ਕੈਨੇਡਾ ਵਿੱਚ AI ਢਾਂਚੇ ਨੂੰ ਵੱਡਾ ਬਲ : ਟੇਲਸ ਅਤੇ ਫੈਡਰਲ ਸਰਕਾਰ ਵੱਲੋਂ ਬੀ.ਸੀ. ਵਿੱਚ ਤਿੰਨ AI ਡਾਟਾ ਸੈਂਟਰਾਂ ਦਾ ਐਲਾਨ
ਵੈਨਕੂਵਰ-ਕੈਨੇਡਾ ਦੀ ਫੈਡਰਲ ਸਰਕਾਰ ਅਤੇ ਵੈਂਕੂਵਰ ਅਧਾਰਿਤ ਟੈਲੀਕਾਮ ਕੰਪਨੀ TELUS ਨੇ ਬ੍ਰਿਟਿਸ਼ ਕੋਲੰਬੀਆ ਵਿੱਚ ਤਿੰਨ ਵੱਡੇ ਆਰਟੀਫੀਸ਼ਲ ਇੰਟੈਲੀਜੈਂਸ (AI) ਡਾਟਾ ਸੈਂਟਰ ਸਥਾਪਿਤ ਕਰਨ ਦਾ ਐਲਾਨ ਕੀਤਾ ਹੈ। ਇਸ ਪ੍ਰੋਜੈਕਟ ਦਾ ਮਕਸਦ ਕੈਨੇਡਾ ਦੀ “ਸੋਵਰਨ” ਕੰਪਿਊਟਿੰਗ ਅਤੇ AI ਢਾਂਚੇ ਨੂੰ ਮਜ਼ਬੂਤ ਕਰਨਾ ਹੈ।
ਕੈਨੇਡਾ ਦੇ ਆਰਟੀਫੀਸ਼ਲ ਇੰਟੈਲੀਜੈਂਸ ਅਤੇ ਡਿਜ਼ੀਟਲ ਇਨੋਵੇਸ਼ਨ ਮੰਤਰੀ Evan Solomon ਨੇ ਵੈਂਕੂਵਰ ਵਿੱਚ ਪ੍ਰੈਸ ਕਾਨਫਰੰਸ ਦੌਰਾਨ ਕਿਹਾ ਕਿ ਦੇਸ਼ ਨੂੰ ਗਲੋਬਲ ਪੱਧਰ ‘ਤੇ ਮੁਕਾਬਲੇਯੋਗ ਬਣਾਈ ਰੱਖਣ ਲਈ ਅਜਿਹੇ ਵੱਡੇ ਨਿਵੇਸ਼ ਜ਼ਰੂਰੀ ਹਨ, ਭਾਵੇਂ ਇਸ ਵਿੱਚ ਆਰਥਿਕ ਜੋਖਮ ਵੀ ਕਿਉਂ ਨਾ ਹੋਣ।
ਇਸ ਯੋਜਨਾ ਅਧੀਨ ਵੈਂਕੂਵਰ ਵਿੱਚ ਦੋ ਅਤੇ ਬੀ.ਸੀ. ਦੇ ਅੰਦਰੂਨੀ ਸ਼ਹਿਰ ਕੈਮਲੂਪਸ ਵਿੱਚ ਇੱਕ AI ਡਾਟਾ ਸੈਂਟਰ ਬਣਾਇਆ ਜਾਵੇਗਾ। ਟੇਲਸ ਦੇ ਅਨੁਸਾਰ ਇਹ ਪ੍ਰੋਜੈਕਟ ਦੁਨੀਆ ਦੇ ਸਭ ਤੋਂ ਸ਼ਕਤੀਸ਼ਾਲੀ ਅਤੇ ਟਿਕਾਊ AI ਇੰਫਰਾਸਟਰੱਕਚਰ ਕਲੱਸਟਰਾਂ ਵਿੱਚੋਂ ਇੱਕ ਸਾਬਤ ਹੋ ਸਕਦਾ ਹੈ।
ਫੈਡਰਲ ਸਰਕਾਰ ਪਹਿਲਾਂ ਹੀ 2024-25 ਤੋਂ ਪੰਜ ਸਾਲਾਂ ਲਈ 2 ਬਿਲੀਅਨ ਡਾਲਰ ਦੀ ਰਕਮ ਵੱਡੇ ਪੱਧਰ ਦੇ ਸੋਵਰਨ ਡਾਟਾ ਸੈਂਟਰਾਂ ਨੂੰ ਉਤਸ਼ਾਹਿਤ ਕਰਨ ਲਈ ਰੱਖ ਚੁੱਕੀ ਹੈ। ਹਾਲਾਂਕਿ ਇਸ ਵਿਸ਼ੇਸ਼ ਪ੍ਰੋਜੈਕਟ ਦੀ ਕੁੱਲ ਲਾਗਤ ਹਾਲੇ ਜਨਤਕ ਨਹੀਂ ਕੀਤੀ ਗਈ।
