‘ਦਿਲ ਚਾਹਤਾ ਹੈ’ ਦੇ 25 ਸਾਲ ਪੂਰੇ, ਆਮਿਰ-ਸੈਫ-ਫਰਹਾਨ ਦੀ ਮੁੜ ਹੋਈ ਮੁਲਾਕਾਤ
ਮੁੰਬਈ-ਬਾਲੀਵੁੱਡ ਦੀ ਮਸ਼ਹੂਰ ਫ਼ਿਲਮ ‘ਦਿਲ ਚਾਹਤਾ ਹੈ’ ਨੇ 10 ਅਗਸਤ 2026 ਨੂੰ ਆਪਣੇ 25 ਸਾਲ ਪੂਰੇ ਕਰ ਲਏ ਹਨ।ਇਸ ਮੌਕੇ ਮੁੰਬਈ ਵਿੱਚ ਫ਼ਿਲਮ ਦੀ ਖ਼ਾਸ ਵਰ੍ਹੇਗੰਢ ਮਨਾਈ ਗਈ।ਇਸ ਸਮਾਗਮ ਵਿੱਚ ਫ਼ਿਲਮ ਦੇ ਕਲਾਕਾਰ ਆਮਿਰ ਖ਼ਾਨ, ਸੈਫ਼ ਅਲੀ ਖ਼ਾਨ ਅਤੇ ਫ਼ਰਹਾਨ ਅਖ਼ਤਰ ਇਕੱਠੇ ਨਜ਼ਰ ਆਏ।ਫ਼ਿਲਮ ਦੇ ਸਹਿ-ਨਿਰਮਾਤਾ ਰਿਤੇਸ਼ ਸਿਧਵਾਨੀ ਅਤੇ ਅਦਾਕਾਰਾ ਡਿੰਪਲ ਕਪਾਡੀਆ ਵੀ ਸਮਾਗਮ ਵਿੱਚ ਮੌਜੂਦ ਰਹੇ।
ਫ਼ਿਲਮ ਦੇ ਕਲਾਕਾਰਾਂ ਦੀਆਂ ਤਸਵੀਰਾਂ ਅਤੇ ਵੀਡੀਓਜ਼ ਸਾਹਮਣੇ ਆਉਂਦੇ ਹੀ ਸੋਸ਼ਲ ਮੀਡੀਆ ’ਤੇ ਵਾਇਰਲ ਹੋ ਗਈਆਂ।ਹਾਲਾਂਕਿ ਇਸ ਰੀਯੂਨੀਅਨ ਵਿੱਚ ਇੱਕ ਅਹਿਮ ਚਿਹਰਾ ਨਜ਼ਰ ਨਹੀਂ ਆਇਆ—ਅਕਸ਼ੈ ਖੰਨਾ।
ਅਕਸ਼ੈ ਖੰਨਾ ਦੀ ਗੈਰਹਾਜ਼ਰੀ ਨੂੰ ਲੈ ਕੇ ਪ੍ਰਸ਼ੰਸਕਾਂ ਨੇ ਸੋਸ਼ਲ ਮੀਡੀਆ ’ਤੇ ਕਈ ਸਵਾਲ ਕੀਤੇ।ਇੱਕ ਪ੍ਰਸ਼ੰਸਕ ਨੇ ਪੁੱਛਿਆ, “ਰਹਿਮਾਨ ਡਾਕੂ ਕਿੱਥੇ ਹੈ?”, ਜੋ ਉਨ੍ਹਾਂ ਦੀ ਹਾਲੀਆ ਫ਼ਿਲਮ ‘ਧੁਰੰਧਰ’ ਦੇ ਕਿਰਦਾਰ ਨਾਲ ਜੁੜਿਆ ਸੀ।
