ਨਿਊ ਵੈਸਟਮਿੰਸਟਰ ਸਿਟੀ ਕੌਂਸਲ ਵੱਲੋਂ ਘਰਾਂ ਦੇ ਅੰਦਰ ਸੁਰੱਖਿਅਤ ਤਾਪਮਾਨ ਯਕੀਨੀ ਬਣਾਉਣ ਲਈ ਨਵਾਂ ਬਾਈਲਾਅ ਮਨਜ਼ੂਰ
ਵੈਨਕੂਵਰ-ਨਿਊ ਵੈਸਟਮਿੰਸਟਰ ਸਿਟੀ ਕੌਂਸਲ ਨੇ ਇੱਕ ਨਵੇਂ ਬਾਈਲਾਅ ਸੋਧ ਨੂੰ ਮਨਜ਼ੂਰੀ ਦੇ ਦਿੱਤੀ ਹੈ, ਜਿਸ ਤਹਿਤ ਮਕਾਨ ਮਾਲਕਾਂ ਅਤੇ ਜਾਇਦਾਦ ਮਾਲਕਾਂ ਲਈ ਕਿਰਾਏ ਦੇ ਘਰਾਂ ਵਿੱਚ ਸੁਰੱਖਿਅਤ ਅੰਦਰੂਨੀ ਤਾਪਮਾਨ ਬਣਾਈ ਰੱਖਣਾ ਲਾਜ਼ਮੀ ਹੋਵੇਗਾ।ਸਿਟੀ ਹਾਲ ਵੱਲੋਂ ਜਾਰੀ ਜਾਣਕਾਰੀ ਅਨੁਸਾਰ ਨਵੇਂ ਨਿਯਮ ਤਹਿਤ ਕਿਰਾਏ ਦੀ ਹਰ ਰਿਹਾਇਸ਼ੀ ਇਕਾਈ ਵਿੱਚ ਘੱਟੋ-ਘੱਟ ਇੱਕ ਕਮਰੇ ਦਾ ਤਾਪਮਾਨ ਰਾਤ 8 ਵਜੇ ਤੋਂ ਸਵੇਰੇ 8 ਵਜੇ ਤੱਕ 26 ਡਿਗਰੀ ਸੈਲਸੀਅਸ ਤੋਂ ਵੱਧ ਨਹੀਂ ਹੋਣਾ ਚਾਹੀਦਾ।
ਵਪਾਰਕ ਨਿਯਮਾਂ ਅਤੇ ਲਾਇਸੈਂਸਿੰਗ ਨਾਲ ਸਬੰਧਤ ਸੋਧਿਆ ਗਿਆ ਇਹ ਬਾਈਲਾਅ ਹਰ ਸਾਲ 1 ਅਪ੍ਰੈਲ ਤੋਂ 31 ਅਕਤੂਬਰ ਤੱਕ ਲਾਗੂ ਰਹੇਗਾ।ਸਿਟੀ ਹਾਲ ਨੇ ਆਪਣੇ ਬਿਆਨ ਵਿੱਚ ਕਿਹਾ ਹੈ ਕਿ ਇਹ ਨਵਾਂ ਕਦਮ ਪਿਛਲੇ ਸਾਲਾਂ ਦੌਰਾਨ ਆਈਆਂ ਭਿਆਨਕ ਗਰਮੀ ਦੀਆਂ ਲਹਿਰਾਂ ਦੇ ਤਜਰਬਿਆਂ ਨੂੰ ਧਿਆਨ ਵਿੱਚ ਰੱਖ ਕੇ ਚੁੱਕਿਆ ਗਿਆ ਹੈ। ਇਸ ਦਿਸ਼ਾ ਵਿੱਚ ਪਹਿਲਾ ਕਦਮ ਪਿਛਲੇ ਸਾਲ ਚੁੱਕਿਆ ਗਿਆ ਸੀ, ਜਦੋਂ ਕੌਂਸਲ ਨੇ ਮਕਾਨ ਮਾਲਕਾਂ ਵੱਲੋਂ ਕਿਰਾਏ ਦੇ ਘਰਾਂ ਵਿੱਚ ਏਅਰ ਕੰਡੀਸ਼ਨਰ ਜਾਂ ਹੋਰ ਠੰਢਕ ਉਪਕਰਨਾਂ ਉੱਤੇ ਪਾਬੰਦੀ ਲਗਾਉਣ 'ਤੇ ਰੋਕ ਲਗਾ ਦਿੱਤੀ ਸੀ।