ਨਵੀਂ ਤੇਲ ਪਾਈਪਲਾਈਨ ’ਤੇ ਉਦਯੋਗ ਦਾ ਭਰੋਸਾ ਘਟਿਆ, ਫੈਡਰਲ ਮਨਜ਼ੂਰੀ ’ਤੇ ਸਵਾਲ

ਨਵੀਂ ਤੇਲ ਪਾਈਪਲਾਈਨ ’ਤੇ ਉਦਯੋਗ ਦਾ ਭਰੋਸਾ ਘਟਿਆ, ਫੈਡਰਲ ਮਨਜ਼ੂਰੀ ’ਤੇ ਸਵਾਲ

ਅਲਬਰਟਾ — ਨਵੀਂ ਤੇਲ ਪਾਈਪਲਾਈਨ ਪ੍ਰੋਜੈਕਟ ਨੂੰ ਫੈਡਰਲ ਪੱਧਰ ’ਤੇ “ਰਾਸ਼ਟਰੀ ਹਿਤ” ਵਾਲੇ ਪ੍ਰੋਜੈਕਟ ਵਜੋਂ ਮਨਜ਼ੂਰੀ ਮਿਲਣ ਦੀ ਸੰਭਾਵਨਾ ’ਤੇ ਉਦਯੋਗ ਦਾ ਭਰੋਸਾ ਘਟਦਾ ਨਜ਼ਰ ਆ ਰਿਹਾ ਹੈ। ਇਹ ਗੱਲ ਇੱਕ ਨਵੀਂ ਸਰਵੇਖਣ ਰਿਪੋਰਟ ਵਿੱਚ ਸਾਹਮਣੇ ਆਈ ਹੈ।ਨਿਵੇਸ਼ ਫਰਮ ਏਟੀਬੀ ਕੋਰਮਾਰਕ ਕੈਪੀਟਲ ਮਾਰਕੀਟਸ ਵੱਲੋਂ ਕਰਵਾਏ ਗਏ ਇਸ ਸਰਵੇ ਵਿੱਚ ਤੇਲ-ਗੈਸ ਖੇਤਰ ਨਾਲ ਜੁੜੀਆਂ ਕੰਪਨੀਆਂ ਅਤੇ ਨਿਵੇਸ਼ਕਾਂ ਦੀ ਰਾਏ ਲਈ ਗਈ। ਨਤੀਜਿਆਂ ਮੁਤਾਬਕ, ਕੇਵਲ 46 ਫੀਸਦੀ ਜਵਾਬਦਾਤਾਵਾਂ ਨੇ ਮੰਨਿਆ ਕਿ ਨਵੀਂ ਪਾਈਪਲਾਈਨ ਨੂੰ ਜਲਦੀ ਮਨਜ਼ੂਰੀ ਮਿਲ ਸਕਦੀ ਹੈ, ਜਦਕਿ ਪਿਛਲੇ ਸਾਲ ਇਹ ਅੰਕੜਾ 52 ਫੀਸਦੀ ਸੀ।

ਕੁਝ ਉਦਯੋਗ ਅਧਿਕਾਰੀਆਂ ਨੇ ਲਿਖਤੀ ਟਿੱਪਣੀਆਂ ਵਿੱਚ ਫੈਡਰਲ ਸਰਕਾਰ ’ਤੇ ਨਾਰਾਜ਼ਗੀ ਜਤਾਈ। ਇਕ ਅਧਿਕਾਰੀ ਨੇ ਕਿਹਾ ਕਿ ਪਿਛਲੇ 10 ਸਾਲਾਂ ਵਿੱਚ ਬਣੀਆਂ ਢਾਂਚਾਗਤ ਸਮੱਸਿਆਵਾਂ ਹੱਲ ਕਰਨ ਵਿੱਚ ਸਰਕਾਰ ਨਾਕਾਮ ਰਹੀ ਹੈ, ਜਦਕਿ ਦੂਜੇ ਨੇ ਕਿਹਾ ਕਿ ਹੁਣ “ਗੱਲਾਂ ਘੱਟ ਤੇ ਕੰਮ ਵੱਧ” ਦੀ ਲੋੜ ਹੈ।ਹਾਲਾਂਕਿ, ਸਰਵੇ ਵਿੱਚ ਇਹ ਵੀ ਸਾਹਮਣੇ ਆਇਆ ਕਿ ਪ੍ਰਧਾਨ ਮੰਤਰੀ ਮਾਰਕ ਕਾਰਨੀ ਦੀ ਅਗਵਾਈ ਹੇਠ ਫੈਡਰਲ ਸਰਕਾਰ ’ਤੇ ਕੁਝ ਹੱਦ ਤੱਕ ਭਰੋਸਾ ਵਧਿਆ ਹੈ। 48 ਫੀਸਦੀ ਲੋਕਾਂ ਨੇ ਕਿਹਾ ਕਿ ਸਰਕਾਰ ਊਰਜਾ ਖੇਤਰ ਨੂੰ ਵਧਾਉਣ ਲਈ ਕਦਮ ਚੁੱਕ ਸਕਦੀ ਹੈ, ਜੋ ਕਿ ਪਿਛਲੇ ਸਰਵੇ ਦੇ 37 ਫੀਸਦੀ ਨਾਲੋਂ ਵੱਧ ਹੈ।

ਪਿਛਲੇ ਸਾਲ ਨਵੰਬਰ ਵਿੱਚ ਪ੍ਰਧਾਨ ਮੰਤਰੀ ਮਾਰਕ ਕਾਰਨੀ ਅਤੇ ਅਲਬਰਟਾ ਦੀ ਪ੍ਰੀਮੀਅਰ ਡੈਨਿਯਲ ਸਮਿਥ ਨੇ ਇੱਕ ਸਮਝੌਤਾ (ਐਮਓਯੂ) ਸਾਇਨ ਕੀਤਾ ਸੀ, ਜਿਸ ਵਿੱਚ ਵੈਸਟ ਕੋਸਟ ਤੱਕ ਨਵੀਂ ਤੇਲ ਪਾਈਪਲਾਈਨ ਬਣਾਉਣ ਦਾ ਰਸਤਾ ਤੈਅ ਕੀਤਾ ਗਿਆ ਸੀ।ਇਸ ਪ੍ਰੋਜੈਕਟ ਤਹਿਤ ਦਿਨ ਵਿੱਚ ਲਗਭਗ 10 ਲੱਖ ਬੈਰਲ ਤੇਲ ਐਸ਼ੀਆਈ ਬਾਜ਼ਾਰਾਂ ਵੱਲ ਭੇਜਿਆ ਜਾ ਸਕਦਾ ਹੈ, ਜਿਸ ਨਾਲ ਕੈਨੇਡਾ ਦੀ ਅਮਰੀਕੀ ਬਾਜ਼ਾਰ ’ਤੇ ਨਿਰਭਰਤਾ ਘਟੇਗੀ।

ਇਹ ਪਾਈਪਲਾਈਨ ਪ੍ਰੋਜੈਕਟ “ਪਾਥਵੇਜ਼” ਕਾਰਬਨ ਕੈਪਚਰ ਅਤੇ ਸਟੋਰੇਜ ਯੋਜਨਾ ਨਾਲ ਵੀ ਜੁੜਿਆ ਹੋਇਆ ਹੈ। ਹਾਲਾਂਕਿ, ਇਸ ਪ੍ਰੋਜੈਕਟ ਲਈ ਫੰਡਿੰਗ ਅਤੇ ਕਾਰਬਨ ਕੀਮਤ ਵਧਾਉਣ ਬਾਰੇ ਹਾਲੇ ਤੱਕ ਅੰਤਿਮ ਫੈਸਲਾ ਨਹੀਂ ਹੋ ਸਕਿਆ।ਪੈਟ੍ਰਿਕ ਓ’ਰੂਰਕ, ਜੋ ਕਿ ਏਟੀਬੀ ਕੋਰਮਾਰਕ ਵਿੱਚ ਇੰਸਟੀਚਿਊਸ਼ਨਲ ਇਕੁਇਟੀ ਰਿਸਰਚ ਦੇ ਮੈਨੇਜਿੰਗ ਡਾਇਰੈਕਟਰ ਹਨ, ਮੁਤਾਬਕ ਪਾਈਪਲਾਈਨ ’ਤੇ ਘਟਦਾ ਭਰੋਸਾ ਸਰਵੇ ਦੇ ਸਮੇਂ ਨਾਲ ਵੀ ਜੁੜਿਆ ਹੋ ਸਕਦਾ ਹੈ, ਕਿਉਂਕਿ ਉਸ ਦੌਰਾਨ ਮਿਆਦਾਂ ਪੂਰੀਆਂ ਹੋਣ ਨੂੰ ਲੈ ਕੇ ਚਿੰਤਾ ਸੀ।ਦਿਲਚਸਪ ਗੱਲ ਇਹ ਵੀ ਹੈ ਕਿ ਕੁਝ ਨਿਵੇਸ਼ਕਾਂ ਨੇ ਵੈਸਟ ਕੋਸਟ ਪਾਈਪਲਾਈਨ ਦੀ ਬਜਾਏ ਕੀਸਟੋਨ ਐਕਸਐਲ ਪਾਈਪਲਾਈਨ ਦੇ ਹਿੱਸੇ ਨੂੰ ਮੁੜ ਜਿੰਦਾ ਕਰਨ ਦੇ ਪ੍ਰਸਤਾਵ ’ਤੇ ਵੱਧ ਭਰੋਸਾ ਜਤਾਇਆ ਹੈ।ਦੁਨੀਆਵੀ ਪੱਧਰ ’ਤੇ ਵੀ ਤੇਲ ਬਾਜ਼ਾਰ ਅਸਥਿਰ ਰਹੇ ਹਨ। ਮਾਹਿਰਾਂ ਦੇ ਅਨੁਸਾਰ, ਜੇ ਕੱਚੇ ਤੇਲ ਦੀ ਕੀਮਤ 70 ਤੋਂ 75 ਡਾਲਰ ਪ੍ਰਤੀ ਬੈਰਲ ਦੇ ਦਰਮਿਆਨ ਰਹਿੰਦੀ ਹੈ ਤਾਂ ਵੀ ਇਹ ਉਦਯੋਗ ਨਫ਼ੇ ਵਿੱਚ ਰਹਿ ਸਕਦਾ ਹੈ।