ਕੈਲਗਰੀ 'ਚ ਜਨਤਕ ਸੁਰੱਖਿਆ ਲਈ 'ਸੇਫ਼ਰ ਟੁਗੈਦਰ' ਯੋਜਨਾ ਸ਼ੁਰੂ, ਸਾਲਾਨਾ 3.8 ਕਰੋੜ ਡਾਲਰ ਤੱਕ ਖਰਚ ਦਾ ਪ੍ਰਸਤਾਵ

ਕੈਲਗਰੀ 'ਚ ਜਨਤਕ ਸੁਰੱਖਿਆ ਲਈ 'ਸੇਫ਼ਰ ਟੁਗੈਦਰ' ਯੋਜਨਾ ਸ਼ੁਰੂ, ਸਾਲਾਨਾ 3.8 ਕਰੋੜ ਡਾਲਰ ਤੱਕ ਖਰਚ ਦਾ ਪ੍ਰਸਤਾਵ

ਕੈਲਗਰੀ-ਕੈਲਗਰੀ ਸ਼ਹਿਰ ਨੇ ਜਨਤਕ ਸੁਰੱਖਿਆ, ਸਮਾਜਿਕ ਅਵਿਵਸਥਾ ਅਤੇ ਕਮਿਊਨਿਟੀ ਦੀ ਭਲਾਈ ਨੂੰ ਮਜ਼ਬੂਤ ਕਰਨ ਲਈ ‘ਸੇਫ਼ਰ ਟੁਗੈਦਰ’ (Safer Together) ਯੋਜਨਾ ਲਾਗੂ ਕਰਨ ਦੀ ਸ਼ੁਰੂਆਤ ਕਰ ਦਿੱਤੀ ਹੈ। ਇਸ ਯੋਜਨਾ ਤਹਿਤ ਸ਼ਹਿਰ ਦੇ ਵੱਖ-ਵੱਖ ਵਿਭਾਗਾਂ, ਕੈਲਗਰੀ ਪੁਲਿਸ ਸਰਵਿਸ ਅਤੇ ਕਮਿਊਨਿਟੀ ਸੰਸਥਾਵਾਂ ਵਿਚਾਲੇ ਤਾਲਮੇਲ ਵਧਾ ਕੇ ਬੇਘਰਪਣ, ਘਰੇਲੂ ਹਿੰਸਾ, ਗਰੀਬੀ, ਸਮਾਜਿਕ ਇਕੱਲੇਪਣ ਅਤੇ ਜਨਤਕ ਥਾਵਾਂ ਦੀ ਸੁਰੱਖਿਆ ਵਰਗੇ ਮੁੱਦਿਆਂ 'ਤੇ ਇਕੱਠੇ ਕੰਮ ਕੀਤਾ ਜਾਵੇਗਾ।

ਸ਼ਹਿਰੀ ਪ੍ਰਸ਼ਾਸਨ ਵੱਲੋਂ ਪੇਸ਼ ਕੀਤੀ ਕਾਰਜ ਯੋਜਨਾ ਵਿੱਚ ਅਗਲੇ ਚਾਰ ਸਾਲਾਂ ਦੌਰਾਨ 15 ਪਹਿਲਕਦਮੀਆਂ ਸ਼ਾਮਲ ਹਨ। ਇਨ੍ਹਾਂ ਵਿੱਚ ਪਾਰਕਾਂ ਅਤੇ ਜਨਤਕ ਥਾਵਾਂ ਦੇ ਬੁਨਿਆਦੀ ਢਾਂਚੇ ਵਿੱਚ ਸੁਧਾਰ, ਬੇਘਰ ਲੋਕਾਂ ਲਈ ਸਹਾਇਤਾ ਸੇਵਾਵਾਂ ਦਾ ਵਿਸਥਾਰ, ਮੁਫ਼ਤ ਅਤੇ ਘੱਟ ਲਾਗਤ ਵਾਲੀਆਂ ਸਮਾਜਿਕ ਸੇਵਾਵਾਂ ਤੱਕ ਪਹੁੰਚ ਆਸਾਨ ਬਣਾਉਣਾ ਅਤੇ ਸੁਰੱਖਿਆ ਪ੍ਰਬੰਧਾਂ ਨੂੰ ਹੋਰ ਪ੍ਰਭਾਵਸ਼ਾਲੀ ਬਣਾਉਣਾ ਸ਼ਾਮਲ ਹੈ।ਕਮਿਊਨਿਟੀ ਸਰਵਿਸਿਜ਼ ਦੀ ਜਨਰਲ ਮੈਨੇਜਰ ਕੇਟੀ ਬਲੈਕ ਨੇ ਕਿਹਾ ਕਿ ਸੁਰੱਖਿਅਤ ਸ਼ਹਿਰ ਬਣਾਉਣ ਲਈ ਸਿਰਫ਼ ਇੱਕ ਕਦਮ ਕਾਫ਼ੀ ਨਹੀਂ, ਸਗੋਂ ਵੱਖ-ਵੱਖ ਏਜੰਸੀਆਂ ਦੇ ਸਾਂਝੇ ਯਤਨਾਂ ਦੀ ਲੋੜ ਹੈ।

