ਮੈਨੀਟੋਬਾ ਵਿੱਚ ਪਹਿਲਾ ‘ਸੇਫ਼ ਕਨਜ਼ੰਪਸ਼ਨ’ ਕੇਂਦਰ ਸ਼ੁਰੂ

ਮੈਨੀਟੋਬਾ ਵਿੱਚ ਪਹਿਲਾ ‘ਸੇਫ਼ ਕਨਜ਼ੰਪਸ਼ਨ’ ਕੇਂਦਰ ਸ਼ੁਰੂ

ਵਿਨੀਪੈਗ-ਲੰਬੇ ਇੰਤਜ਼ਾਰ ਤੋਂ ਬਾਅਦ ਮੈਨੀਟੋਬਾ ਵਿੱਚ ਪਹਿਲਾ ਨਿਗਰਾਨੀ ਹੇਠ ਨਸ਼ਾ ਸੇਵਨ ਕੇਂਦਰ ਸ਼ੁਰੂ ਹੋ ਗਿਆ ਹੈ। ਵਿਨੀਪੈਗ ਦੇ ਇਨਰ ਸਿਟੀ ਇਲਾਕੇ ਵਿੱਚ ਸਥਿਤ ਇਸ ਕੇਂਦਰ ਨੂੰ ਗੈਰ-ਮੁਨਾਫ਼ਾ ਸੰਸਥਾ Aboriginal Health and Wellness ਵੱਲੋਂ ਸੂਬਾ ਸਰਕਾਰ ਦੇ ਸਹਿਯੋਗ ਨਾਲ ਚਲਾਇਆ ਜਾ ਰਿਹਾ ਹੈ।ਕੇਂਦਰ ਵਿੱਚ ਨਸ਼ੀਲੇ ਪਦਾਰਥਾਂ ਦੀ ਜਾਂਚ ਦੇ ਨਾਲ-ਨਾਲ ਸਿਹਤ ਕਰਮਚਾਰੀਆਂ ਦੀ ਨਿਗਰਾਨੀ ਹੇਠ ਨਸ਼ਾ ਸੇਵਨ ਦੀ ਸਹੂਲਤ ਦਿੱਤੀ ਜਾਵੇਗੀ। ਇੱਥੇ ਡਾਕਟਰਾਂ, ਨਰਸਾਂ ਅਤੇ ਨਸ਼ਾ ਮੁਕਤੀ ਮਾਹਿਰਾਂ ਰਾਹੀਂ ਲੋੜਵੰਦਾਂ ਨੂੰ ਇਲਾਜ ਅਤੇ ਡੀਟੌਕਸ ਸੇਵਾਵਾਂ ਨਾਲ ਜੋੜਨ ਦੀ ਕੋਸ਼ਿਸ਼ ਕੀਤੀ ਜਾਵੇਗੀ।

ਸਿਹਤ ਮੰਤਰੀ ਉਜ਼ੋਮਾ ਅਸਗਵਾਰਾ ਨੇ ਕਿਹਾ ਕਿ ਕੇਂਦਰ ਦਾ ਮੁੱਖ ਉਦੇਸ਼ ਨਸ਼ੇ ਨਾਲ ਜੂਝ ਰਹੇ ਲੋਕਾਂ ਨੂੰ ਸੁਰੱਖਿਅਤ ਸਿਹਤ ਸੇਵਾਵਾਂ ਮੁਹੱਈਆ ਕਰਵਾਉਣਾ ਹੈ। ਵਿਨੀਪੈਗ ਦੇ ਮੇਅਰ ਸਕੌਟ ਗਿਲਿੰਗਮ ਨੇ ਉਮੀਦ ਜਤਾਈ ਕਿ ਇਸ ਨਾਲ ਜਨਤਕ ਥਾਵਾਂ ’ਤੇ ਨਸ਼ਾ ਕਰਨ ਦੇ ਮਾਮਲੇ ਘਟਣਗੇ।ਮੇਨ ਸਟ੍ਰੀਟ ਪ੍ਰੋਜੈਕਟ ਦੇ ਜਮਿਲ ਮਹਿਮੂਦ ਨੇ ਇਸ ਨੂੰ ਜ਼ਿੰਦਗੀਆਂ ਬਚਾਉਣ ਵੱਲ ਅਹਿਮ ਕਦਮ ਦੱਸਿਆ। ਉਨ੍ਹਾਂ ਕਿਹਾ ਕਿ ਲੋਕ ਨਸ਼ੇ ਦੀ ਜਾਂਚ ਕਰਵਾ ਕੇ ਉਸ ਵਿੱਚ ਮੌਜੂਦ ਪਦਾਰਥਾਂ ਬਾਰੇ ਜਾਣ ਸਕਣਗੇ ਅਤੇ ਲੋੜ ਪੈਣ ’ਤੇ ਤੁਰੰਤ ਡਾਕਟਰੀ ਸਹਾਇਤਾ ਲੈ ਸਕਣਗੇ।

