ਕੈਲਗਰੀ ਵਿੱਚ 19.5 ਮਿਲੀਅਨ ਡਾਲਰ ਦਾ ਫੂਡ ਪ੍ਰੋਸੈਸਿੰਗ ਪਲਾਂਟ ਲਗਾਏਗੀ ਹੈਲੋਫ੍ਰੈਸ਼, 400 ਨਵੀਆਂ ਨੌਕਰੀਆਂ ਬਣਨਗੀਆਂ
ਕੈਲਗਰੀ-ਅਲਬਰਟਾ ਵਿੱਚ ਵੈਲਿਊ-ਐਡਿਡ ਖੇਤੀ-ਖੁਰਾਕ ਉਦਯੋਗ ਨੂੰ ਹੋਰ ਮਜ਼ਬੂਤੀ ਦੇਣ ਲਈ ਫੈਡਰਲ ਅਤੇ ਸੂਬਾਈ ਸਰਕਾਰਾਂ ਵੱਲੋਂ ਵੱਡੇ ਨਿਵੇਸ਼ ਨੂੰ ਉਤਸ਼ਾਹਿਤ ਕੀਤਾ ਜਾ ਰਿਹਾ ਹੈ। ਇਸੇ ਤਹਿਤ GDE ਗਰੋਸਰੀ ਡਿਲਿਵਰੀ ਈ-ਸਰਵਿਸਿਜ਼ ਕੈਨੇਡਾ ਇੰਕ., ਜੋ "ਹੈਲੋਫ੍ਰੈਸ਼" ਦੇ ਨਾਮ ਨਾਲ ਜਾਣੀ ਜਾਂਦੀ ਹੈ, ਨੂੰ ਕੈਲਗਰੀ ਵਿੱਚ ਨਵੇਂ ਅਤਿ-ਆਧੁਨਿਕ ਖੇਤੀ-ਖੁਰਾਕ ਪ੍ਰੋਸੈਸਿੰਗ ਪਲਾਂਟ ਲਈ 2.3 ਮਿਲੀਅਨ ਡਾਲਰ ਤੱਕ ਦੀ ਐਗਰੀ-ਪ੍ਰੋਸੈਸਿੰਗ ਇਨਵੈਸਟਮੈਂਟ ਟੈਕਸ ਕ੍ਰੈਡਿਟ (APITC) ਦੀ ਸ਼ਰਤੀਆ ਮਨਜ਼ੂਰੀ ਦਿੱਤੀ ਗਈ ਹੈ।ਕੰਪਨੀ ਵੱਲੋਂ ਇਸ ਪ੍ਰੋਜੈਕਟ ਵਿੱਚ ਕੁੱਲ 19.5 ਮਿਲੀਅਨ ਡਾਲਰ ਦਾ ਨਿਵੇਸ਼ ਕੀਤਾ ਜਾ ਰਿਹਾ ਹੈ। ਇਸ ਦੇ ਨਾਲ ਹੀ ਕੰਪਨੀ ਨੂੰ ਸਸਟੇਨੇਬਲ ਕੈਨੇਡੀਅਨ ਐਗਰੀਕਲਚਰਲ ਪਾਰਟਨਰਸ਼ਿਪ (CAP) ਦੇ ਐਮਰਜਿੰਗ ਅਪਰਚੂਨਿਟੀਜ਼ ਪ੍ਰੋਗਰਾਮ ਤਹਿਤ 1.3 ਮਿਲੀਅਨ ਡਾਲਰ ਤੱਕ ਦੀ ਗ੍ਰਾਂਟ ਵੀ ਪ੍ਰਦਾਨ ਕੀਤੀ ਗਈ ਹੈ।
ਅਲਬਰਟਾ ਦੀ ਖੇਤੀਬਾੜੀ ਅਤੇ ਸਿੰਚਾਈ ਮੰਤਰੀ ਤਾਰਾ ਸਾਅਅਰ ਨੇ ਕਿਹਾ ਕਿ ਸੂਬੇ ਦੀਆਂ ਵਪਾਰਕ ਅਨੁਕੂਲ ਨੀਤੀਆਂ ਅਤੇ ਮਜ਼ਬੂਤ ਖੇਤੀ ਖੇਤਰ ਵੱਡੇ ਨਿਵੇਸ਼ਾਂ ਨੂੰ ਆਕਰਸ਼ਿਤ ਕਰ ਰਹੇ ਹਨ। ਉਨ੍ਹਾਂ ਕਿਹਾ ਕਿ ਇਸ ਨਾਲ ਪਰਿਵਾਰਕ ਕਿਸਾਨਾਂ ਤੋਂ ਲੈ ਕੇ ਵੱਡੇ ਪ੍ਰੋਸੈਸਿੰਗ ਉਦਯੋਗਾਂ ਤੱਕ ਪੂਰੀ ਵੈਲਿਊ ਚੇਨ ਨੂੰ ਫਾਇਦਾ ਹੋਵੇਗਾ ਅਤੇ ਅਲਬਰਟਾ ਦੀ ਕਾਰੋਬਾਰ ਪੱਖੀ ਛਵੀ ਹੋਰ ਮਜ਼ਬੂਤ ਹੋਵੇਗੀ।