ਟੇਲਸ ਨੇ ਦੱਸਿਆ ਕਿ ਕੈਮਲੂਪਸ ਦੇ ਮੌਜੂਦਾ ਡਾਟਾ ਸੈਂਟਰ ਦਾ ਵਿਸਥਾਰ ਕੀਤਾ ਜਾਵੇਗਾ, ਜਦਕਿ ਵੈਂਕੂਵਰ ਦੇ ਮਾਊਂਟ ਪਲੇਜ਼ੈਂਟ ਅਤੇ ਡਾਊਨਟਾਊਨ ਖੇਤਰ ਵਿੱਚ ਦੋ ਨਵੇਂ ਕੇਂਦਰ ਬਣਾਏ ਜਾਣਗੇ। ਕੈਮਲੂਪਸ ਅਤੇ ਮਾਊਂਟ ਪਲੇਜ਼ੈਂਟ ਸੈਂਟਰ ਇਸੇ ਸਾਲ ਚਾਲੂ ਹੋ ਜਾਣਗੇ, ਜਦਕਿ ਡਾਊਨਟਾਊਨ ਸੈਂਟਰ 2029 ਵਿੱਚ ਸੇਵਾ ਦੇਣਾ ਸ਼ੁਰੂ ਕਰੇਗਾ।
ਟੇਲਸ ਦੇ ਰਿਟਾਇਰ ਹੋ ਰਹੇ ਮੁੱਖ ਕਾਰਜਕਾਰੀ ਅਧਿਕਾਰੀ Darren Entwistle ਨੇ ਇਸ ਐਲਾਨ ਨੂੰ ਕੈਨੇਡਾ ਦੇ ਆਰਥਿਕ ਭਵਿੱਖ ਲਈ “ਇਤਿਹਾਸਕ ਕਦਮ” ਕਰਾਰ ਦਿੱਤਾ। ਉਨ੍ਹਾਂ ਕਿਹਾ ਕਿ ਇਹ ਢਾਂਚਾ ਦੁਨੀਆ ਦੇ ਸਭ ਤੋਂ ਅਗੇਤਰਨ AI ਮਾਡਲਾਂ ਨੂੰ ਚਲਾਉਣ ਯੋਗ ਸਮਰੱਥਾ ਰੱਖੇਗਾ ਅਤੇ ਸਾਰੀ ਕੰਪਿਊਟਿੰਗ ਕੈਨੇਡਾ ਦੀ ਧਰਤੀ ‘ਤੇ ਹੀ ਹੋਵੇਗੀ।
ਵਿਰੋਧੀ ਕਨਜ਼ਰਵੇਟਿਵ ਪਾਰਟੀ ਦੇ AI ਮਾਮਲਿਆਂ ਦੇ ਆਲੋਚਕ Ben Lobb ਨੇ ਇਸ ਐਲਾਨ ਨੂੰ ਸਿਰਫ “ਫੋਟੋ ਮੌਕਾ” ਕਰਾਰ ਦਿੰਦਿਆਂ ਕਿਹਾ ਕਿ ਕੈਨੇਡਾ ਵਿੱਚ AI ਡਾਟਾ ਸੈਂਟਰਾਂ ਲਈ ਸਰਕਾਰੀ ਦਖਲ ਦੀ ਲੋੜ ਨਹੀਂ, ਸਗੋਂ ਵਿਕਾਸ ਰੋਕਣ ਵਾਲੇ ਕਾਨੂੰਨਾਂ ਅਤੇ ਟੈਕਸਾਂ ਨੂੰ ਹਟਾਉਣ ਦੀ ਲੋੜ ਹੈ।
ਟੇਲਸ ਮੁਤਾਬਕ ਤਿੰਨੋ ਡਾਟਾ ਸੈਂਟਰਾਂ ਲਈ 98 ਫੀਸਦੀ ਤੋਂ ਵੱਧ ਬਿਜਲੀ ਨਵਿਆਉਣਯੋਗ ਊਰਜਾ ਸਰੋਤਾਂ ਤੋਂ ਪ੍ਰਾਪਤ ਕੀਤੀ ਜਾਵੇਗੀ। ਵੈਂਕੂਵਰ ਦੇ ਦੋ ਸੈਂਟਰਾਂ ਤੋਂ ਨਿਕਲਣ ਵਾਲੀ ਵਾਧੂ ਗਰਮੀ ਨੂੰ ਘਰਾਂ ਨੂੰ ਗਰਮ ਕਰਨ ਲਈ ਵਰਤਿਆ ਜਾਵੇਗਾ।
ਇਸ ਮੌਕੇ ਮੰਤਰੀ ਈਵਨ ਸੋਲੋਮਨ ਨੇ AI ਸੁਰੱਖਿਆ ਨੂੰ ਵੀ ਮਹੱਤਵਪੂਰਨ ਮਸਲਾ ਦੱਸਦਿਆਂ ਕਿਹਾ ਕਿ ਸਰਕਾਰ AI ਸੁਰੱਖਿਆ ਪ੍ਰੋਟੋਕਾਲਾਂ ਦੀ ਸਮੀਖਿਆ ਕਰ ਰਹੀ ਹੈ ਅਤੇ ਕੈਨੇਡੀਅਨ ਲੋਕਾਂ, ਖ਼ਾਸ ਕਰਕੇ ਬੱਚਿਆਂ ਦੀ ਸੁਰੱਖਿਆ ਯਕੀਨੀ ਬਣਾਉਣ ਲਈ ਹਰ ਵਿਕਲਪ ‘ਤੇ ਵਿਚਾਰ ਕੀਤਾ ਜਾ ਰਿਹਾ ਹੈ।
















