ਨੈਸ਼ਨਲ ਪੁਲਿਸ ਵੀਕ ਮੌਕੇ ਅਲਬਰਟਾ ਸਰਕਾਰ ਵੱਲੋਂ ਪੁਲਿਸ ਸੇਵਾਵਾਂ ਨੂੰ ਸਲਾਮ

ਨੈਸ਼ਨਲ ਪੁਲਿਸ ਵੀਕ ਮੌਕੇ ਅਲਬਰਟਾ ਸਰਕਾਰ ਵੱਲੋਂ ਪੁਲਿਸ ਸੇਵਾਵਾਂ ਨੂੰ ਸਲਾਮ

ਐਡਮੰਟਨ-ਕੈਨੇਡਾ ਵਿੱਚ ਮਨਾਏ ਜਾ ਰਹੇ ਨੈਸ਼ਨਲ ਪੁਲਿਸ ਵੀਕ (10 ਤੋਂ 16 ਮਈ) ਮੌਕੇ ਅਲਬਰਟਾ ਦੇ ਜਨ ਸੁਰੱਖਿਆ ਅਤੇ ਐਮਰਜੈਂਸੀ ਸੇਵਾਵਾਂ ਮੰਤਰੀ Mike Ellis ਨੇ ਪੁਲਿਸ ਅਧਿਕਾਰੀਆਂ ਦੀ ਸੇਵਾ, ਬਹਾਦਰੀ ਅਤੇ ਸਮਰਪਣ ਨੂੰ ਨਮਨ ਕਰਦਿਆਂ ਵਿਸ਼ੇਸ਼ ਸੰਦੇਸ਼ ਜਾਰੀ ਕੀਤਾ ਹੈ।ਮੰਤਰੀ ਮਾਈਕ ਐਲਿਸ ਨੇ ਕਿਹਾ ਕਿ ਕੈਨੇਡਾ ਭਰ ਵਿੱਚ ਕਾਨੂੰਨ ਲਾਗੂ ਕਰਨ ਵਾਲੀਆਂ ਏਜੰਸੀਆਂ ਵਿੱਚ ਸੇਵਾ ਨਿਭਾ ਰਹੇ ਮਹਿਲਾ ਅਤੇ ਪੁਰਸ਼ ਪੁਲਿਸ ਕਰਮਚਾਰੀ ਹਰ ਰੋਜ਼ ਲੋਕਾਂ ਦੀ ਸੁਰੱਖਿਆ ਲਈ ਆਪਣੀ ਜ਼ਿੰਦਗੀ ਨੂੰ ਜੋਖਮ ਵਿੱਚ ਪਾਂਦੇ ਹਨ। ਉਨ੍ਹਾਂ ਕਿਹਾ ਕਿ ਪੁਲਿਸ ਅਧਿਕਾਰੀ ਪੀੜਤਾਂ ਦੀ ਸਹਾਇਤਾ ਕਰਨ, ਅਪਰਾਧ ਰੋਕਣ ਅਤੇ ਸਮਾਜ ਵਿੱਚ ਅਮਨ ਕਾਇਮ ਰੱਖਣ ਲਈ ਨਿਰੰਤਰ ਸੇਵਾ ਨਿਭਾ ਰਹੇ ਹਨ।

