ਨਿਊਫਾਊਂਡਲੈਂਡ-ਕਿਊਬੈਕ ਬਿਜਲੀ ਸਮਝੌਤੇ ਦਾ ਵਿਰੋਧ, ਵਿਧਾਇਕ ਨੇ ਛੱਡੀ ਪਾਰਟੀ

A four-day debate has begun in Newfoundland and Labrador over a proposed 50-year energy agreement with Hydro-Québec. Government MLA Keith Russell unexpectedly left the Progressive Conservative Party to sit as an Independent, saying he needed to put the people he represents first.

ਨਿਊਫਾਊਂਡਲੈਂਡ-ਕਿਊਬੈਕ ਬਿਜਲੀ ਸਮਝੌਤੇ ਦਾ ਵਿਰੋਧ, ਵਿਧਾਇਕ ਨੇ ਛੱਡੀ ਪਾਰਟੀ

ਨਿਊਫਾਊਂਡਲੈਂਡ: ਨਿਊਫਾਊਂਡਲੈਂਡ ਅਤੇ ਲੈਬਰਾਡੋਰ ਵਿਧਾਨ ਸਭਾ ਵਿੱਚ ਕਿਊਬੈਕ ਨਾਲ ਪ੍ਰਸਤਾਵਿਤ ਬਿਜਲੀ ਸਮਝੌਤੇ ਨੂੰ ਲੈ ਕੇ ਸੋਮਵਾਰ ਨੂੰ ਚਾਰ ਦਿਨਾਂ ਦੀ ਬਹਿਸ ਸ਼ੁਰੂ ਹੋ ਗਈ। ਇਸ ਦੌਰਾਨ ਸਰਕਾਰ ਦੇ ਵਿਧਾਇਕ ਕੀਥ ਰਸਲ ਨੇ ਪ੍ਰੋਗਰੈਸਿਵ ਕੰਜ਼ਰਵੇਟਿਵ ਪਾਰਟੀ ਛੱਡ ਕੇ ਆਪਣੇ ਲੈਬਰਾਡੋਰ ਹਲਕੇ ਦੀ ਆਜ਼ਾਦ ਵਿਧਾਇਕ ਵਜੋਂ ਨੁਮਾਇੰਦਗੀ ਕਰਨ ਦਾ ਐਲਾਨ ਕੀਤਾ।ਰਸਲ ਨੇ ਕਿਹਾ ਕਿ ਇਹ ਫ਼ੈਸਲਾ ਉਨ੍ਹਾਂ ਲਈ ਆਸਾਨ ਨਹੀਂ ਸੀ, ਪਰ ਜਨਤਕ ਜੀਵਨ ਵਿੱਚ ਅਜਿਹੇ ਮੌਕੇ ਆਉਂਦੇ ਹਨ ਜਦੋਂ ਆਪਣੀ ਅੰਤਰਆਤਮਾ ਦੀ ਆਵਾਜ਼ ਸੁਣ ਕੇ ਲੋਕਾਂ ਨੂੰ ਪਹਿਲ ਦੇਣੀ ਪੈਂਦੀ ਹੈ। ਉਨ੍ਹਾਂ ਨੇ ਪਾਰਟੀ ਛੱਡਣ ਦਾ ਕਾਰਨ ਨਹੀਂ ਦੱਸਿਆ ਅਤੇ ਐਲਾਨ ਤੋਂ ਬਾਅਦ ਪੱਤਰਕਾਰਾਂ ਨਾਲ ਗੱਲ ਕਰਨ ਤੋਂ ਵੀ ਇਨਕਾਰ ਕਰ ਦਿੱਤਾ।

ਪ੍ਰੀਮੀਅਰ ਟੋਨੀ ਵੇਕਹੈਮ ਨੇ ਰਸਲ ਦੇ ਫ਼ੈਸਲੇ ’ਤੇ ਹੈਰਾਨੀ ਜਤਾਈ। ਰਸਲ ਦੇ ਪਾਰਟੀ ਛੱਡਣ ਤੋਂ ਬਾਅਦ ਪ੍ਰੋਗਰੈਸਿਵ ਕੰਜ਼ਰਵੇਟਿਵਾਂ ਕੋਲ 40 ਮੈਂਬਰੀ ਵਿਧਾਨ ਸਭਾ ਵਿੱਚ 20 ਨਿਯਮਤ ਵੋਟਿੰਗ ਮੈਂਬਰ ਰਹਿ ਗਏ ਹਨ, ਹਾਲਾਂਕਿ ਉਨ੍ਹਾਂ ਕੋਲ ਹਾਲੇ ਵੀ ਕਾਰਜਕਾਰੀ ਬਹੁਮਤ ਹੈ।ਵਿਧਾਨ ਸਭਾ ਦੇ ਬਾਹਰ 100 ਤੋਂ ਵੱਧ ਲੋਕਾਂ ਨੇ ਪ੍ਰਸਤਾਵਿਤ ਬਿਜਲੀ ਸਮਝੌਤੇ ਦਾ ਵਿਰੋਧ ਕੀਤਾ ਅਤੇ ਸੂਬੇ ਦਾ ਅਧਿਕਾਰਤ ਗੀਤ ‘ਓਡ ਟੂ ਨਿਊਫਾਊਂਡਲੈਂਡ’ ਗਾਇਆ। ਪ੍ਰਦਰਸ਼ਨਕਾਰੀਆਂ ਨੇ ਰਸਲ ਦੇ ਪਾਰਟੀ ਛੱਡਣ ਦੇ ਫ਼ੈਸਲੇ ਦੀ ਸ਼ਲਾਘਾ ਵੀ ਕੀਤੀ।