ਹਾਲਾਂਕਿ ਕੇਂਦਰ ਨੂੰ ਲੈ ਕੇ ਸਥਾਨਕ ਪੱਧਰ ’ਤੇ ਵਿਰੋਧ ਵੀ ਸਾਹਮਣੇ ਆਇਆ ਹੈ। ਨੇੜਲੇ ਕਾਰੋਬਾਰੀ ਜੋਅ ਵੈਲੇਂਟਿਮ ਨੇ ਆਪਣੇ ਗਾਹਕਾਂ ਅਤੇ ਕਰਮਚਾਰੀਆਂ ਦੀ ਸੁਰੱਖਿਆ ਨੂੰ ਲੈ ਕੇ ਚਿੰਤਾ ਜਤਾਈ ਹੈ। ਉਨ੍ਹਾਂ ਨੂੰ ਡਰ ਹੈ ਕਿ ਕੇਂਦਰ ਕਾਰਨ ਇਲਾਕੇ ਵਿੱਚ ਸੁਰੱਖਿਆ ਸਬੰਧੀ ਮੁਸ਼ਕਲਾਂ ਵਧ ਸਕਦੀਆਂ ਹਨ।ਮੈਨੀਟੋਬਾ ਵਿੱਚ 2025 ਦੌਰਾਨ ਨਸ਼ਿਆਂ ਨਾਲ ਸਬੰਧਤ 388 ਮੌਤਾਂ ਦਰਜ ਕੀਤੀਆਂ ਗਈਆਂ, ਜਦਕਿ 2026 ਦੇ ਜਨਵਰੀ ਅਤੇ ਫਰਵਰੀ ਵਿੱਚ ਹੀ 61 ਮੌਤਾਂ ਹੋ ਚੁੱਕੀਆਂ ਹਨ।ਸਾਬਕਾ ਨਸ਼ਾ ਵਰਤੋਂਕਾਰ ਜੋਸਫ਼ ਫੌਰੇ ਨੇ ਵੀ ਕੇਂਦਰ ਦਾ ਵਿਰੋਧ ਕਰਦਿਆਂ ਕਿਹਾ ਕਿ ਸਰਕਾਰ ਨੂੰ ਨਸ਼ਾ ਸੇਵਨ ਦੀ ਸਹੂਲਤ ਦੇਣ ਦੀ ਬਜਾਏ ਇਲਾਜ ਅਤੇ ਪੁਨਰਵਾਸ ’ਤੇ ਵਧੇਰੇ ਧਿਆਨ ਦੇਣਾ ਚਾਹੀਦਾ ਹੈ।

ਸਰਕਾਰ ਦਾ ਤਰਕ ਹੈ ਕਿ ਕੇਂਦਰ ਦਾ ਮਕਸਦ ਓਵਰਡੋਜ਼ ਨਾਲ ਹੋ ਰਹੀਆਂ ਮੌਤਾਂ ਨੂੰ ਘਟਾਉਣਾ ਅਤੇ ਨਸ਼ੇ ਨਾਲ ਜੂਝ ਰਹੇ ਲੋਕਾਂ ਨੂੰ ਇਲਾਜ ਤੱਕ ਪਹੁੰਚਾਉਣਾ ਹੈ। ਦੂਜੇ ਪਾਸੇ, ਵਿਰੋਧੀਆਂ ਅਤੇ ਕੁਝ ਸਥਾਨਕ ਲੋਕਾਂ ਵੱਲੋਂ ਜਨਤਕ ਸੁਰੱਖਿਆ ਅਤੇ ਨਸ਼ਾ ਮੁਕਤੀ ਦੇ ਪ੍ਰਭਾਵ ਨੂੰ ਲੈ ਕੇ ਸਵਾਲ ਉਠਾਏ ਜਾ ਰਹੇ ਹਨ।