ਟਰੱਕਿੰਗ ਰੁਕਾਵਟਾਂ ਘਟਾਉਣ ਲਈ ਅਲਬਰਟਾ ਸਰਕਾਰ ਵੱਲੋਂ ਨਵਾਂ ਡਿਜ਼ਿਟਲ ਹੱਬ ਲਾਂਚ

ਟਰੱਕਿੰਗ ਰੁਕਾਵਟਾਂ ਘਟਾਉਣ ਲਈ ਅਲਬਰਟਾ ਸਰਕਾਰ ਵੱਲੋਂ ਨਵਾਂ ਡਿਜ਼ਿਟਲ ਹੱਬ ਲਾਂਚ

ਐਡਮੰਟਨ-Alberta ਦੀ ਸਰਕਾਰ ਨੇ ਦੇਸ਼ ਭਰ ਵਿੱਚ ਟਰੱਕ ਚਾਲਕਾਂ ਲਈ ਨਿਯਮਕ ਰੁਕਾਵਟਾਂ ਘਟਾਉਣ ਵੱਲ ਇੱਕ ਵੱਡਾ ਕਦਮ ਚੁੱਕਦਿਆਂ “ਕੈਨੇਡੀਅਨ ਟਰੱਕਿੰਗ ਰੈਗੂਲੇਸ਼ਨਜ਼ ਹੱਬ” ਨਾਮਕ ਨਵਾਂ ਡਿਜ਼ਿਟਲ ਪਲੇਟਫਾਰਮ ਲਾਂਚ ਕਰਨ ਦਾ ਐਲਾਨ ਕੀਤਾ ਹੈ। ਇਸ ਪਹਲ ਨਾਲ ਟਰੱਕ ਡਰਾਈਵਰਾਂ ਲਈ ਸਮਾਨ ਦੀ ਆਵਾਜਾਈ ਹੋਰ ਤੇਜ਼ ਅਤੇ ਸੁਰੱਖਿਅਤ ਬਣੇਗੀ।

ਸਰਕਾਰ ਮੁਤਾਬਕ, ਇਹ ਡਿਜ਼ਿਟਲ ਹੱਬ ਇੱਕ ਐਸਾ ਸਾਧਨ ਹੈ ਜੋ ਵੱਖ-ਵੱਖ ਸੂਬਿਆਂ ਅਤੇ ਖੇਤਰਾਂ ਦੇ ਨਿਯਮਾਂ ਅਤੇ ਕਾਰਜ ਪ੍ਰਣਾਲੀਆਂ ਵਿੱਚ ਅੰਤਰ ਨੂੰ ਆਸਾਨੀ ਨਾਲ ਸਮਝਣ ਵਿੱਚ ਮਦਦ ਕਰੇਗਾ।

ਟਰਾਂਸਪੋਰਟ ਅਤੇ ਆਰਥਿਕ ਕੋਰੀਡੋਰ ਮੰਤਰੀ ਡੇਵਿਨ ਡ੍ਰੀਸ਼ਨ ਨੇ ਕਿਹਾ ਕਿ ਅਲਬਰਟਾ ਇਸ ਤਰ੍ਹਾਂ ਦੇ ਹੱਲ ਦੀ ਅਗਵਾਈ ਕਰਨ ‘ਤੇ ਮਾਣ ਮਹਿਸੂਸ ਕਰਦਾ ਹੈ, ਜੋ ਟਰੱਕਰਾਂ ਲਈ ਨਿਯਮਾਂ ਨੂੰ ਇੱਕ ਥਾਂ ‘ਤੇ ਲਿਆ ਕੇ ਸਮਾਂ ਬਚਾਉਣ ਅਤੇ ਉਦਯੋਗ ਦੀ ਕਾਰਗੁਜ਼ਾਰੀ ਨੂੰ ਬਿਹਤਰ ਬਣਾਉਂਦਾ ਹੈ।