ਆਲੋਚਕਾਂ ਦਾ ਕਹਿਣਾ ਹੈ ਕਿ 50 ਸਾਲਾਂ ਦਾ ਇਹ ਸਮਝੌਤਾ ਨਿਊਫਾਊਂਡਲੈਂਡ ਅਤੇ ਲੈਬਰਾਡੋਰ ਦੇ ਹਿੱਤ ਵਿੱਚ ਨਹੀਂ ਹੈ ਅਤੇ ਇਸ ਤਹਿਤ ਚਰਚਿਲ ਦਰਿਆ ਤੋਂ ਪੈਦਾ ਹੋਣ ਵਾਲੀ ਬਿਜਲੀ ਦਾ ਵੱਡਾ ਹਿੱਸਾ ਹਾਈਡਰੋ-ਕਿਊਬੈਕ ਨੂੰ ਮਿਲੇਗਾ।ਇਹ ਵਿਵਾਦ 1969 ਦੇ ਉਸ ਸਮਝੌਤੇ ਨਾਲ ਵੀ ਜੁੜਿਆ ਹੋਇਆ ਹੈ, ਜਿਸ ਤਹਿਤ ਹਾਈਡਰੋ-ਕਿਊਬੈਕ ਨੂੰ ਚਰਚਿਲ ਫਾਲਜ਼ ਪਾਵਰ ਪਲਾਂਟ ਤੋਂ ਬਹੁਤ ਘੱਟ ਦਰ ’ਤੇ ਬਿਜਲੀ ਮਿਲਦੀ ਆ ਰਹੀ ਹੈ। ਮੌਜੂਦਾ ਸਮਝੌਤੇ ਤਹਿਤ ਹਾਈਡਰੋ-ਕਿਊਬੈਕ ਨੂੰ ਬਿਜਲੀ ਦੀ ਕੀਮਤ ਸਿਰਫ਼ 0.2 ਸੈਂਟ ਪ੍ਰਤੀ ਕਿਲੋਵਾਟ-ਘੰਟਾ ਪੈਂਦੀ ਹੈ।

ਨਵੇਂ ਸਮਝੌਤੇ ਵਿੱਚ ਚਰਚਿਲ ਫਾਲਜ਼ ਤੋਂ ਬਿਜਲੀ ਦੀਆਂ ਉੱਚੀਆਂ ਦਰਾਂ, ਚਰਚਿਲ ਦਰਿਆ ’ਤੇ 2,700 ਮੈਗਾਵਾਟ ਦੇ ਨਵੇਂ ਗੁਲ ਆਈਲੈਂਡ ਪਾਵਰ ਪ੍ਰੋਜੈਕਟ ਅਤੇ ਹੋਰ ਪਣ-ਬਿਜਲੀ ਤੇ ਹਵਾ ਊਰਜਾ ਪ੍ਰੋਜੈਕਟਾਂ ਦੀ ਯੋਜਨਾ ਸ਼ਾਮਲ ਹੈ।ਅਧਿਕਾਰੀਆਂ ਮੁਤਾਬਕ 50 ਸਾਲਾਂ ਦੇ ਸਮਝੌਤੇ ਤਹਿਤ ਨਿਊਫਾਊਂਡਲੈਂਡ ਅਤੇ ਲੈਬਰਾਡੋਰ ਨੂੰ ਲਗਭਗ 49 ਅਰਬ ਡਾਲਰ ਦਾ ਲਾਭ ਮਿਲਣ ਦਾ ਅੰਦਾਜ਼ਾ ਹੈ। ਫੈਡਰਲ ਸਰਕਾਰ ਵੱਲੋਂ ਪ੍ਰਸਤਾਵਿਤ ਪ੍ਰੋਜੈਕਟਾਂ ਲਈ ਲਗਭਗ 10 ਅਰਬ ਡਾਲਰ ਦੀ ਵਿੱਤੀ ਸਹਾਇਤਾ ਦੇਣ ਦੀ ਗੱਲ ਵੀ ਕੀਤੀ ਗਈ ਹੈ।ਸਮਝੌਤੇ ਦੇ ਮੁੱਖ ਵਾਰਤਾਕਾਰ ਬੈਰੀ ਪੈਰੀ ਨੇ ਕਿਹਾ ਕਿ ਜੇਕਰ ਮੌਜੂਦਾ ਸਮਝੌਤੇ ’ਤੇ ਸਹਿਮਤੀ ਨਾ ਬਣੀ ਤਾਂ ਅਗਲੇ 15 ਸਾਲਾਂ ਦੌਰਾਨ ਨਿਊਫਾਊਂਡਲੈਂਡ ਅਤੇ ਲੈਬਰਾਡੋਰ ਨੂੰ ਇਸ ਤੋਂ ਕੋਈ ਆਮਦਨ ਨਹੀਂ ਮਿਲੇਗੀ।ਪ੍ਰਸਤਾਵਿਤ ਸਮਝੌਤੇ ਨੂੰ ਲੈ ਕੇ ਸੂਬੇ ਵਿੱਚ ਰਾਜਨੀਤਿਕ ਅਤੇ ਜਨਤਕ ਪੱਧਰ ’ਤੇ ਵਿਰੋਧ ਜਾਰੀ ਹੈ।