ਇੱਕ ਹੋਰ ਫੈਨ ਨੇ ਲਿਖਿਆ ਕਿ ਅਕਸ਼ੈ ਖੰਨਾ ਅਤੇ ਪ੍ਰੀਤੀ ਜ਼ਿੰਟਾ ਤੋਂ ਬਿਨਾਂ ਇਹ ਮਿਲਣੀ ਅਧੂਰੀ ਲੱਗਦੀ ਹੈ।ਪ੍ਰੀਤੀ ਜ਼ਿੰਟਾ ਇਸ ਸਮੇਂ ਪੈਰਿਸ ਵਿੱਚ ਹੋਣ ਕਾਰਨ ਸਮਾਗਮ ਵਿੱਚ ਸ਼ਾਮਲ ਨਹੀਂ ਹੋ ਸਕੀ।‘ਦਿਲ ਚਾਹਤਾ ਹੈ’ ਫ਼ਰਹਾਨ ਅਖ਼ਤਰ ਦੀ ਨਿਰਦੇਸ਼ਕ ਵਜੋਂ ਪਹਿਲੀ ਫ਼ਿਲਮ ਸੀ।
ਫ਼ਿਲਮ ਵਿੱਚ ਆਮਿਰ ਖ਼ਾਨ ਨੇ ਆਕਾਸ਼, ਸੈਫ਼ ਅਲੀ ਖ਼ਾਨ ਨੇ ਸਮੀਰ ਅਤੇ ਅਕਸ਼ੈ ਖੰਨਾ ਨੇ ਸਿਧਾਰਥ ‘ਸਿਡ’ ਦਾ ਕਿਰਦਾਰ ਨਿਭਾਇਆ ਸੀ।ਕਹਾਣੀ ਤਿੰਨ ਗੂੜ੍ਹੇ ਦੋਸਤਾਂ ਦੀ ਜ਼ਿੰਦਗੀ, ਪਿਆਰ ਅਤੇ ਬਦਲਦੇ ਰਿਸ਼ਤਿਆਂ ਦੇ ਆਲੇ-ਦੁਆਲੇ ਘੁੰਮਦੀ ਹੈ।ਫ਼ਿਲਮ ਆਪਣੀ ਕਹਾਣੀ, ਦੋਸਤੀ ਅਤੇ ਨੌਜਵਾਨਾਂ ਦੀ ਜ਼ਿੰਦਗੀ ਨੂੰ ਦਰਸਾਉਣ ਦੇ ਅੰਦਾਜ਼ ਕਾਰਨ ਦਰਸ਼ਕਾਂ ਵਿੱਚ ਬੇਹੱਦ ਮਸ਼ਹੂਰ ਹੋਈ।25 ਸਾਲ ਬਾਅਦ ਵੀ ਇਹ ਫ਼ਿਲਮ ਹਿੰਦੀ ਸਿਨੇਮਾ ਦੀਆਂ ਸਭ ਤੋਂ ਪਸੰਦੀਦਾ ਫ਼ਿਲਮਾਂ ਵਿੱਚ ਸ਼ੁਮਾਰ ਹੁੰਦੀ ਹੈ।ਸੈਫ਼ ਅਲੀ ਖ਼ਾਨ ਨੇ ਹਾਲ ਹੀ ਵਿੱਚ ਫ਼ਰਹਾਨ ਅਖ਼ਤਰ ਦੀ ਨਿਰਦੇਸ਼ਨ ਸਮਰੱਥਾ ਦੀ ਵੀ ਤਾਰੀਫ਼ ਕੀਤੀ।ਉਨ੍ਹਾਂ ਮੁਤਾਬਕ ਫ਼ਰਹਾਨ ਸੈੱਟ ’ਤੇ ਇੰਨੇ ਸੁਭਾਵਿਕ ਢੰਗ ਨਾਲ ਕੰਮ ਕਰਦੇ ਸਨ ਕਿ ਲੱਗਦਾ ਸੀ ਜਿਵੇਂ ਉਹ ਨਿਰਦੇਸ਼ਨ ਲਈ ਹੀ ਪੈਦਾ ਹੋਏ ਹੋਣ।ਫ਼ਿਲਮ ਨੇ ਸਮੇਂ ਦੇ ਨਾਲ ਕਲਟ ਕਲਾਸਿਕ ਦਾ ਦਰਜਾ ਹਾਸਲ ਕਰ ਲਿਆ ਹੈ ਅਤੇ ਅੱਜ ਵੀ ਇਸ ਦੀ ਦੋਸਤੀ ਵਾਲੀ ਕਹਾਣੀ ਦਰਸ਼ਕਾਂ ਨੂੰ ਖਿੱਚਦੀ ਹੈ।
















