ਬ੍ਰਿਟਿਸ਼ ਕੋਲੰਬੀਆ ਵਿੱਚ ਘਰਾਂ ਦੀ ਵਿਕਰੀ ਫ਼ਰਵਰੀ ਮਹੀਨੇ ਦੌਰਾਨ ਵੀ ਰਹੀ ਕਮਜ਼ੋਰ

ਬ੍ਰਿਟਿਸ਼ ਕੋਲੰਬੀਆ ਵਿੱਚ ਘਰਾਂ ਦੀ ਵਿਕਰੀ ਫ਼ਰਵਰੀ ਮਹੀਨੇ ਦੌਰਾਨ ਵੀ ਰਹੀ ਕਮਜ਼ੋਰ

ਵੈਨਕੂਵਰ-ਬੀ.ਸੀ. ਰੀਅਲ ਐਸਟੇਟ ਐਸੋਸੀਏਸ਼ਨ ਮੁਤਾਬਕ ਸੂਬੇ ਵਿੱਚ ਫ਼ਰਵਰੀ ਮਹੀਨੇ ਦੌਰਾਨ ਘਰਾਂ ਦੀ ਵਿਕਰੀ ਦਾ ਬਾਜ਼ਾਰ ਹਾਲੇ ਵੀ ਸਾਰੇ ਖੇਤਰਾਂ ਵਿੱਚ ਸੰਘਰਸ਼ ਕਰ ਰਿਹਾ ਹੈ।

ਐਸੋਸੀਏਸ਼ਨ ਦੇ ਅੰਕੜਿਆਂ ਅਨੁਸਾਰ ਪਿਛਲੇ ਮਹੀਨੇ ਸੂਬੇ ਭਰ ਵਿੱਚ ਲਗਭਗ 4,500 ਤੋਂ ਕੁਝ ਵੱਧ ਰਿਹਾਇਸ਼ੀ ਘਰਾਂ ਦੀ ਵਿਕਰੀ ਹੋਈ, ਜੋ ਕਿ ਪਿਛਲੇ ਸਾਲ ਦੇ ਇਸੇ ਸਮੇਂ ਨਾਲੋਂ ਕਰੀਬ 10 ਫੀਸਦੀ ਘੱਟ ਹੈ।

ਸੂਬੇ ਵਿੱਚ ਘਰਾਂ ਦੀ ਔਸਤ ਕੀਮਤ ਵਿੱਚ ਵੀ 2.9 ਫੀਸਦੀ ਦੀ ਕਮੀ ਦਰਜ ਕੀਤੀ ਗਈ ਹੈ ਅਤੇ ਇਹ ਘਟ ਕੇ ਲਗਭਗ 9 ਲੱਖ 32 ਹਜ਼ਾਰ ਡਾਲਰ ਰਹਿ ਗਈ ਹੈ। ਇਸ ਦੌਰਾਨ ਕੁੱਲ ਘਰਾਂ ਦੀ ਵਿਕਰੀ ਦੀ ਰਕਮ ਕਰੀਬ 4.21 ਬਿਲੀਅਨ ਡਾਲਰ ਰਹੀ, ਜੋ ਕਿ ਪਿਛਲੇ ਸਾਲ ਨਾਲੋਂ 12.3 ਫੀਸਦੀ ਘੱਟ ਹੈ।

ਐਸੋਸੀਏਸ਼ਨ ਦੇ ਮੁੱਖ ਅਰਥਸ਼ਾਸਤਰੀ ਬ੍ਰੈਂਡਨ ਓਗਮੁਨਡਸਨ ਨੇ ਕਿਹਾ ਕਿ ਰੀਅਲ ਐਸਟੇਟ ਉਦਯੋਗ ਨੂੰ ਉਮੀਦ ਹੈ ਕਿ ਜ਼ਿਆਦਾਤਰ ਖੇਤਰਾਂ ਵਿੱਚ ਘਰ ਖਰੀਦਣ ਦੀ ਸਮਰੱਥਾ ਵਿੱਚ ਸੁਧਾਰ ਅਤੇ ਵਿਆਜ ਦਰਾਂ ਦੇ ਸਥਿਰ ਰਹਿਣ ਨਾਲ ਸੰਭਾਵਿਤ ਖਰੀਦਦਾਰ ਮਾਰਕੀਟ ਵਿੱਚ ਵਾਪਸ ਆ ਸਕਦੇ ਹਨ, ਜਿਸ ਨਾਲ 2026 ਦੇ ਬਾਕੀ ਮਹੀਨਿਆਂ ਵਿੱਚ ਵਿਕਰੀ ਵਿੱਚ ਵਾਧਾ ਹੋ ਸਕਦਾ ਹੈ।

ਰਿਪੋਰਟ ਅਨੁਸਾਰ ਸਭ ਤੋਂ ਵੱਡੀ ਕਮੀ ਪਾਵਲ ਰਿਵਰ ਵਿੱਚ ਦਰਜ ਕੀਤੀ ਗਈ, ਜਿੱਥੇ ਘਰਾਂ ਦੀ ਵਿਕਰੀ ਲਗਭਗ 35 ਫੀਸਦੀ ਘੱਟ ਰਹੀ। ਇਸ ਤੋਂ ਬਾਅਦ ਚਿਲੀਵੈਕ ਵਿੱਚ 31 ਫੀਸਦੀ ਅਤੇ ਕੂਟੇਨੇ ਖੇਤਰ ਵਿੱਚ 29 ਫੀਸਦੀ ਦੀ ਕਮੀ ਦਰਜ ਕੀਤੀ ਗਈ।

ਇਸ ਤੋਂ ਇਲਾਵਾ ਗ੍ਰੇਟਰ ਵੈਨਕੂਵਰ ਖੇਤਰ ਵਿੱਚ ਪਿਛਲੇ ਮਹੀਨੇ 1,600 ਤੋਂ ਕੁਝ ਵੱਧ ਘਰਾਂ ਦੀ ਵਿਕਰੀ ਹੋਈ, ਜੋ ਕਿ ਪਿਛਲੇ ਸਾਲ ਦੇ ਇਸੇ ਸਮੇਂ ਨਾਲੋਂ ਕਰੀਬ 9 ਫੀਸਦੀ ਘੱਟ ਹੈ।