ਪੰਜਾਬ ਪੁਲੀਸ ਨੇ 17 ਵਿਦੇਸ਼ੀ ਗੈਂਗਸਟਰ ਭਾਰਤ ਲਿਆਂਦੇ, 28 ’ਤੇ ਲੱਖਾਂ ਦੇ ਇਨਾਮ

Punjab Police has brought 17 foreign-based gangsters back to India through deportation and extradition over the past four-and-a-half years.

ਪੰਜਾਬ ਪੁਲੀਸ ਨੇ 17 ਵਿਦੇਸ਼ੀ ਗੈਂਗਸਟਰ ਭਾਰਤ ਲਿਆਂਦੇ, 28 ’ਤੇ ਲੱਖਾਂ ਦੇ ਇਨਾਮ

ਚੰਡੀਗੜ੍ਹ-ਪੰਜਾਬ ਪੁਲੀਸ ਨੇ ਪਿਛਲੇ ਸਾਢੇ ਚਾਰ ਸਾਲਾਂ ਦੌਰਾਨ ਵਿਦੇਸ਼ਾਂ ਵਿੱਚ ਬੈਠੇ 17 ਗੈਂਗਸਟਰਾਂ ਨੂੰ ਦੇਸ਼ ਨਿਕਾਲੇ ਜਾਂ ਹਵਾਲਗੀ ਰਾਹੀਂ ਭਾਰਤ ਲਿਆਂਦਾ ਹੈ। ਇਸ ਦੇ ਨਾਲ ਹੀ ਪੁਲੀਸ ਨੇ 28 ਲੋੜੀਂਦੇ ਅਪਰਾਧੀਆਂ ਦੀ ਸੂਚੀ ਜਾਰੀ ਕੀਤੀ ਹੈ, ਜਿਨ੍ਹਾਂ ਵਿੱਚੋਂ 9 ’ਤੇ 10 ਲੱਖ ਰੁਪਏ ਅਤੇ 19 ’ਤੇ 5 ਲੱਖ ਰੁਪਏ ਦਾ ਇਨਾਮ ਰੱਖਿਆ ਗਿਆ ਹੈ।

ਪੁਲੀਸ ਦੇ ਅੰਕੜਿਆਂ ਅਨੁਸਾਰ, 6 ਅਪਰੈਲ 2022 ਨੂੰ ਐਂਟੀ-ਗੈਂਗਸਟਰ ਟਾਸਕ ਫੋਰਸ (ਏਜੀਟੀਐੱਫ) ਦੇ ਗਠਨ ਤੋਂ ਲੈ ਕੇ 10 ਨਵੰਬਰ 2026 ਤੱਕ 3,339 ਗੈਂਗਸਟਰਾਂ ਅਤੇ ਅਪਰਾਧੀਆਂ ਨੂੰ ਗ੍ਰਿਫ਼ਤਾਰ ਕੀਤਾ ਗਿਆ ਹੈ। ਇਸ ਤਰ੍ਹਾਂ ਔਸਤਨ ਹਰ ਮਹੀਨੇ 60 ਅਤੇ ਰੋਜ਼ਾਨਾ ਲਗਪਗ ਦੋ ਗੈਂਗਸਟਰਾਂ ਦੀ ਗ੍ਰਿਫ਼ਤਾਰੀ ਹੋਈ ਹੈ। ਡੀਜੀਪੀ ਗੌਰਵ ਯਾਦਵ ਨੇ ਦੱਸਿਆ ਕਿ ਇਸ ਸਮੇਂ ਦੌਰਾਨ 41 ਅਪਰਾਧੀਆਂ ਨੂੰ ਢੇਰ ਕੀਤਾ ਗਿਆ ਅਤੇ 1,293 ਅਪਰਾਧਿਕ ਮੋਡੀਊਲਾਂ ਦਾ ਪਰਦਾਫਾਸ਼ ਕੀਤਾ ਗਿਆ।

