ਕੈਨੇਡਾ ਸਰਕਾਰ ਨੇ ਰਾਸ਼ਟਰੀ ਖੁਰਾਕ ਨੀਤੀ ਦਾ ਐਲਾਨ ਕੀਤਾ, ਸਸਤੇ ਭਾਅ ’ਤੇ ਤਾਜ਼ਾ ਖੁਰਾਕ ਮੁਹੱਈਆ ਕਰਵਾਉਣ ਦਾ ਟੀਚਾ
ਓਟਾਵਾ-ਕੈਨੇਡਾ ਦੀ ਲਿਬਰਲ ਸਰਕਾਰ ਨੇ ਦੇਸ਼ ਭਰ ਵਿੱਚ ਖੁਰਾਕ ਦੀ ਉਪਲਬਧਤਾ ਵਧਾਉਣ ਅਤੇ ਕੀਮਤਾਂ ਘਟਾਉਣ ਦੇ ਉਦੇਸ਼ ਨਾਲ ਇੱਕ ਨਵੀਂ ਰਾਸ਼ਟਰੀ ਖੁਰਾਕ ਨੀਤੀ (National Food Strategy) ਦਾ ਐਲਾਨ ਕੀਤਾ ਹੈ।ਸਰਕਾਰ ਦਾ ਕਹਿਣਾ ਹੈ ਕਿ ਇਸ ਯੋਜਨਾ ਰਾਹੀਂ ਕੈਨੇਡੀਅਨਾਂ ਨੂੰ ਸਥਾਨਕ ਤੌਰ ’ਤੇ ਉਗਾਏ ਗਏ ਫਲ, ਸਬਜ਼ੀਆਂ ਅਤੇ ਹੋਰ ਤਾਜ਼ੇ ਖਾਧ ਪਦਾਰਥ ਵਧੇਰੇ ਆਸਾਨੀ ਨਾਲ ਅਤੇ ਘੱਟ ਕੀਮਤਾਂ ’ਤੇ ਉਪਲਬਧ ਹੋਣਗੇ।
ਨਵੀਂ ਨੀਤੀ ਤਹਿਤ ਖੁਰਾਕ ਦੀ ਖਰੀਦ, ਵਿਕਰੀ, ਆਵਾਜਾਈ ਅਤੇ ਵੰਡ ਪ੍ਰਣਾਲੀ ਵਿੱਚ ਸੁਧਾਰ ਕੀਤੇ ਜਾਣਗੇ ਤਾਂ ਜੋ ਕਿਸਾਨਾਂ, ਛੋਟੇ ਕਾਰੋਬਾਰਾਂ ਅਤੇ ਖਪਤਕਾਰਾਂ ਨੂੰ ਸਿੱਧਾ ਲਾਭ ਮਿਲ ਸਕੇ।ਸਰਕਾਰ ਨੇ ਖੁਰਾਕ ਸਬੰਧੀ ਬੁਨਿਆਦੀ ਢਾਂਚੇ ਦੇ ਵਿਕਾਸ ਲਈ 1 ਅਰਬ ਡਾਲਰ ਦੀ ਰਕਮ ਰੱਖੀ ਹੈ। ਇਸ ਵਿੱਚ ਖੁਰਾਕ ਟਰਮੀਨਲਾਂ ਅਤੇ ਵੰਡ ਕੇਂਦਰਾਂ ਦੀ ਉਸਾਰੀ ਸ਼ਾਮਲ ਹੈ, ਜਿਸ ਨਾਲ ਛੋਟੇ ਅਤੇ ਸੁਤੰਤਰ ਕਰਿਆਨਾ ਵਪਾਰੀ ਵੱਡੀਆਂ ਰਿਟੇਲ ਚੇਨਾਂ ਨਾਲ ਮੁਕਾਬਲਾ ਕਰ ਸਕਣਗੇ ਅਤੇ ਸਿੱਧੇ ਕਿਸਾਨਾਂ ਤੋਂ ਖਰੀਦ ਕਰਨਾ ਆਸਾਨ ਹੋਵੇਗਾ।