ਹੈਲੋਫ੍ਰੈਸ਼ ਆਪਣੀ "ਫੈਕਟਰ ਮੀਲਜ਼" ਬ੍ਰਾਂਡ ਤਹਿਤ ਸ਼ੈਫ਼ਾਂ ਵੱਲੋਂ ਤਿਆਰ ਕੀਤੇ ਰੈਡੀ-ਟੂ-ਈਟ ਭੋਜਨ ਤਿਆਰ ਕਰਦੀ ਅਤੇ ਵੰਡਦੀ ਹੈ। ਇਹ ਭੋਜਨ ਵੱਖ-ਵੱਖ ਖੁਰਾਕੀ ਲੋੜਾਂ ਅਤੇ ਜੀਵਨ ਸ਼ੈਲੀ ਦੇ ਟੀਚਿਆਂ ਅਨੁਸਾਰ ਤਿਆਰ ਕੀਤੇ ਜਾਂਦੇ ਹਨ, ਜਿਨ੍ਹਾਂ ਵਿੱਚ ਕਿਟੋਜੈਨਿਕ, ਘੱਟ ਕੈਲੋਰੀ ਅਤੇ ਉੱਚ ਪ੍ਰੋਟੀਨ ਵਾਲੇ ਵਿਕਲਪ ਵੀ ਸ਼ਾਮਲ ਹਨ।
ਕੰਪਨੀ ਨੇ ਐਲਾਨ ਕੀਤਾ ਹੈ ਕਿ ਇਨ੍ਹਾਂ ਭੋਜਨਾਂ ਲਈ ਵਰਤਿਆ ਜਾਣ ਵਾਲਾ ਸਾਰਾ ਮੀਟ ਅਤੇ ਸਬਜ਼ੀਆਂ ਅਲਬਰਟਾ ਦੇ ਕਿਸਾਨਾਂ ਅਤੇ ਖੇਤੀ ਸਪਲਾਇਰਾਂ ਤੋਂ ਹੀ ਖਰੀਦੀਆਂ ਜਾਣਗੀਆਂ। ਇਸ ਨਾਲ ਸਥਾਨਕ ਖੇਤੀਬਾੜੀ ਅਤੇ ਖੁਰਾਕ ਉਦਯੋਗ ਨੂੰ ਵੱਡਾ ਹੁਲਾਰਾ ਮਿਲੇਗਾ।ਫੈਡਰਲ ਖੇਤੀਬਾੜੀ ਅਤੇ ਖੇਤੀ-ਖੁਰਾਕ ਮੰਤਰੀ ਹੀਥ ਮੈਕਡੋਨਲਡ ਨੇ ਕਿਹਾ ਕਿ ਕੇਂਦਰ ਸਰਕਾਰ ਦੇਸ਼ ਦੇ ਖੇਤੀ-ਖੁਰਾਕ ਖੇਤਰ ਵਿੱਚ ਨਵੀਨਤਾ ਅਤੇ ਨਿਵੇਸ਼ ਨੂੰ ਉਤਸ਼ਾਹਿਤ ਕਰਨ ਲਈ ਵਚਨਬੱਧ ਹੈ। ਉਨ੍ਹਾਂ ਕਿਹਾ ਕਿ ਇਸ ਤਰ੍ਹਾਂ ਦੇ ਪ੍ਰੋਜੈਕਟ ਨਾ ਸਿਰਫ਼ ਰੁਜ਼ਗਾਰ ਦੇ ਮੌਕੇ ਪੈਦਾ ਕਰਦੇ ਹਨ, ਸਗੋਂ ਦੇਸ਼ ਦੀ ਖੁਰਾਕ ਸਪਲਾਈ ਲੜੀ ਨੂੰ ਵੀ ਹੋਰ ਮਜ਼ਬੂਤ ਬਣਾਉਂਦੇ ਹਨ।