ਨਿਊ ਵੈਸਟਮਿੰਸਟਰ ਦੇ ਮੇਅਰ ਪੈਟਰਿਕ ਜੌਨਸਟੋਨ ਨੇ ਕਿਹਾ ਕਿ 2021 ਵਿੱਚ ਆਈ ਭਿਆਨਕ ‘ਹੀਟ ਡੋਮ’ ਘਟਨਾ ਤੋਂ ਬਾਅਦ ਸ਼ਹਿਰ ਨੇ ਅਤਿ ਗਰਮੀ ਨਾਲ ਨਜਿੱਠਣ ਲਈ ਕਈ ਮਹੱਤਵਪੂਰਨ ਕਦਮ ਚੁੱਕੇ ਹਨ। ਇਨ੍ਹਾਂ ਵਿੱਚ ਐਮਰਜੈਂਸੀ ਤਿਆਰੀਆਂ ਨੂੰ ਮਜ਼ਬੂਤ ਕਰਨਾ, ਵੱਧ ਖ਼ਤਰੇ ਵਾਲੀਆਂ ਇਮਾਰਤਾਂ ਅਤੇ ਲੋਕਾਂ ਦੀ ਪਛਾਣ ਕਰਨਾ ਅਤੇ ਗਰਮੀ ਨਾਲ ਜੁੜੇ ਖ਼ਤਰਿਆਂ ਨੂੰ ਘਟਾਉਣ ਲਈ ਬਾਈਲਾਅ ਵਿੱਚ ਸੋਧਾਂ ਕਰਨਾ ਸ਼ਾਮਲ ਹੈ।
ਸ਼ਹਿਰੀ ਪ੍ਰਸ਼ਾਸਨ ਮੁਤਾਬਕ 2021 ਦੀ ਹੀਟ ਡੋਮ ਘਟਨਾ ਦੌਰਾਨ ਇਕੱਲੇ ਨਿਊ ਵੈਸਟਮਿੰਸਟਰ ਵਿੱਚ ਹੀ 33 ਲੋਕਾਂ ਦੀ ਮੌਤ ਹੋਈ ਸੀ।ਨਵੇਂ ਨਿਯਮਾਂ ਦੀ ਪਾਲਣਾ ਲਈ ਮਕਾਨ ਮਾਲਕਾਂ ਨੂੰ ‘ਕੂਲਿੰਗ ਆਡਿਟ’ ਕਰਵਾਉਣ ਅਤੇ ਕਿਰਾਏਦਾਰਾਂ ਨਾਲ ਮਿਲ ਕੇ ਠੰਢਕ ਸਬੰਧੀ ਸਭ ਤੋਂ ਵਧੀਆ ਵਿਕਲਪਾਂ ਦੀ ਪਛਾਣ ਕਰਨ ਦੀ ਸਲਾਹ ਦਿੱਤੀ ਗਈ ਹੈ।ਸਿਟੀ ਹਾਲ ਨੇ ਕਿਹਾ ਕਿ ਜਾਇਦਾਦ ਮਾਲਕ ਆਪਣੀ ਇਮਾਰਤ ਦੀਆਂ ਲੋੜਾਂ ਮੁਤਾਬਕ ਕੋਈ ਵੀ ਢੁੱਕਵਾਂ ਹੱਲ ਚੁਣ ਸਕਦੇ ਹਨ, ਬਸ਼ਰਤੇ ਅੰਦਰੂਨੀ ਤਾਪਮਾਨ ਸੁਰੱਖਿਅਤ ਹੱਦ ਵਿੱਚ ਬਣਿਆ ਰਹੇ।ਪ੍ਰਸ਼ਾਸਨ ਅਨੁਸਾਰ ਘੱਟ ਖ਼ਰਚੇ ਵਾਲੇ ਉਪਾਵਾਂ ਵਿੱਚ ਥਰਮਲ ਪਰਦੇ, ਖਿੜਕੀਆਂ ਉੱਤੇ ਵਿਸ਼ੇਸ਼ ਫ਼ਿਲਮ, ਪੋਰਟੇਬਲ ਏਅਰ ਕੰਡੀਸ਼ਨਰ, ਛੱਤ ਵਾਲੇ ਪੱਖੇ, ਸਟੈਂਡਿੰਗ ਪੱਖੇ, ਹਵਾ ਦੀ ਲੀਕੇਜ ਰੋਕਣ ਦੇ ਉਪਾਵ ਅਤੇ ਐਚ.ਵੀ.ਏ.ਸੀ. ਫ਼ਿਲਟਰਾਂ ਦੀ ਸਫ਼ਾਈ ਸ਼ਾਮਲ ਹਨ।
