ਇਸ ਤੋਂ ਇਲਾਵਾ ਛੋਟੇ ਅਤੇ ਦਰਮਿਆਨੇ ਪੱਧਰ ਦੇ ਖੁਰਾਕ ਪ੍ਰੋਸੈਸਿੰਗ ਉਦਯੋਗਾਂ ਨੂੰ ਆਧੁਨਿਕ ਬਣਾਉਣ ਅਤੇ ਉਨ੍ਹਾਂ ਦੀ ਉਤਪਾਦਕਤਾ ਵਧਾਉਣ ਲਈ ਵੀ ਕਈ ਯੋਜਨਾਵਾਂ ਸ਼ੁਰੂ ਕੀਤੀਆਂ ਜਾਣਗੀਆਂ। ਸਰਕਾਰ ਦਾ ਮੰਨਣਾ ਹੈ ਕਿ ਇਸ ਨਾਲ ਕੈਨੇਡੀਅਨ ਉਦਯੋਗਾਂ ਦੀ ਵਿਸ਼ਵ ਪੱਧਰ ’ਤੇ ਮੁਕਾਬਲੇਬਾਜ਼ੀ ਵਧੇਗੀ ਅਤੇ ਨਵੇਂ ਨਿਵੇਸ਼ ਆਕਰਸ਼ਿਤ ਹੋਣਗੇ।ਫਲਾਂ ਅਤੇ ਸਬਜ਼ੀਆਂ ਦੀ ਸਾਲ ਭਰ ਪੈਦਾਵਾਰ ਯਕੀਨੀ ਬਣਾਉਣ ਲਈ ਸਰਕਾਰ ਨੇ ਗ੍ਰੀਨਹਾਊਸ ਅਤੇ ਹਾਈਡ੍ਰੋਪੋਨਿਕ ਖੇਤੀ ਪ੍ਰਾਜੈਕਟਾਂ ਲਈ 75 ਕਰੋੜ ਡਾਲਰ ਰੱਖੇ ਹਨ। ਇਸ ਦਾ ਖ਼ਾਸ ਲਾਭ ਪੇਂਡੂ ਅਤੇ ਉੱਤਰੀ ਖੇਤਰਾਂ ਨੂੰ ਮਿਲਣ ਦੀ ਉਮੀਦ ਹੈ।ਨਾਲ ਹੀ ਬੀਜਾਂ, ਪਸ਼ੂਆਂ ਦੇ ਚਾਰੇ, ਖਾਦਾਂ ਅਤੇ ਪਸ਼ੂ-ਚਿਕਿਤਸਾ ਸਬੰਧੀ ਉਤਪਾਦਾਂ ਦੀ ਮਨਜ਼ੂਰੀ ਪ੍ਰਕਿਰਿਆ ਨੂੰ ਤੇਜ਼ ਕਰਨ ਅਤੇ ਪ੍ਰਸ਼ਾਸਨਿਕ ਦੇਰੀਆਂ ਨੂੰ ਘਟਾਉਣ ਲਈ ਵੀ ਕਦਮ ਚੁੱਕੇ ਜਾਣਗੇ।ਸਰਕਾਰ ਦਾ ਦਾਅਵਾ ਹੈ ਕਿ ਇਹ ਨੀਤੀ ਦੇਸ਼ ਦੀ ਖੁਰਾਕ ਸੁਰੱਖਿਆ ਮਜ਼ਬੂਤ ਕਰੇਗੀ, ਕਿਸਾਨਾਂ ਦੀ ਆਮਦਨ ਵਧਾਏਗੀ ਅਤੇ ਆਮ ਲੋਕਾਂ ਨੂੰ ਵਾਜਬ ਕੀਮਤਾਂ ’ਤੇ ਬਿਹਤਰ ਖੁਰਾਕ ਉਪਲਬਧ ਕਰਵਾਏਗੀ।
















