆਂ ਤੇ ਪਰਿਵਾਰਾਂ ਦੀ ਸਹਾਇਤਾ ਹੋਵੇਗੀ ਅਤੇ ਉੱਚ ਸਿੱਖਿਆ ਹਾਸਲ ਕਰ ਰਹੇ ਵਿਦਿਆਰਥੀਆਂ ਨੂੰ ਵਜ਼ੀਫ਼ੇ ਦਿੱਤੇ ਜਾਣਗੇ।
ਇਸ ਰਕਮ ਵਿੱਚੋਂ 87 ਹਜ਼ਾਰ ਡਾਲਰ ਦੋ ਸੰਸਥਾਵਾਂ ਨੂੰ ਦਿੱਤੇ ਗਏ ਹਨ। ਇਨ੍ਹਾਂ ਵਿੱਚੋਂ 50 ਹਜ਼ਾਰ ਡਾਲਰ ਕੈਲੋਨਾ ਮਾਈਨਰ ਹਾਕੀ ਨੂੰ ਮਿਲਣਗੇ, ਜਦਕਿ 37 ਹਜ਼ਾਰ ਡਾਲਰ ਕੈਲੋਨਾ ਦੇ ਚਾਈਲਡ ਐਂਡ ਯੂਥ ਐਡਵੋਕੇਸੀ ਸੈਂਟਰ ਨੂੰ ਦਿੱਤੇ ਜਾਣਗੇ।ਕੈਲੋਨਾ ਰਾਕੇਟਸ ਵੱਲੋਂ ਜਾਰੀ ਬਿਆਨ ਅਨੁਸਾਰ, ਹਾਕੀ ਲਈ ਮਿਲਣ ਵਾਲੀ ਰਕਮ ਉਨ੍ਹਾਂ ਪਰਿਵਾਰਾਂ ਦੀ ਮਦਦ ਕਰੇਗੀ, ਜੋ ਰਜਿਸਟ੍ਰੇਸ਼ਨ ਫੀਸ ਜਾਂ ਖੇਡਾਂ ਦਾ ਸਾਮਾਨ ਖ਼ਰੀਦਣ ਦਾ ਖ਼ਰਚਾ ਨਹੀਂ ਚੁੱਕ ਸਕਦੇ। ਇਸ ਨਾਲ ਵਧੇਰੇ ਬੱਚਿਆਂ ਨੂੰ ਹਾਕੀ ਖੇਡਣ ਦਾ ਮੌਕਾ ਮਿਲ ਸਕੇਗਾ।
ਚਾਈਲਡ ਐਂਡ ਯੂਥ ਐਡਵੋਕੇਸੀ ਸੈਂਟਰ ਨੂੰ ਮਿਲਣ ਵਾਲੇ 37 ਹਜ਼ਾਰ ਡਾਲਰ ਬੱਚਿਆਂ, ਨੌਜਵਾਨਾਂ ਅਤੇ ਉਨ੍ਹਾਂ ਦੇ ਪਰਿਵਾਰਾਂ ਦੀ ਸਹਾਇਤਾ ਲਈ ਵਰਤੇ ਜਾਣਗੇ, ਜੋ ਬਾਲ ਸ਼ੋਸ਼ਣ, ਸਦਮੇ ਜਾਂ ਅਣਗਹਿਲੀ ਵਰਗੇ ਮੁਸ਼ਕਲ ਤਜਰਬਿਆਂ ਵਿੱਚੋਂ ਲੰਘ ਰਹੇ ਹਨ।
ਬਾਕੀ 50 ਹਜ਼ਾਰ ਡਾਲਰ ਦੀ ਵਰਤੋਂ ਅਗਲੇ ਪੰਜ ਸਾਲਾਂ ਦੌਰਾਨ ਵਜ਼ੀਫ਼ਾ ਫੰਡ ਸਥਾਪਤ ਕਰਨ ਲਈ ਕੀਤੀ ਜਾਵੇਗੀ। ਇਹ ਫੰਡ ਕੈਨੇਡੀਅਨ ਹਾਕੀ ਲੀਗ ਦੇ ਸਹਿਯੋਗ ਨਾਲ ਚਲਾਇਆ ਜਾਵੇਗਾ। ਮੈਮੋਰੀਅਲ ਕੱਪ ਸੁਸਾਇਟੀ ਹਰ ਸਾਲ 10 ਹਜ਼ਾਰ ਡਾਲਰ ਦੇ ਵਜ਼ੀਫ਼ੇ ਦੇਵੇਗੀ। ਇਸ ਵਿੱਚੋਂ ਯੂਬੀਸੀ ਓਕਾਨਾਗਨ ਦੇ ਇੱਕ ਵਿਦਿਆਰਥੀ ਅਤੇ ਓਕਾਨਾਗਨ ਕਾਲਜ ਦੇ ਇੱਕ ਵਿਦਿਆਰਥੀ ਨੂੰ 5-5 ਹਜ਼ਾਰ ਡਾਲਰ ਮਿਲਣਗੇ।
2026 ਮੈਮੋਰੀਅਲ ਕੱਪ ਸੁਸਾਇਟੀ ਦੇ ਸਹਿ-ਪ੍ਰਧਾਨ ਡੇਵ ਰਸ਼ ਨੇ ਕਿਹਾ ਕਿ ਟੂਰਨਾਮੈਂਟ ਦੌਰਾਨ ਭਾਈਚਾਰੇ ਵੱਲੋਂ ਮਿਲਿਆ ਸਹਿਯੋਗ ਸ਼ਲਾਘਾਯੋਗ ਸੀ ਅਤੇ ਇਸ ਸਹਿਯੋਗ ਨੂੰ ਲੋਕਾਂ ਦੀ ਭਲਾਈ ਲਈ ਵਾਪਸ ਸਮਰਪਿਤ ਕਰਨਾ ਖ਼ਾਸ ਅਹਿਮੀਅਤ ਰੱਖਦਾ ਹੈ। ਉਨ੍ਹਾਂ ਮੁਤਾਬਕ, ਇਹ ਦਾਨ ਨੌਜਵਾਨਾਂ ਲਈ ਨਵੇਂ ਮੌਕੇ ਪੈਦਾ ਕਰਨਗੇ ਅਤੇ ਇਹ ਸੁਸਾਇਟੀ ਲਈ ਮਾਣ ਵਾਲੀ ਵਿਰਾਸਤ ਹੈ।
















