ਤੂਫ਼ਾਨੀ ਜੁਲਾਈ ਨੇ ਪ੍ਰੇਰੀ ਸੂਬਿਆਂ ਦੇ ਕਿਸਾਨਾਂ ਨੂੰ ਦਿੱਤਾ ਵੱਡਾ ਝਟਕਾ, 4 ਹਜ਼ਾਰ ਤੋਂ ਵੱਧ ਬੀਮਾ ਦਾਅਵੇ

ਤੂਫ਼ਾਨੀ ਜੁਲਾਈ ਨੇ ਪ੍ਰੇਰੀ ਸੂਬਿਆਂ ਦੇ ਕਿਸਾਨਾਂ ਨੂੰ ਦਿੱਤਾ ਵੱਡਾ ਝਟਕਾ, 4 ਹਜ਼ਾਰ ਤੋਂ ਵੱਧ ਬੀਮਾ ਦਾਅਵੇ

ਕੈਨੇਡਾ-ਪ੍ਰੇਰੀ ਸੂਬਿਆਂ ਵਿੱਚ ਜੁਲਾਈ ਮਹੀਨੇ ਦੌਰਾਨ ਆਏ ਤੂਫ਼ਾਨਾਂ ਅਤੇ ਗੜੇਮਾਰੀ ਨੇ ਕਿਸਾਨਾਂ ਦੀਆਂ ਮੁਸ਼ਕਲਾਂ ਵਧਾ ਦਿੱਤੀਆਂ ਹਨ। ਕੈਨੇਡੀਅਨ ਕਰੌਪ ਹੈਲ ਐਸੋਸੀਏਸ਼ਨ (CCHA) ਮੁਤਾਬਕ ਤੂਫ਼ਾਨਾਂ ਕਾਰਨ ਇੱਕ ਮਿਲੀਅਨ ਏਕੜ ਤੋਂ ਵੱਧ ਖੇਤੀਬਾੜੀ ਰਕਬਾ ਪ੍ਰਭਾਵਿਤ ਹੋਇਆ ਹੈ।ਐਸੋਸੀਏਸ਼ਨ ਦੀਆਂ ਮੈਂਬਰ ਬੀਮਾ ਕੰਪਨੀਆਂ ਵੱਲੋਂ ਜੁਲਾਈ ਦੌਰਾਨ ਤੂਫ਼ਾਨਾਂ ਨਾਲ ਸਬੰਧਤ 4,000 ਤੋਂ ਵੱਧ ਫ਼ਸਲੀ ਬੀਮਾ ਦਾਅਵਿਆਂ ਦੀ ਜਾਂਚ ਕੀਤੀ ਗਈ। ਐਸੋਸੀਏਸ਼ਨ ਨੇ ਕਿਹਾ ਕਿ ਫ਼ਸਲਾਂ ਦੇ ਪੱਕਣ ਦੇ ਸਮੇਂ ਦੌਰਾਨ ਆਉਣ ਵਾਲੀ ਹੋਰ ਗੜੇਮਾਰੀ ਜਾਂ ਤੇਜ਼ ਹਵਾ ਕਟਾਈ ਤੋਂ ਪਹਿਲਾਂ ਨੁਕਸਾਨ ਨੂੰ ਹੋਰ ਵਧਾ ਸਕਦੀ ਹੈ।

ਸਸਕੈਚਵਨ ਵਿੱਚ 3 ਤੋਂ 10 ਜੁਲਾਈ ਦਾ ਸਮਾਂ ਸਭ ਤੋਂ ਵੱਧ ਨੁਕਸਾਨਦਾਇਕ ਰਿਹਾ। ਮਿਊਂਸਪਲ ਹੈਲ ਇੰਸ਼ੋਰੈਂਸ ਦੇ ਮੁੱਖ ਕਾਰਜਕਾਰੀ ਅਧਿਕਾਰੀ ਰੌਡਨੀ ਸ਼ੌਟਲਰ ਮੁਤਾਬਕ ਇਸ ਇੱਕ ਹਫ਼ਤੇ ਦੌਰਾਨ ਕਰੀਬ ਇੱਕ ਮਿਲੀਅਨ ਏਕੜ ਰਕਬੇ ਨਾਲ ਸਬੰਧਤ ਨੁਕਸਾਨ ਦੇ ਦਾਅਵੇ ਸਾਹਮਣੇ ਆਏ। ਉਨ੍ਹਾਂ ਕਿਹਾ ਕਿ 39 ਸਾਲਾਂ ਦੇ ਆਪਣੇ ਕਰੀਅਰ ਦੌਰਾਨ ਉਨ੍ਹਾਂ ਨੇ ਇੰਨੇ ਵੱਡੇ ਪੱਧਰ ’ਤੇ ਫ਼ਸਲੀ ਨੁਕਸਾਨ ਪਹਿਲਾਂ ਨਹੀਂ ਦੇਖਿਆ।