ਉਨ੍ਹਾਂ ਕਿਹਾ ਕਿ “Committed to Service Together” ਇਸ ਸਾਲ ਦੇ ਨੈਸ਼ਨਲ ਪੁਲਿਸ ਵੀਕ ਦਾ ਥੀਮ ਹੈ, ਜੋ ਇਹ ਦਰਸਾਉਂਦਾ ਹੈ ਕਿ ਪ੍ਰਭਾਵਸ਼ਾਲੀ ਪੁਲਿਸ ਪ੍ਰਣਾਲੀ ਲੋਕਾਂ ਦੇ ਭਰੋਸੇ ‘ਤੇ ਟਿਕੀ ਹੁੰਦੀ ਹੈ। ਜਦੋਂ ਲੋਕ ਆਪਣੀਆਂ ਸਮੱਸਿਆਵਾਂ ਜਾਂ ਸ਼ਿਕਾਇਤਾਂ ਪੁਲਿਸ ਤੱਕ ਪਹੁੰਚਾਉਂਦੇ ਹਨ, ਤਾਂ ਇਹ ਉਸ ਭਰੋਸੇ ਦੀ ਨਿਸ਼ਾਨੀ ਹੁੰਦੀ ਹੈ ਕਿ ਪੁਲਿਸ ਪੇਸ਼ੇਵਰ ਢੰਗ ਨਾਲ ਮਦਦ ਕਰੇਗੀ।ਅਲਬਰਟਾ ਸਰਕਾਰ ਵੱਲੋਂ ਬਜਟ 2026 ਤਹਿਤ ਸੂਬੇ ਵਿੱਚ ਅਪਰਾਧ ਨਾਲ ਨਜਿੱਠਣ ਲਈ 36 ਮਿਲੀਅਨ ਡਾਲਰ ਤੋਂ ਵੱਧ ਦੀ ਰਕਮ ਨਾਲ ਅਲਬਰਟਾ ਸ਼ੈਰਿਫ ਪੁਲਿਸ ਸਰਵਿਸ ਦੀ ਸ਼ੁਰੂਆਤ ਕੀਤੀ ਜਾ ਰਹੀ ਹੈ। ਇਸ ਦੇ ਨਾਲ ਹੀ ਮੌਜੂਦਾ ਕਾਨੂੰਨੀ ਏਜੰਸੀਆਂ ਨੂੰ ਮਜ਼ਬੂਤ ਕਰਨ ਲਈ ਲੋੜੀਂਦੀ ਟ੍ਰੇਨਿੰਗ ਅਤੇ ਆਧੁਨਿਕ ਸਾਧਨ ਵੀ ਉਪਲਬਧ ਕਰਵਾਏ ਜਾਣਗੇ।

ਮੰਤਰੀ ਨੇ ਇਹ ਵੀ ਦੱਸਿਆ ਕਿ ਬਜਟ 2026 ਅਧੀਨ ਕਰੀਬ 9 ਮਿਲੀਅਨ ਡਾਲਰ ਦੀ ਲਾਗਤ ਨਾਲ ਇੱਕ ਸੂਬਾਈ ਡੀਐਨਏ ਫੋਰੈਂਸਿਕ ਲੈਬ ਸਥਾਪਿਤ ਕੀਤੀ ਜਾਵੇਗੀ। ਇਸ ਨਾਲ ਪੁਲਿਸ ਨੂੰ ਅਪਰਾਧਾਂ ਦੀ ਜਾਂਚ ਤੇਜ਼ੀ ਨਾਲ ਕਰਨ ਵਿੱਚ ਮਦਦ ਮਿਲੇਗੀ ਅਤੇ ਪੀੜਤ ਪਰਿਵਾਰਾਂ ਨੂੰ ਜਲਦੀ ਇਨਸਾਫ ਮਿਲ ਸਕੇਗਾ।ਉਨ੍ਹਾਂ ਅਲਬਰਟਾ ਦੇ ਸਮੂਹ ਪੁਲਿਸ ਅਧਿਕਾਰੀਆਂ ਅਤੇ ਸਹਾਇਕ ਸਟਾਫ ਦਾ ਧੰਨਵਾਦ ਕਰਦਿਆਂ ਲੋਕਾਂ ਨੂੰ ਅਪੀਲ ਕੀਤੀ ਕਿ ਉਹ ਨੈਸ਼ਨਲ ਪੁਲਿਸ ਵੀਕ ਦੌਰਾਨ ਆਪਣੇ ਇਲਾਕੇ ਦੇ ਪੁਲਿਸ ਕਰਮਚਾਰੀਆਂ ਪ੍ਰਤੀ ਸਤਿਕਾਰ ਅਤੇ ਧੰਨਵਾਦ ਪ੍ਰਗਟ ਕਰਨ।