ਬੀ.ਸੀ. ਟ੍ਰਿਬਿਊਨਲ ਵੱਲੋਂ ਗਹਿਣੇ ਗੁੰਮ ਹੋਣ ’ਤੇ ਏਅਰਲਾਈਨ ਨੂੰ ਔਰਤ ਨੂੰ 606 ਡਾਲਰ ਦੇਣ ਦੇ ਹੁਕਮ

B.C.’s Civil Resolution Tribunal has ordered Flair Airlines to pay Henriette Tams a total of $606.18 after jewelry went missing from her checked baggage on a flight from Mexico to Vancouver in February 2024.

ਬੀ.ਸੀ. ਟ੍ਰਿਬਿਊਨਲ ਵੱਲੋਂ ਗਹਿਣੇ ਗੁੰਮ ਹੋਣ ’ਤੇ ਏਅਰਲਾਈਨ ਨੂੰ ਔਰਤ ਨੂੰ 606 ਡਾਲਰ ਦੇਣ ਦੇ ਹੁਕਮ

ਵੈਨਕੂਵਰ-ਬ੍ਰਿਟਿਸ਼ ਕੋਲੰਬੀਆ ਦੇ ਸਿਵਲ ਰੈਜ਼ੋਲਿਊਸ਼ਨ ਟ੍ਰਿਬਿਊਨਲ ਨੇ ਫਲੇਅਰ ਏਅਰਲਾਈਨਜ਼ ਨੂੰ ਇੱਕ ਔਰਤ ਦੇ ਗੁੰਮ ਹੋਏ ਗਹਿਣਿਆਂ ਦੇ ਮਾਮਲੇ ਵਿੱਚ 606.18 ਡਾਲਰ ਅਦਾ ਕਰਨ ਦੇ ਹੁਕਮ ਦਿੱਤੇ ਹਨ। ਇਹ ਮਾਮਲਾ ਫਰਵਰੀ 2024 ਵਿੱਚ ਮੈਕਸੀਕੋ ਤੋਂ ਵੈਨਕੂਵਰ ਆ ਰਹੀ ਉਡਾਣ ਨਾਲ ਸਬੰਧਤ ਹੈ।

ਟ੍ਰਿਬਿਊਨਲ ਦੇ ਫੈਸਲੇ ਅਨੁਸਾਰ ਹੈਨਰੀਏਟ ਟੈਮਜ਼ ਨੇ ਵੈਨਕੂਵਰ ਪਹੁੰਚਣ ਤੋਂ ਅਗਲੀ ਸਵੇਰ ਆਪਣਾ ਚੈੱਕ ਕੀਤਾ ਸਮਾਨ ਖੋਲ੍ਹਿਆ ਤਾਂ ਉਸ ਵਿੱਚੋਂ ਗਹਿਣਿਆਂ ਵਾਲੀ ਪਾਊਚ ਗਾਇਬ ਸੀ। ਉਸ ਨੇ ਦੱਸਿਆ ਕਿ ਪਾਊਚ ਵਿੱਚ 9 ਗਹਿਣੇ ਸਨ, ਜਿਨ੍ਹਾਂ ਦੀ ਕੁੱਲ ਕੀਮਤ ਉਸ ਨੇ 868.73 ਡਾਲਰ ਦੱਸੀ।

ਟੈਮਜ਼ ਨੇ ਗਹਿਣੇ ਗੁੰਮ ਹੋਣ ਦੀ ਸੂਚਨਾ ਪਹਿਲਾਂ ਏਅਰਲਾਈਨ ਨੂੰ ਟੈਕਸਟ ਰਾਹੀਂ ਅਤੇ ਬਾਅਦ ਵਿੱਚ ਵੈੱਬਸਾਈਟ ਰਾਹੀਂ ਦਿੱਤੀ। ਫਲੇਅਰ ਨੇ ਦਾਅਵਾ ਮੰਨਦਿਆਂ ਮੁਆਫ਼ੀ ਮੰਗੀ, ਪਰ ਬਾਅਦ ਵਿੱਚ ਰਸੀਦਾਂ ਅਤੇ ਗਹਿਣਿਆਂ ਦੀ ਸੂਚੀ ਨਾ ਦੇਣ ਕਾਰਨ ਦਾਅਵਾ ਰੱਦ ਕਰ ਦਿੱਤਾ।