ਕੈਨੋਰਾ, ਲੋਇਡਮਿੰਸਟਰ ਅਤੇ ਮੇਪਲ ਕ੍ਰੀਕ ਸਮੇਤ ਸਸਕੈਚਵਨ ਦੇ ਕਈ ਇਲਾਕੇ ਤੂਫ਼ਾਨਾਂ ਨਾਲ ਬੁਰੀ ਤਰ੍ਹਾਂ ਪ੍ਰਭਾਵਿਤ ਹੋਏ। ਇੱਥੇ ਅਲਸੀ ਅਤੇ ਸੋਇਆਬੀਨ ਦੀਆਂ ਫ਼ਸਲਾਂ ਨੂੰ ਨੁਕਸਾਨ ਪਹੁੰਚਿਆ। ਅਲਬਰਟਾ ਵਿੱਚ ਮੱਕੀ, ਕੈਨੋਲਾ ਅਤੇ ਦਾਲਾਂ ਦੀਆਂ ਫ਼ਸਲਾਂ ਪ੍ਰਭਾਵਿਤ ਹੋਈਆਂ।ਅਲਬਰਟਾ ਦੇ ਵੈਸਟਲਾਕ, ਗੁੱਡਰਿਜ ਅਤੇ ਲੈਡਕ ਸਮੇਤ ਦਰਜਨਾਂ ਭਾਈਚਾਰਿਆਂ ਵਿੱਚ ਵੀ ਜੁਲਾਈ ਦੌਰਾਨ ਖ਼ਰਾਬ ਮੌਸਮ ਨੇ ਤਬਾਹੀ ਮਚਾਈ। ਵੈਸਟਲਾਕ ਕਾਊਂਟੀ ਵਿੱਚ ਭਾਰੀ ਮੀਂਹ ਅਤੇ ਪਾਣੀ ਕਾਰਨ ਫ਼ਸਲਾਂ ਦੇ ਨੁਕਸਾਨ ਤੋਂ ਬਾਅਦ ਖੇਤੀਬਾੜੀ ਆਫ਼ਤ ਦਾ ਐਲਾਨ ਕੀਤਾ ਗਿਆ ਸੀ।ਮੈਨੀਟੋਬਾ ਵਿੱਚ ਵੀ ਸੇਂਟ ਪੀਅਰੇ ਜੋਲੀ, ਬ੍ਰੈਂਡਨ ਅਤੇ ਹਾਰਟਨੀ ਵਰਗੇ ਇਲਾਕੇ ਖ਼ਰਾਬ ਮੌਸਮ ਦੀ ਮਾਰ ਹੇਠ ਆਏ। ਇੱਥੇ ਮਸਰ, ਜਵੀ ਅਤੇ ਮਟਰ ਦੀਆਂ ਫ਼ਸਲਾਂ ਨੂੰ ਨੁਕਸਾਨ ਹੋਣ ਦੀ ਰਿਪੋਰਟ ਹੈ।CCHA ਨੇ ਪ੍ਰਭਾਵਿਤ ਕਿਸਾਨਾਂ ਨੂੰ ਅਪੀਲ ਕੀਤੀ ਹੈ ਕਿ ਜਿਨ੍ਹਾਂ ਨੇ ਹਾਲੇ ਤੱਕ ਫ਼ਸਲੀ ਬੀਮੇ ਦਾ ਦਾਅਵਾ ਦਰਜ ਨਹੀਂ ਕੀਤਾ, ਉਹ ਕਟਾਈ ਤੋਂ ਪਹਿਲਾਂ ਜਿੰਨੀ ਜਲਦੀ ਹੋ ਸਕੇ ਆਪਣਾ ਦਾਅਵਾ ਦਰਜ ਕਰਵਾਉਣ।