ਪੰਜ ਦਿਨਾਂ ਵਿੱਚ ‘ਰਾਮਾਇਣ’ ਦੀ ਵਿਸ਼ਵਵਿਆਪੀ ਕਮਾਈ 663 ਕਰੋੜ ਰੁਪਏ ਤੋਂ ਪਾਰ

Nitesh Tiwari’s Ramayana, starring Ranbir Kapoor and Yash, has grossed ₹663 crore worldwide in its first five days.

ਪੰਜ ਦਿਨਾਂ ਵਿੱਚ ‘ਰਾਮਾਇਣ’ ਦੀ ਵਿਸ਼ਵਵਿਆਪੀ ਕਮਾਈ 663 ਕਰੋੜ ਰੁਪਏ ਤੋਂ ਪਾਰ

ਨਵੀਂ ਦਿੱਲੀ-ਨਿਤੇਸ਼ ਤਿਵਾੜੀ ਦੇ ਨਿਰਦੇਸ਼ਨ ਹੇਠ ਬਣੀ ਫ਼ਿਲਮ ‘ਰਾਮਾਇਣ’ ਨੇ ਬਾਕਸ ਆਫਿਸ ’ਤੇ ਸ਼ਾਨਦਾਰ ਪ੍ਰਦਰਸ਼ਨ ਕਰਦਿਆਂ ਪੰਜ ਦਿਨਾਂ ਵਿੱਚ ਦੁਨੀਆ ਭਰ ਤੋਂ 663 ਕਰੋੜ ਰੁਪਏ ਦੀ ਕਮਾਈ ਕਰ ਲਈ ਹੈ। ਰਣਬੀਰ ਕਪੂਰ ਅਤੇ ਯਸ਼ ਦੀ ਮੁੱਖ ਭੂਮਿਕਾ ਵਾਲੀ ਇਸ ਫ਼ਿਲਮ ਨੇ ਸੋਮਵਾਰ ਨੂੰ ਭਾਰਤੀ ਬਾਕਸ ਆਫਿਸ ’ਤੇ 107.50 ਕਰੋੜ ਰੁਪਏ ਦੀ ਨੈੱਟ ਕਮਾਈ ਕੀਤੀ। ਇਹ ‘ਧੁਰੰਧਰ: ਦਿ ਰਿਵੈਂਜ’ ਤੋਂ ਇਲਾਵਾ ਕਿਸੇ ਵੀ ਫ਼ਿਲਮ ਵੱਲੋਂ ਇੱਕ ਦਿਨ ਵਿੱਚ ਕੀਤੀ ਗਈ ਸਭ ਤੋਂ ਵੱਧ ਕਮਾਈ ਦੱਸੀ ਜਾ ਰਹੀ ਹੈ।

ਫ਼ਿਲਮ ਨੇ 5 ਨਵੰਬਰ ਨੂੰ ਦੁਨੀਆ ਭਰ ਵਿੱਚ ਰਿਲੀਜ਼ ਹੋਣ ਦੇ ਪਹਿਲੇ ਦਿਨ 128 ਕਰੋੜ ਰੁਪਏ ਦੀ ਕਮਾਈ ਕੀਤੀ ਸੀ। ਪਹਿਲੇ ਚਾਰ ਦਿਨਾਂ ਦੇ ਵਿਸਤ੍ਰਿਤ ਵੀਕਐਂਡ ਦੌਰਾਨ ਇਸ ਦੀ ਵਿਸ਼ਵਵਿਆਪੀ ਕਮਾਈ 500 ਕਰੋੜ ਰੁਪਏ ਤੱਕ ਪਹੁੰਚ ਗਈ ਸੀ। ਸੋਮਵਾਰ ਨੂੰ ਦੀਵਾਲੀ ਤੋਂ ਬਾਅਦ ਮਿਲੀ ਛੁੱਟੀ ਕਾਰਨ ਭਾਰਤ ਵਿੱਚ ਫ਼ਿਲਮ ਨੂੰ ਦਰਸ਼ਕਾਂ ਦਾ ਭਰਵਾਂ ਹੁੰਗਾਰਾ ਮਿਲਿਆ। ਇਸ ਨਾਲ ਘਰੇਲੂ ਬਾਕਸ ਆਫਿਸ ’ਤੇ ਫ਼ਿਲਮ ਦੀ ਕੁੱਲ ਨੈੱਟ ਕਮਾਈ 346 ਕਰੋੜ ਰੁਪਏ ਅਤੇ ਗ੍ਰਾਸ ਕਮਾਈ 413 ਕਰੋੜ ਰੁਪਏ ਹੋ ਗਈ ਹੈ।