ਏਅਰਲਾਈਨ ਨੇ ਟ੍ਰਿਬਿਊਨਲ ਵਿੱਚ ਦਲੀਲ ਦਿੱਤੀ ਕਿ ਔਰਤ ਨੇ ਇਹ ਸਾਬਤ ਕਰਨ ਲਈ ਲੋੜੀਂਦੇ ਦਸਤਾਵੇਜ਼ ਨਹੀਂ ਦਿੱਤੇ ਕਿ ਨੁਕਸਾਨ ਲਈ ਫਲੇਅਰ ਜ਼ਿੰਮੇਵਾਰ ਸੀ। ਫਲੇਅਰ ਨੇ ਇਹ ਵੀ ਕਿਹਾ ਕਿ ਉਸ ਦੇ ਅੰਤਰਰਾਸ਼ਟਰੀ ਨਿਯਮਾਂ ਤਹਿਤ ਗਹਿਣਿਆਂ ਨੂੰ ਚੈੱਕ ਕੀਤੇ ਸਮਾਨ ਵਿੱਚ ਰੱਖਣ ਦੀ ਇਜਾਜ਼ਤ ਨਹੀਂ ਸੀ।

ਟ੍ਰਿਬਿਊਨਲ ਮੈਂਬਰ ਅਮਾਂਡਾ ਬਿੰਨੀ ਨੇ ਕਿਹਾ ਕਿ ਏਅਰਲਾਈਨ ਨੇ ਆਪਣੇ ਦਾਅਵੇ ਦੇ ਸਮਰਥਨ ਵਿੱਚ ਅਜਿਹਾ ਕੋਈ ਨਿਯਮ ਜਾਂ ਹੋਰ ਸਬੂਤ ਪੇਸ਼ ਨਹੀਂ ਕੀਤਾ। ਉਨ੍ਹਾਂ ਕਿਹਾ ਕਿ ਸਮਾਨ ਫਲੇਅਰ ਵੱਲੋਂ ਰਜਿਸਟਰਡ ਕੀਤਾ ਗਿਆ ਸੀ ਅਤੇ ਗਹਿਣੇ ਏਅਰਲਾਈਨ ਦੀ ਦੇਖ-ਰੇਖ ਦੌਰਾਨ ਗੁੰਮ ਹੋਏ।ਹਾਲਾਂਕਿ ਟੈਮਜ਼ ਵੱਲੋਂ ਗਹਿਣਿਆਂ ਦੀ ਅਸਲ ਕੀਮਤ ਸਾਬਤ ਕਰਨ ਲਈ ਰਸੀਦਾਂ ਜਾਂ ਹੋਰ ਦਸਤਾਵੇਜ਼ ਪੇਸ਼ ਨਹੀਂ ਕੀਤੇ ਗਏ ਸਨ। ਇਸ ਕਾਰਨ ਟ੍ਰਿਬਿਊਨਲ ਨੇ ‘ਬੈਟਰਮੈਂਟ’ ਦੇ ਕਾਨੂੰਨੀ ਸਿਧਾਂਤ ਨੂੰ ਲਾਗੂ ਕਰਦਿਆਂ 500 ਡਾਲਰ ਮੁਆਵਜ਼ਾ ਤੈਅ ਕੀਤਾ।ਇਸ ਤੋਂ ਇਲਾਵਾ 38.68 ਡਾਲਰ ਪ੍ਰੀ-ਜੱਜਮੈਂਟ ਵਿਆਜ ਅਤੇ 67.50 ਡਾਲਰ ਟ੍ਰਿਬਿਊਨਲ ਫੀਸ ਦੇ ਜੋੜ ਨਾਲ ਫਲੇਅਰ ਏਅਰਲਾਈਨਜ਼ ਨੂੰ ਕੁੱਲ 606.18 ਡਾਲਰ ਅਦਾ ਕਰਨੇ ਪੈਣਗੇ।