ਡੀਜੀਪੀ ਨੇ ਕਿਹਾ ਕਿ ਇਹ ਕਾਰਵਾਈ ਸੁਰੱਖਿਆ ਏਜੰਸੀਆਂ ਦੇ ਸਹਿਯੋਗ ਨਾਲ ਚਲਾਈ ਜਾ ਰਹੀ ਹੈ। ਉਨ੍ਹਾਂ ਮੁਤਾਬਕ ਗੈਂਗਸਟਰਾਂ ਨੂੰ ਪਾਕਿਸਤਾਨ ਦੀ ਆਈਐੱਸਆਈ ਅਤੇ ਕੈਨੇਡਾ ਸਮੇਤ ਹੋਰ ਵਿਦੇਸ਼ੀ ਮੁਲਕਾਂ ਵਿੱਚ ਬੈਠੇ ਭਾਰਤ ਵਿਰੋਧੀ ਗਰੋਹਾਂ ਦੀ ਮਦਦ ਮਿਲ ਰਹੀ ਹੈ। ਇਨ੍ਹਾਂ ਦੀਆਂ ਗਤੀਵਿਧੀਆਂ ’ਤੇ ਰੋਕ ਲਗਾਉਣ ਲਈ ਕੇਂਦਰੀ ਏਜੰਸੀਆਂ ਦਾ ਸਹਿਯੋਗ ਲਿਆ ਜਾ ਰਿਹਾ ਹੈ।

ਪੁਲੀਸ ਨੇ ਅਪਰਾਧਾਂ ਵਿੱਚ ਵਰਤੇ ਗਏ 2,525 ਹਥਿਆਰ ਅਤੇ 755 ਵਾਹਨ ਵੀ ਬਰਾਮਦ ਕੀਤੇ ਹਨ। ਏਜੀਟੀਐੱਫ ਵੱਲੋਂ 503 ਗ੍ਰਿਫ਼ਤਾਰੀਆਂ ਕੀਤੀਆਂ ਗਈਆਂ, 10 ਅਪਰਾਧੀਆਂ ਨੂੰ ਢੇਰ ਕੀਤਾ ਗਿਆ ਅਤੇ 196 ਅਪਰਾਧਿਕ ਮੋਡੀਊਲਾਂ ਦਾ ਪਰਦਾਫਾਸ਼ ਕੀਤਾ ਗਿਆ। ਇਸ ਤੋਂ ਇਲਾਵਾ 421 ਹਥਿਆਰ ਅਤੇ 121 ਵਾਹਨ ਬਰਾਮਦ ਕੀਤੇ ਗਏ। ਬਾਕੀ ਕਾਰਵਾਈ ਪੁਲੀਸ ਦੀਆਂ ਫੀਲਡ ਇਕਾਈਆਂ ਵੱਲੋਂ ਕੀਤੀ ਗਈ।

ਵਿਦੇਸ਼ਾਂ ਤੋਂ ਭਾਰਤ ਲਿਆਂਦੇ ਗਏ 17 ਗੈਂਗਸਟਰਾਂ ਵਿੱਚ ਵਿੱਕੀ ਬਰਾੜ, ਅਨਮੋਲ ਬਿਸ਼ਨੋਈ, ਸਚਿਨ ਥਾਪਨ ਉਰਫ਼ ਸਚਿਨ ਬਿਸ਼ਨੋਈ, ਜੋਬਨ ਬਿੱਲਾ ਅਤੇ ਜੱਸਾ ਬਹਿਬਲ ਸ਼ਾਮਲ ਹਨ। ਇਨ੍ਹਾਂ ਨੂੰ ਕ੍ਰਮਵਾਰ ਯੂਏਈ, ਅਮਰੀਕਾ, ਅਜ਼ਰਬਾਈਜਾਨ, ਇੰਡੋਨੇਸ਼ੀਆ ਅਤੇ ਮਲੇਸ਼ੀਆ ਤੋਂ ਲਿਆਂਦਾ ਗਿਆ। ਦੋ ਹੋਰ ਗੈਂਗਸਟਰਾਂ ਨੂੰ ਕੈਨੇਡਾ ਤੋਂ ਅਤੇ ਬਾਕੀਆਂ ਨੂੰ ਫਿਲੀਪੀਨਜ਼, ਹਾਂਗਕਾਂਗ, ਅਰਮੀਨੀਆ, ਮੋਲਦੋਵਾ ਅਤੇ ਮੱਧ ਏਸ਼ੀਆ ਤੋਂ ਵਾਪਸ ਲਿਆਂਦਾ ਗਿਆ। ਈਥੋਪੀਆ ਤੋਂ ਗੁਰਵਿੰਦਰ ਸਿੰਘ ਉਰਫ਼ ਅਫ਼ਰੀਦੀ ਦੀ ਵਾਪਸੀ ਅਫ਼ਰੀਕਾ ਤੋਂ ਪਹਿਲਾ ਅਜਿਹਾ ਮਾਮਲਾ ਹੈ।

