ਗੀਤ ‘315’ ਦੇ ਕਾਰਨ ਵਿਵਾਦਾਂ ਵਿੱਚ ਘਿਰੇ ਪੰਜਾਬੀ ਗਾਇਕ ਆਰ ਨੇਤ ਅਤੇ ਗੁਰਲੇਜ਼ ਅਖਤਰ 

ਗੀਤ ‘315’ ਦੇ ਕਾਰਨ ਵਿਵਾਦਾਂ ਵਿੱਚ ਘਿਰੇ ਪੰਜਾਬੀ ਗਾਇਕ ਆਰ ਨੇਤ ਅਤੇ ਗੁਰਲੇਜ਼ ਅਖਤਰ 

ਚੰਡੀਗੜ੍ਹ-ਪੰਜਾਬ ਦੇ ਮਸ਼ਹੂਰ ਗਾਇਕ ਆਰ ਨੇਤ ਅਤੇ ਗਾਇਕਾ ਗੁਰਲੇਜ਼ ਅਖਤਰ ਆਪਣੇ ਗੀਤ “315” ਦੇ ਕਾਰਨ ਮੁਸੀਬਤ ਵਿੱਚ ਘਿਰਦੇ ਨਜ਼ਰ ਆ ਰਹੇ ਹਨ। ਜਾਣਕਾਰੀ ਮੁਤਾਬਕ ਪੰਜਾਬ ਭਾਜਪਾ ਦੇ ਆਗੂ ਅਰਵਿੰਦ ਸਿੰਘ ਨੇ ਇਸ ਗੀਤ ਵਿਰੁੱਧ ਪੰਜਾਬ ਦੇ ਡੀਜੀਪੀ ਗੌਰਵ ਯਾਦਵ ਨੂੰ ਸ਼ਿਕਾਇਤ ਕਰਦਿਆਂ ਦੋ ਮੁੱਖ ਨੁਕਤੇ ਉਠਾਏ। ਪਹਿਲਾਂ, ਉਨ੍ਹਾਂ ਦਾ ਕਹਿਣਾ ਹੈ ਕਿ ਇਹ ਗੀਤ ਹਿੰਸਾ, ਗੈਰ-ਕਾਨੂੰਨੀ ਹਥਿਆਰਾਂ ਦੇ ਸੱਭਿਆਚਾਰ ਅਤੇ ਅਪਰਾਧ ਨੂੰ ਉਤਸ਼ਾਹਿਤ ਕਰਦਾ ਹੈ। ਦੂਜਾ, ਇਹ ਗੀਤ ਪੰਜਾਬ ਸਰਕਾਰ ਦੇ ਚੋਣ ਜ਼ਾਬਤੇ ਦੀ ਉਲੰਘਣਾ ਕਰਦਾ ਹੈ ਅਤੇ ਨੌਜਵਾਨਾਂ ਨੂੰ ਗੁੰਮਰਾਹ ਕਰਦਾ ਹੈ, ਜਿਸ ਨਾਲ ਸਮਾਜ ਵਿੱਚ ਡਰ ਅਤੇ ਹਿੰਸਾ ਦਾ ਮਾਹੌਲ ਪੈਦਾ ਹੋ ਸਕਦਾ ਹੈ। ਇਸ ਸ਼ਿਕਾਇਤ ਦੇ ਆਧਾਰ ‘ਤੇ ਜਲੰਧਰ ਪੁਲਿਸ ਨੇ ਦੋਵਾਂ ਗਾਇਕਾਂ ਨੂੰ 16 ਅਗਸਤ ਨੂੰ ਦੁਪਹਿਰ 12 ਵਜੇ ਜਲੰਧਰ ਪੁਲਿਸ ਕਮਿਸ਼ਨਰ ਦੇ ਦਫ਼ਤਰ ਵਿੱਚ ਪੇਸ਼ ਹੋਣ ਲਈ ਤਲਬ ਕੀਤਾ ਹੈ। ਗੀਤ “315” ਤਿੰਨ ਮਿੰਟ ਅਤੇ ਸੱਤ ਸਕਿੰਟ ਦਾ ਹੈ ਅਤੇ ਇਸ ਦੇ ਵੀਡੀਓ ਵਿੱਚ ਪੰਜਾਬੀ ਮਾਡਲ ਭਾਨਾ ਸਿੱਧੂ ਨੂੰ ਹਥਿਆਰਾਂ ਨਾਲ ਦਿਖਾਇਆ ਗਿਆ ਹੈ, ਜੋ ਨੌਜਵਾਨਾਂ ‘ਤੇ ਮਾੜਾ ਪ੍ਰਭਾਵ ਪਾ ਸਕਦਾ ਹੈ। ਦੱਸਣਯੋਗ ਹੈ ਗਾਇਕ ਆਰ ਨੇਤ ਨੌਜਵਾਨਾਂ ਵਿੱਚ ਕਾਫੀ ਮਸ਼ਹੂਰ ਹੈ, ਪਰ ਉਸਦੀ ਵਿਲੱਖਣ ਗਾਇਕੀ ਅਤੇ ਲਿਖਣ ਸ਼ੈਲੀ ਕਾਰਨ ਉਹ ਪਹਿਲਾਂ ਵੀ ਵਿਵਾਦਾਂ ਵਿੱਚ ਰਹਿ ਚੁੱਕਾ ਹੈ। ਇਸ ਤੋਂ ਇਲਾਵਾ, “315” ਗੀਤ ਦਾ ਵਰਤੋਂ ਪੰਜਾਬ ਦੇ ਮੁੱਖ ਮੰਤਰੀ ਭਗਵੰਤ ਮਾਨ ਅਤੇ ‘ਆਪ’ ਦੀਆਂ ਚੋਣ ਮੁਹਿੰਮਾਂ ਵਿੱਚ ਕੀਤਾ ਗਿਆ।