ਯੋਜਨਾ ਨੂੰ ਲਾਗੂ ਕਰਨ ਲਈ ਕੌਂਸਲ ਸਾਹਮਣੇ ਤਿੰਨ ਵਿੱਤੀ ਵਿਕਲਪ ਰੱਖੇ ਗਏ ਹਨ। ਪਹਿਲੇ ਵਿਕਲਪ ਤਹਿਤ ਹਰ ਸਾਲ 3.8 ਕਰੋੜ ਡਾਲਰ ਦਾ ਨਿਵੇਸ਼ ਕਰਨ ਦਾ ਪ੍ਰਸਤਾਵ ਹੈ, ਜਦਕਿ ਦੂਜੇ ਅਤੇ ਤੀਜੇ ਵਿਕਲਪ ਤਹਿਤ ਕ੍ਰਮਵਾਰ 2.8 ਕਰੋੜ ਅਤੇ 2.3 ਕਰੋੜ ਡਾਲਰ ਸਾਲਾਨਾ ਖਰਚ ਕਰਨ ਦੀ ਸਿਫ਼ਾਰਸ਼ ਕੀਤੀ ਗਈ ਹੈ। ਘੱਟ ਨਿਵੇਸ਼ ਦੀ ਸਥਿਤੀ ਵਿੱਚ ਪਾਰਕਾਂ, ਟਰਾਂਜ਼ਿਟ ਅਤੇ ਡਾਊਨਟਾਊਨ ਸੁਰੱਖਿਆ ਨਾਲ ਜੁੜੇ ਕਈ ਪ੍ਰਾਜੈਕਟਾਂ ਵਿੱਚ ਕਟੌਤੀ ਕਰਨੀ ਪੈ ਸਕਦੀ ਹੈ।

ਵਾਰਡ-4 ਦੇ ਕੌਂਸਲਰ ਡੀ.ਜੇ. ਕੈਲੀ ਨੇ ਕਿਹਾ ਕਿ ਸਿਰਫ਼ ਕਾਨੂੰਨੀ ਕਾਰਵਾਈ ਨਾਲ ਸਮੱਸਿਆਵਾਂ ਦਾ ਹੱਲ ਨਹੀਂ ਹੋਵੇਗਾ, ਸਗੋਂ ਬੇਘਰ ਅਤੇ ਲੋੜਵੰਦ ਲੋਕਾਂ ਨੂੰ ਰਿਹਾਇਸ਼ ਅਤੇ ਹੋਰ ਸਮਾਜਿਕ ਸਹਾਇਤਾ ਵੀ ਮੁਹੱਈਆ ਕਰਵਾਉਣੀ ਪਵੇਗੀ।ਦੂਜੇ ਪਾਸੇ ਵਾਰਡ-2 ਦੀ ਕੌਂਸਲਰ ਜੈਨੀਫਰ ਵਿਨੈੱਸ ਨੇ ਯੋਜਨਾ ਦੀ ਪ੍ਰਭਾਵਸ਼ੀਲਤਾ 'ਤੇ ਸਵਾਲ ਉਠਾਉਂਦਿਆਂ ਕਿਹਾ ਕਿ ਇਨ੍ਹਾਂ ਸਮੱਸਿਆਵਾਂ ਦਾ ਹੱਲ ਸਿਰਫ਼ ਨਗਰ ਨਿਗਮ ਦੇ ਪੱਧਰ 'ਤੇ ਸੰਭਵ ਨਹੀਂ ਅਤੇ ਇਸ ਲਈ ਸੂਬਾਈ ਤੇ ਫੈਡਰਲ ਸਰਕਾਰਾਂ ਦੇ ਸਹਿਯੋਗ ਦੀ ਲੋੜ ਹੈ।ਸ਼ਹਿਰੀ ਪ੍ਰਸ਼ਾਸਨ ਦਾ ਟੀਚਾ ਹੈ ਕਿ 2030 ਤੱਕ ਕੈਲਗਰੀ ਦੇ ਲੋਕਾਂ ਨੂੰ ਸਹਾਇਤਾ ਸੇਵਾਵਾਂ ਤੱਕ ਬਿਹਤਰ ਪਹੁੰਚ, ਵਧੇਰੇ ਸੁਰੱਖਿਅਤ ਜਨਤਕ ਥਾਵਾਂ ਅਤੇ ਮਜ਼ਬੂਤ ਕਮਿਊਨਿਟੀ ਸਹਿਯੋਗ ਪ੍ਰਦਾਨ ਕੀਤਾ ਜਾਵੇ। ਇਸ ਯੋਜਨਾ ਦੀ ਪਹਿਲੀ ਪ੍ਰਗਤੀ ਰਿਪੋਰਟ ਅਗਲੇ ਸਾਲ ਬਸੰਤ ਰੁੱਤ ਵਿੱਚ ਸਿਟੀ ਕੌਂਸਲ ਸਾਹਮਣੇ ਪੇਸ਼ ਕੀਤੀ ਜਾਵੇਗੀ।