ਪੰਜਾਬ ਪੁਲੀਸ ਨੇ ਐੱਨਸੀਬੀ-ਇੰਡੀਆ ਰਾਹੀਂ ਹੁਣ ਤੱਕ 49 ਰੈੱਡ ਕਾਰਨਰ ਨੋਟਿਸ ਜਾਰੀ ਕਰਵਾਏ ਹਨ। 13 ਨੋਟਿਸ ਬਿਊਰੋ ਕੋਲ ਪੈਂਡਿੰਗ ਹਨ, ਜਦਕਿ 72 ਦੀ ਪ੍ਰਕਿਰਿਆ ਜਾਰੀ ਹੈ। ਇਸੇ ਤਰ੍ਹਾਂ 9 ਬਲੂ ਕਾਰਨਰ ਨੋਟਿਸ ਜਾਰੀ ਕੀਤੇ ਗਏ ਹਨ। ਪੁਲੀਸ ਵੱਲੋਂ ਜਾਰੀ 28 ਲੋੜੀਂਦੇ ਅਪਰਾਧੀਆਂ ਦੀ ਸੂਚੀ ਵਿੱਚੋਂ ਹੁਣ ਤੱਕ ਛੇ ਨੂੰ ਗ੍ਰਿਫ਼ਤਾਰ ਕੀਤਾ ਜਾ ਚੁੱਕਾ ਹੈ। ਇਨ੍ਹਾਂ ਵਿੱਚ ਜੋਬਨ ਬਿੱਲਾ, ਆਦਿਤਿਆ ਕਪੂਰ ਉਰਫ਼ ਮੱਖਣ, ਸ਼ਕਤੀ ਕੁਮਾਰ, ਜਸਕਰਨ ਸਿੰਘ ਉਰਫ਼ ਕੱਟਾ, ਰਾਜਿੰਦਰ ਸਿੰਘ ਉਰਫ਼ ਬਿੱਲਾ ਅਤੇ ਅਫ਼ਰੀਦੀ ਸ਼ਾਮਲ ਹਨ।

10 ਲੱਖ ਰੁਪਏ ਦੇ ਇਨਾਮ ਵਾਲੇ ਅਪਰਾਧੀਆਂ ਵਿੱਚ ਗੋਲਡੀ ਬਰਾੜ, ਲਖਬੀਰ ਸਿੰਘ ਉਰਫ਼ ਲੰਡਾ ਹਰੀਕੇ, ਹਰਵਿੰਦਰ ਸਿੰਘ ਉਰਫ਼ ਰਿੰਦਾ, ਸਤਬੀਰ ਸਿੰਘ ਉਰਫ਼ ਸੱਤਾ ਨੌਸ਼ਹਿਰਾ, ਬਲਵਿੰਦਰ ਸਿੰਘ ਉਰਫ਼ ਡੋਨੀ ਬਲ, ਪ੍ਰਭਦੀਪ ਸਿੰਘ ਉਰਫ਼ ਪ੍ਰਭ ਦਾਸੂਵਾਲ, ਗੌਰਵ ਪਟਿਆਲ ਉਰਫ਼ ਲੱਕੀ ਪਟਿਆਲ, ਸਰਵਣ ਸਿੰਘ ਉਰਫ਼ ਜੀਵਨ ਫ਼ੌਜੀ ਅਤੇ ਰੋਹਿਤ ਗੋਦਾਰਾ ਸ਼ਾਮਲ ਹਨ।

ਡੀਜੀਪੀ ਅਨੁਸਾਰ ਸੂਬੇ ਵਿੱਚ 9 ਮੁੱਖ ਗਰੋਹ ਸਰਗਰਮ ਹਨ, ਜਿਨ੍ਹਾਂ ਵਿੱਚੋਂ ਜ਼ਿਆਦਾਤਰ ਦੇ ਮੁਖੀ ਵਿਦੇਸ਼ਾਂ ਵਿੱਚ ਬੈਠ ਕੇ ਗਤੀਵਿਧੀਆਂ ਚਲਾ ਰਹੇ ਹਨ। ਇਨ੍ਹਾਂ ਵਿੱਚ ਬੰਬੀਹਾ, ਗੋਪੀ ਘਨਸ਼ਾਮਪੁਰੀਆ, ਜੱਗੂ ਭਗਵਾਨਪੁਰੀਆ, ਹੈਰੀ ਚੱਠਾ, ਰਿੰਦਾ, ਲਾਰੈਂਸ ਬਿਸ਼ਨੋਈ, ਆਰਜ਼ੂ ਬਿਸ਼ਨੋਈ, ਗੋਲਡੀ ਬਰਾੜ ਅਤੇ ਰੋਹਿਤ ਗੋਦਾਰਾ ਨਾਲ ਜੁੜੇ ਗਰੋਹ ਸ਼ਾਮਲ ਹਨ।