ਪੀਅਰੇ ਪੋਇਲੀਵਰ ਨੇ ਅਲਬਰਟਾ ਉਪ-ਚੋਣ ਜਿੱਤੀ, ਹਾਊਸ ਆਫ਼ ਕਾਮਨਜ਼ ਵਿੱਚ ਮੁੜ ਕੀਤੀ ਸੀਟ ਹਾਸਲ

ਪੀਅਰੇ ਪੋਇਲੀਵਰ ਨੇ ਅਲਬਰਟਾ ਉਪ-ਚੋਣ ਜਿੱਤੀ, ਹਾਊਸ ਆਫ਼ ਕਾਮਨਜ਼ ਵਿੱਚ ਮੁੜ ਕੀਤੀ ਸੀਟ ਹਾਸਲ

ਕੈਮਰੋਜ਼- ਕੰਜ਼ਰਵੇਟਿਵ ਆਗੂ ਪੀਅਰੇ ਪੋਇਲੀਵਰ ਨੇ ਬੈਟਲ ਰਿਵਰ-ਕਰੋਫੁੱਟ ਦੇ ਪੇਂਡੂ ਅਲਬਰਟਾ ਰਾਈਡਿੰਗ ਵਿੱਚ ਉਪ-ਚੋਣ ਜਿੱਤ ਲਈ ਹੈ ਅਤੇ ਮੁੜ ਹਾਊਸ ਆਫ਼ ਕਾਮਨਜ਼ ਵਿੱਚ ਸੀਟ ਹਾਸਲ ਕਰਨ ਵਿੱਚ ਕਾਮਯਾਬ ਹੋ ਗਏ ਹਨ। ਜਾਣਕਾਰੀ ਮੁਤਾਬਕ ਵੋਟਿੰਗ ਬੰਦ ਹੋਣ ਤੋਂ ਤਕਰੀਬਨ1 ਘੰਟੇ ਬਾਅਦ ਲਗਭਗ ਇੱਕ ਤਿਹਾਈ ਪੋਲ ਵਿੱਚ ਉਹ 80 ਪ੍ਰਤੀਸ਼ਤ ਤੋਂ ਵੱਧ ਵੋਟਾਂ ਨਾਲ ਅੱਗੇ ਚੱਲ ਰਹੇ ਸਨ। ਇਸ ਮੌਕੇ ਪਾਇਲੀਵਰ ਨੇ ਗੱਲਬਾਤ ਕਰਦਿਆਂ ਕਿਹਾ ਕਿ ਇਸ ਖੇਤਰ ਦੇ ਲੋਕਾਂ ਨੂੰ ਜਾਣਨਾ ਮੇਰੀ ਜ਼ਿੰਦਗੀ ਦਾ ਸਨਮਾਨ ਰਿਹਾ ਹੈ। ਜ਼ਿਕਰਯੋਗ ਹੈ ਕੰਜ਼ਰਵੇਟਿਵ ਡੈਮੀਅਨ ਕੁਰੇਕ ਦੇ ਇਸ ਸੀਟ ਤੋਂ ਅਸਤੀਫਾ ਦੇਣ ਤੋਂ ਬਾਅਦ ਇਹ ਰਾਈਡਿੰਗ ਖਾਲੀ ਰਹਿ ਗਈ ਸੀ। ਪਾਇਲੀਵਰ ਕਾਰਲੇਟਨ ਦੇ ਓਟਾਵਾ-ਖੇਤਰ ਰਾਈਡਿੰਗ ਵਿੱਚ ਲਗਾਤਾਰ ਸੱਤ ਵਾਰ ਚੁਣੇ ਗਏ ਸਨ ਪਰ ਅਪ੍ਰੈਲ ਵਿੱਚ ਲਿਬਰਲ ਬਰੂਸ ਫੈਨਜੋਏ ਤੋਂ ਹਾਰ ਗਏ ਸਨ। ਗੌਰਤਲਬ ਹੈ ਬੈਟਲ ਰਿਵਰ-ਕਰੋਫੁੱਟ ਲਈ ਬਹੁਤ ਸਾਰੇ ਹੋਰ ਉਮੀਦਵਾਰ ਸਨ, ਵੋਟਰਾਂ ਨੂੰ ਪਹਿਲੀ ਵਾਰ ਖਾਲੀ ਬੈਲਟ ’ਤੇ ਆਪਣੇ ਪਸੰਦੀਦਾ ਉਮੀਦਵਾਰ ਦਾ ਨਾਮ ਲਿਖਣ ਦੀ ਲੋੜ ਸੀ। ਐਡਮੰਟਨ ਤੋਂ ਕੈਲਗਰੀ ਤੱਕ ਫੈਲੀ ਹੋਈ ਪੂਰਬੀ ਅਲਬਰਟਾ ਰਾਈਡਿੰਗ ਨੂੰ ਦੇਸ਼ ਦੀਆਂ ਸਭ ਤੋਂ ਸੁਰੱਖਿਅਤ ਕੰਜ਼ਰਵੇਟਿਵ ਸੀਟਾਂ ਵਿੱਚੋਂ ਇੱਕ ਮੰਨਿਆ ਜਾਂਦਾ ਹੈ। ਟੋਰੀ ਨੇਤਾ ਦੇ ਵੱਡੇ ਫਰਕ ਨਾਲ ਜਿੱਤਣ ਦੀ ਉਮੀਦ ਕੀਤੀ ਜਾ ਰਹੀ ਸੀ।  ਇਸ ਮੌਕੇ ਓਨਟਾਰੀਓ ਵਿੱਚ ਗੈਲਫ ਯੂਨੀਵਰਸਿਟੀ ਦੇ ਐਸੋਸੀਏਟ ਪ੍ਰੋਫੈਸਰ ਜੂਲੀ ਸਿਮੰਸ ਨੇ ਕਿਹਾ ਕਿ ਕੰਜ਼ਰਵੇਟਿਵਾਂ ਨੇ 2004 ਤੋਂ ਹਰ ਚੋਣ ਵਿੱਚ ਘੱਟੋ-ਘੱਟ 80 ਪ੍ਰਤੀਸ਼ਤ ਵੋਟਾਂ ਨਾਲ ਰਾਈਡਿੰਗ ਜਿੱਤੀ ਹੈ। ਨਾਲ ਹੀ ਕੈਲਗਰੀ ਵਿੱਚ ਮਾਊਂਟ ਰਾਇਲ ਯੂਨੀਵਰਸਿਟੀ ਵਿੱਚ ਰਾਜਨੀਤੀ ਸ਼ਾਸਤਰ ਦੇ ਪ੍ਰੋਫੈਸਰ ਲੋਰੀ ਵਿਲੀਅਮਜ਼ ਨੇ ਕਿਹਾ ਕਿ ਪੋਇਲੀਵਰ ਨੂੰ “ਨਿਰਣਾਇਕ” ਤੌਰ ’ਤੇ ਰਾਈਡਿੰਗ ਜਿੱਤਣ ਦੀ ਜ਼ਰੂਰਤ ਹੈ, ਕਿਉਂਕਿ ਉਸਨੂੰ ਜਨਵਰੀ ਵਿੱਚ ਪਾਰਟੀ ਲੀਡਰਸ਼ਿਪ ਸਮੀਖਿਆ ਦਾ ਸਾਹਮਣਾ ਕਰਨਾ ਪੈ ਰਿਹਾ ਹੈ। ਇਸ ਦੌੜ ਵਿੱਚ ਹੋਰ ਉਮੀਦਵਾਰਾਂ ਵਿੱਚ ਲਿਬਰਲਾਂ ਲਈ ਊਰਜਾ ਖੇਤਰ ਤੋਂ ਡਾਰਸੀ ਸਪੈਡੀ ਅਤੇ ਸੈਮਸਨ ਕ੍ਰੀ ਨੇਸ਼ਨ ਲਈ ਇੱਕ ਸਾਬਕਾ ਬੈਂਡ ਕੌਂਸਲਰ ਕੈਥਰੀਨ ਸਵੈਂਪੀ ਸ਼ਾਮਲ ਸਨ, ਜੋ ਐਨਡੀਪੀ ਲਈ ਚੋਣ ਲੜੀਆਂ ਸਨ। ਲਿਬਰਟੇਰੀਅਨ ਪਾਰਟੀ ਦੇ ਉਮੀਦਵਾਰ ਮਾਈਕਲ ਹੈਰਿਸ ਵੀ ਚੋਣ ਲੜ ਰਹੇ ਸਨ, ਜੋ ਅਲਬਰਟਾ ਨੂੰ ਕੈਨੇਡਾ ਤੋਂ ਵੱਖ ਹੋਣ ਬਾਰੇ ਇੱਕ ਜਨਮਤ ਸੰਗ੍ਰਹਿ ਲਈ ਜ਼ੋਰ ਦੇਣ ਦੇ ਵਾਅਦੇ ’ਤੇ ਚੋਣ ਲੜੇ ਸਨ।