ਇਹ ਹੱਬ ਟਰੱਕ ਡਰਾਈਵਰਾਂ ਨੂੰ ਆਪਣੇ ਰੂਟ ਦੀ ਯੋਜਨਾ ਸਹੀ ਤਰੀਕੇ ਨਾਲ ਬਣਾਉਣ ਵਿੱਚ ਮਦਦ ਕਰੇਗਾ, ਜਿਸ ਨਾਲ ਉਹ ਨੀਵੀਆਂ ਪੁਲਾਂ ਤੋਂ ਬਚ ਸਕਣਗੇ ਅਤੇ ਇੰਫਰਾਸਟ੍ਰਕਚਰ ਨੂੰ ਨੁਕਸਾਨ ਤੋਂ ਬਚਾਇਆ ਜਾ ਸਕੇਗਾ। ਇਸ ਵਿੱਚ ਪਰਮਿਟ ਜਾਣਕਾਰੀ, ਸੇਫਟੀ ਕੋਡ ਮਿਆਰ ਅਤੇ ਇੰਟਰਪ੍ਰੋਵਿੰਸ਼ੀਅਲ ਯਾਤਰਾ ਲਈ ਲੋੜੀਂਦੀ ਸਾਰੀ ਜਾਣਕਾਰੀ ਇਕੱਠੀ ਦਿੱਤੀ ਜਾਵੇਗੀ।

ਸਰਕਾਰ ਨੇ ਦੱਸਿਆ ਕਿ ਇਸ ਟੂਲ ਦੀ ਤਿਆਰੀ ਲਈ ਕੇਂਦਰੀ, ਸੂਬਾਈ ਅਤੇ ਖੇਤਰੀ ਸਾਥੀਆਂ ਨਾਲ ਮਿਲ ਕੇ ਕੰਮ ਕੀਤਾ ਗਿਆ ਹੈ। ਹੁਣ ਹਰ ਸੂਬਾ ਆਪਣੇ ਡਾਟਾ ਦੀ ਦੇਖਭਾਲ ਅਤੇ ਅਪਡੇਟ ਕਰਨ ਲਈ ਜ਼ਿੰਮੇਵਾਰ ਹੋਵੇਗਾ।

ਇਸ ਹੱਬ ਦੀ ਲੰਬੇ ਸਮੇਂ ਦੀ ਦੇਖਰੇਖ 2026 ਦੇ ਪਤਝੜ ਤੱਕ Canadian Council of Motor Transport Administrators ਨੂੰ ਸੌਂਪੀ ਜਾਣ ਦੀ ਸੰਭਾਵਨਾ ਹੈ।ਸੀਸੀਐਮਟੀਏ ਦੀ ਪ੍ਰਧਾਨ ਅਤੇ ਸੀਈਓ ਲਿੰਡਾ ਮੈਕਆਸਲੈਂਡ ਨੇ ਇਸ ਐਲਾਨ ਦਾ ਸਵਾਗਤ ਕਰਦਿਆਂ ਕਿਹਾ ਕਿ ਇਹ ਕਦਮ ਦੇਸ਼ ਭਰ ਵਿੱਚ ਸਮਾਨ ਦੀ ਆਵਾਜਾਈ ਨੂੰ ਹੋਰ ਪ੍ਰਭਾਵਸ਼ਾਲੀ ਅਤੇ ਸੁਰੱਖਿਅਤ ਬਣਾਉਣ ਵਿੱਚ ਮਦਦਗਾਰ ਸਾਬਤ ਹੋਵੇਗਾ।ਇਸਦੇ ਨਾਲ ਹੀ, ਅਲਬਰਟਾ ਸਰਕਾਰ ਟਰੱਕਿੰਗ ਉਦਯੋਗ ਨੂੰ ਮਜ਼ਬੂਤ ਕਰਨ ਲਈ ਹੋਰ ਕਦਮ ਵੀ ਚੁੱਕ ਰਹੀ ਹੈ। ਇਸ ਵਿੱਚ ਕਮਰਸ਼ੀਅਲ ਡਰਾਈਵਰਾਂ ਲਈ ਤਜਰਬਾ-ਅਧਾਰਿਤ ਸ਼ਰਤਾਂ ਲਾਗੂ ਕਰਨ ਦੇ ਪ੍ਰਸਤਾਵ, ਜਿਵੇਂ ਕਿ ਦੋ ਸਾਲ ਦੀ ਉਡੀਕ ਮਿਆਦ ਅਤੇ ਸਰਕਾਰੀ ਸੰਪਤੀ ਨੂੰ ਨੁਕਸਾਨ ਪਹੁੰਚਾਉਣ ‘ਤੇ ਕੜੀਆਂ ਸਜ਼ਾਵਾਂ ਸ਼ਾਮਲ ਹਨ।