ਵਿਦੇਸ਼ੀ ਬਾਜ਼ਾਰ ਵਿੱਚ ਫ਼ਿਲਮ ਦੀ ਕਮਾਈ ਭਾਰਤ ਦੇ ਮੁਕਾਬਲੇ ਹੌਲੀ ਰਹੀ ਹੈ। ਸੋਨੀ ਪਿਕਚਰਜ਼ ਵੱਲੋਂ ਵੰਡੇ ਗਏ ਇਸ ਫ਼ਿਲਮ ਨੂੰ ਦੁਨੀਆ ਭਰ ਵਿੱਚ ਲਗਪਗ 59 ਹਜ਼ਾਰ ਸਕ੍ਰੀਨਾਂ ’ਤੇ ਰਿਲੀਜ਼ ਕੀਤਾ ਗਿਆ। ਉੱਤਰੀ ਅਮਰੀਕਾ ਵਿੱਚ ਇਸ ਨੇ 1.22 ਕਰੋੜ ਡਾਲਰ ਅਤੇ ਹੋਰ ਵਿਦੇਸ਼ੀ ਬਾਜ਼ਾਰਾਂ ਵਿੱਚ 1.1 ਕਰੋੜ ਡਾਲਰ ਤੋਂ ਵੱਧ ਦੀ ਕਮਾਈ ਕੀਤੀ। ਸੋਮਵਾਰ ਤੱਕ ਵਿਦੇਸ਼ਾਂ ਤੋਂ ਫ਼ਿਲਮ ਦੀ ਕਮਾਈ 2.67 ਕਰੋੜ ਡਾਲਰ ਹੋ ਗਈ ਸੀ।

ਸੋਮਵਾਰ ਨੂੰ ਫ਼ਿਲਮ ਨੇ ਦੁਨੀਆ ਭਰ ਵਿੱਚ 156 ਕਰੋੜ ਰੁਪਏ ਦੀ ਕਮਾਈ ਕੀਤੀ। ਇਸ ਦੇ ਨਾਲ ਹੀ ਇਹ ਭਾਰਤੀ ਸਿਨੇਮਾ ਦੀਆਂ ਸਭ ਤੋਂ ਵੱਧ ਕਮਾਈ ਕਰਨ ਵਾਲੀਆਂ 25 ਫ਼ਿਲਮਾਂ ਦੀ ਸੂਚੀ ਵਿੱਚ ਸ਼ਾਮਲ ਹੋ ਗਈ ਹੈ। ਫ਼ਿਲਮ ਨੇ ਪੰਜ ਦਿਨਾਂ ਵਿੱਚ ‘ਜੇਲਰ’ ਦੀ 605 ਕਰੋੜ ਰੁਪਏ, ‘ਸੁਲਤਾਨ’ ਦੀ 621 ਕਰੋੜ ਰੁਪਏ ਅਤੇ ‘ਬਾਹੂਬਲੀ: ਦਿ ਬਿਗਨਿੰਗ’ ਦੀ 650 ਕਰੋੜ ਰੁਪਏ ਦੀ ਉਮਰ ਭਰ ਦੀ ਕਮਾਈ ਨੂੰ ਪਛਾੜ ਦਿੱਤਾ ਹੈ।

‘ਰਾਮਾਇਣ’ ਦੋ ਭਾਗਾਂ ਵਿੱਚ ਬਣਾਈ ਜਾ ਰਹੀ ਫ਼ਿਲਮ ਹੈ। ਇਸ ਵਿੱਚ ਰਣਬੀਰ ਕਪੂਰ ਭਗਵਾਨ ਰਾਮ, ਸਾਈ ਪੱਲਵੀ ਸੀਤਾ, ਯਸ਼ ਰਾਵਣ ਅਤੇ ਰਵੀ ਦੁਬੇ ਲਕਸ਼ਮਣ ਦੀ ਭੂਮਿਕਾ ਨਿਭਾ ਰਹੇ ਹਨ। ਫ਼ਿਲਮ ਦਾ ਦੂਜਾ ਭਾਗ ਦੀਵਾਲੀ 2028 ਵਿੱਚ ਰਿਲੀਜ਼ ਹੋਣ ਦੀ ਯੋਜਨਾ ਹੈ।