ਫੈਕਟਰ ਕੈਨੇਡਾ ਦੇ ਜਨਰਲ ਮੈਨੇਜਰ ਅਤੇ ਵਾਈਸ ਪ੍ਰੈਜ਼ੀਡੈਂਟ ਕੇਵਿਨ ਮਾਰਬਨ ਨੇ ਕਿਹਾ ਕਿ ਪੱਛਮੀ ਕੈਨੇਡਾ ਵਿੱਚ ਵਿਸਥਾਰ ਲਈ ਅਲਬਰਟਾ ਸਭ ਤੋਂ ਉਚਿਤ ਚੋਣ ਸੀ। ਉਨ੍ਹਾਂ ਦੱਸਿਆ ਕਿ ਕੈਲਗਰੀ ਵਿੱਚ ਬਣਿਆ 50,000 ਵਰਗ ਫੁੱਟ ਦਾ ਨਵਾਂ ਕਿਚਨ ਅਤੇ ਡਿਸਟ੍ਰੀਬਿਊਸ਼ਨ ਸੈਂਟਰ ਗਾਹਕਾਂ ਤੱਕ ਤਾਜ਼ਾ ਭੋਜਨ ਪਹੁੰਚਾਉਣ ਵਿੱਚ ਮਦਦ ਕਰੇਗਾ ਅਤੇ ਖੁਰਾਕ ਸਪਲਾਈ ਲੜੀ ਨੂੰ ਹੋਰ ਮਜ਼ਬੂਤ ਬਣਾਏਗਾ।ਜੁਲਾਈ 2025 ਵਿੱਚ ਸ਼ੁਰੂ ਹੋਏ ਇਸ ਪ੍ਰੋਜੈਕਟ ਦਾ ਨਿਰਮਾਣ ਇਸ ਬਸੰਤ ਵਿੱਚ ਪੂਰਾ ਹੋ ਗਿਆ ਹੈ। ਕੰਪਨੀ ਮੁਤਾਬਕ ਇਸ ਨਾਲ 400 ਸਥਾਈ ਅਤੇ 251 ਅਸਥਾਈ ਨੌਕਰੀਆਂ ਪੈਦਾ ਹੋਣਗੀਆਂ।ਜ਼ਿਕਰਯੋਗ ਹੈ ਕਿ ਅਲਬਰਟਾ ਸਰਕਾਰ ਨੇ 2023 ਦੇ ਬਜਟ ਵਿੱਚ ਐਗਰੀ-ਪ੍ਰੋਸੈਸਿੰਗ ਇਨਵੈਸਟਮੈਂਟ ਟੈਕਸ ਕ੍ਰੈਡਿਟ ਦੀ ਸ਼ੁਰੂਆਤ ਕੀਤੀ ਸੀ। 31 ਮਾਰਚ 2026 ਤੱਕ ਇਸ ਤਹਿਤ 1.66 ਬਿਲੀਅਨ ਡਾਲਰ ਦੇ ਨਵੇਂ ਨਿਵੇਸ਼ ਵਾਲੇ 15 ਪ੍ਰੋਜੈਕਟਾਂ ਨੂੰ ਮਨਜ਼ੂਰੀ ਦਿੱਤੀ ਜਾ ਚੁੱਕੀ ਹੈ।
2011 ਵਿੱਚ ਜਰਮਨੀ ਦੇ ਬਰਲਿਨ ਸ਼ਹਿਰ ਵਿੱਚ ਸਥਾਪਿਤ ਹੈਲੋਫ੍ਰੈਸ਼ ਗਰੁੱਪ ਅੱਜ ਦੁਨੀਆ ਦੀਆਂ ਪ੍ਰਮੁੱਖ ਮੀਲ-ਕਿੱਟ ਕੰਪਨੀਆਂ ਵਿੱਚੋਂ ਇੱਕ ਹੈ। ਅਲਬਰਟਾ ਵਿੱਚ ਕੰਪਨੀ ਦਾ ਇੱਕ ਪਲਾਂਟ ਨਿਸਕੂ ਵਿੱਚ ਵੀ ਸਥਿਤ ਹੈ, ਜਿੱਥੇ ਉਹ ਹੈਲੋਫ੍ਰੈਸ਼, ਫੈਕਟਰ ਮੀਲਜ਼, ਐਵਰੀਪਲੇਟ, ਸ਼ੈਫ਼ਜ਼ ਪਲੇਟ ਅਤੇ ਦ ਪੈਟਸ ਟੇਬਲ ਵਰਗੇ ਬ੍ਰਾਂਡਾਂ ਤਹਿਤ ਉਤਪਾਦ ਤਿਆਰ ਕਰਦੀ ਹੈ।
















