ਕੈਨੇਡੀਅਨ ਪ੍ਰਧਾਨ ਮੰਤਰੀ ਮਾਰਕ ਕਾਰਨੀ ਵਰਲਡ ਇਕਨਾਮਿਕ ਫੋਰਮ ਵਿੱਚ ਸ਼ਮੂਲੀਅਤ ਕਰਨ ਲਈ ਸਵਿਟਜ਼ਰਲੈਂਡ ਰਵਾਨਾ
ਓਟਵਾ- ਵਿਸ਼ਵ ਆਰਥਿਕ ਮੰਚ (ਵਰਲਡ ਇਕਨੌਮਿਕ ਫੋਰਮ) ਜੋ ਕਿ ਦੁਨੀਆਂ ਦੇ ਪ੍ਰਮੁੱਖ ਆਰਥਿਕ ਅਤੇ ਰਾਜਨੀਤਿਕ ਨੇਤਾਵਾਂ, ਵੱਡੀਆਂ ਕੰਪਨੀਆਂ ਅਤੇ ਅੰਤਰਰਾਸ਼ਟਰੀ ਸੰਸਥਾਵਾਂ ਦੇ ਨੁਮਾਇੰਦਿਆਂ ਨੂੰ ਇਕੱਠਾ ਕਰਦਾ ਹੈ ਅਤੇ ਇਹ ਸਮਾਗਮ ਸਵਿਟਜ਼ਰਲੈਂਡ ਦੇ ਡੇਵੋਸ ਸ਼ਹਿਰ ਵਿੱਚ ਹੋਣ ਜਾ ਰਿਹਾ ਹੈ, ਵਿੱਚ ਹਿੱਸਾ ਲੈਣ ਲਈ ਪ੍ਰਧਾਨ ਮੰਤਰੀ ਮਾਰਕ ਕਾਰਨੀ ਅੱਜ ਸਵਿਟਜ਼ਰਲੈਂਡ ਲਈ ਰਵਾਨਾ ਹੋ ਰਹੇ ਹਨ। ਜਾਣਕਾਰੀ ਮੁਤਾਬਕ ਪ੍ਰਧਾਨ ਮੰਤਰੀ ਕਾਰਨੀ ਦਾ ਮੁੱਖ ਉਦੇਸ਼ ਕੈਨੇਡਾ ਵਿੱਚ ਨਿਵੇਸ਼ ਨੂੰ ਉਤਸ਼ਾਹਿਤ ਕਰਨਾ ਅਤੇ ਦੇਸ਼ ਦੀ ਆਰਥਿਕ ਤਰੱਕੀ ਲਈ ਨਵੇਂ ਮੌਕੇ ਲੱਭਣਾ ਹੈ। ਪ੍ਰਧਾਨ ਮੰਤਰੀ ਕਾਰਨੀ ਡੇਵੋਸ ਵਿੱਚ ਭਾਸ਼ਣ ਦੇਣਗੇ ਅਤੇ ਵੱਖ-ਵੱਖ ਦੇਸ਼ਾਂ ਦੇ ਨੇਤਾਵਾਂ ਅਤੇ ਵਪਾਰਕ ਆਗੂਆਂ ਨਾਲ ਮੁਲਾਕਾਤਾਂ ਕਰਨਗੇ। ਅਮਰੀਕੀ ਰਾਸ਼ਟਰਪਤੀ ਡੋਨਾਲਡ ਟਰੰਪ ਦੀ ਹਾਜ਼ਰੀ ਵੀ ਉਮੀਦ ਕੀਤੀ ਜਾ ਰਹੀ ਹੈ, ਜਿਨ੍ਹਾਂ ਦੀਆਂ ਨੀਤੀਆਂ ਇਸ ਸਮਾਗਮ ਨੂੰ ਪ੍ਰਭਾਵਿਤ ਕਰ ਸਕਦੀਆਂ ਹਨ। ਯੂਨੀਵਰਸਿਟੀ ਆਫ਼ ਬ੍ਰਿਟਿਸ਼ ਕੋਲੰਬੀਆ ਦੇ ਰਾਜਨੀਤਿਕ ਵਿਗਿਆਨੀ ਸਟਿਊਅਰਟ ਪ੍ਰੈਸਟ ਅਨੁਸਾਰ, ਕਾਰਨੀ ਦੀ ਵਿੱਤੀ ਜਗਤ ਵਿੱਚ ਪਹਿਚਾਣ ਉਨ੍ਹਾਂ ਨੂੰ ਕੈਨੇਡਾ ਦੇ ਆਰਥਿਕ ਹਿੱਤਾਂ ਨੂੰ ਅੱਗੇ ਵਧਾਉਣ ਵਿੱਚ ਮਦਦਗਾਰ ਸਾਬਤ ਹੋ ਸਕਦੀ ਹੈ।
















