ਕੈਨੇਡਾ ਵਿੱਚ ਇਮੀਗ੍ਰੇਸ਼ਨ ਏਜੰਟਾਂ ਨੂੰ ਗ਼ਲਤ ਜਾਣਕਾਰੀ ਦੇਣ ’ਤੇ 15 ਲੱਖ ਡਾਲਰ ਤੱਕ ਜੁਰਮਾਨਾ

Canada has introduced new penalties of up to CA$1.5 million for paid immigration and citizenship representatives who operate without authorization or provide false or misleading information.

ਕੈਨੇਡਾ ਵਿੱਚ ਇਮੀਗ੍ਰੇਸ਼ਨ ਏਜੰਟਾਂ ਨੂੰ ਗ਼ਲਤ ਜਾਣਕਾਰੀ ਦੇਣ ’ਤੇ 15 ਲੱਖ ਡਾਲਰ ਤੱਕ ਜੁਰਮਾਨਾ

ਓਟਾਵਾ-ਕੈਨੇਡਾ ਸਰਕਾਰ ਨੇ ਇਮੀਗ੍ਰੇਸ਼ਨ ਅਤੇ ਨਾਗਰਿਕਤਾ ਸਬੰਧੀ ਸਲਾਹ ਦੇਣ ਵਾਲੇ ਭੁਗਤਾਨ ਪ੍ਰਾਪਤ ਨੁਮਾਇੰਦਿਆਂ ਲਈ ਨਵੇਂ ਨਿਯਮ ਲਾਗੂ ਕੀਤੇ ਹਨ। ਇਨ੍ਹਾਂ ਤਹਿਤ ਬਿਨਾਂ ਅਧਿਕਾਰ ਸਲਾਹ ਦੇਣ ਜਾਂ ਬਿਨੈਕਾਰਾਂ ਵੱਲੋਂ ਜਾਣਬੁੱਝ ਕੇ ਗ਼ਲਤ ਜਾਂ ਗੁੰਮਰਾਹਕੁੰਨ ਜਾਣਕਾਰੀ ਦੇਣ ’ਤੇ 15 ਲੱਖ ਕੈਨੇਡੀਅਨ ਡਾਲਰ (ਕਰੀਬ 10.22 ਕਰੋੜ ਰੁਪਏ) ਤੱਕ ਜੁਰਮਾਨਾ ਹੋ ਸਕਦਾ ਹੈ। ਇਹ ਨਿਯਮ ਭਾਰਤ ਸਮੇਤ ਕੈਨੇਡਾ ਤੋਂ ਬਾਹਰ ਕੰਮ ਕਰਨ ਵਾਲੇ ਏਜੰਟਾਂ ’ਤੇ ਵੀ ਲਾਗੂ ਹੋਣਗੇ।

ਇਮੀਗ੍ਰੇਸ਼ਨ, ਰਫਿਊਜੀਜ਼ ਐਂਡ ਸਿਟੀਜ਼ਨਸ਼ਿਪ ਕੈਨੇਡਾ (ਆਈ.ਆਰ.ਸੀ.ਸੀ.) ਅਨੁਸਾਰ, ਬਿਨਾਂ ਅਧਿਕਾਰ ਸਲਾਹ ਜਾਂ ਨੁਮਾਇੰਦਗੀ ਦੇਣ ’ਤੇ 5,000 ਕੈਨੇਡੀਅਨ ਡਾਲਰ ਅਤੇ ਜਾਣਬੁੱਝ ਕੇ ਗ਼ਲਤ ਜਾਣਕਾਰੀ ਦੇਣ ਜਾਂ ਇਸ ਵਿੱਚ ਮਦਦ ਕਰਨ ’ਤੇ 15,000 ਡਾਲਰ ਤੋਂ ਜੁਰਮਾਨੇ ਦੀ ਸ਼ੁਰੂਆਤ ਹੋਵੇਗੀ। ਜੇਕਰ ਗ਼ਲਤ ਜਾਣਕਾਰੀ ਦੇ ਆਧਾਰ ’ਤੇ ਅਰਜ਼ੀ ਮਨਜ਼ੂਰ ਹੋ ਜਾਂਦੀ ਹੈ ਜਾਂ ਨਿਯਮਾਂ ਦੀ ਵਾਰ-ਵਾਰ ਉਲੰਘਣਾ ਕੀਤੀ ਜਾਂਦੀ ਹੈ ਤਾਂ ਜੁਰਮਾਨਾ ਹੋਰ ਵਧ ਸਕਦਾ ਹੈ। ਜੇਕਰ ਉਲੰਘਣਾ ਤੋਂ ਵਿੱਤੀ ਲਾਭ ਹੋਇਆ ਹੋਵੇ ਤਾਂ ਉਹ ਰਕਮ ਵੀ ਜੁਰਮਾਨੇ ਵਿੱਚ ਜੋੜੀ ਜਾਵੇਗੀ।

ਆਈ.ਆਰ.ਸੀ.ਸੀ. ਸਾਲ 2027 ਵਿੱਚ ਇੱਕ ਵੈੱਬਸਾਈਟ ਸ਼ੁਰੂ ਕਰੇਗੀ, ਜਿਸ ’ਤੇ ਜੁਰਮਾਨਾ ਲੱਗਣ ਵਾਲੇ ਨੁਮਾਇੰਦਿਆਂ ਦੇ ਨਾਂ ਅਤੇ ਉਨ੍ਹਾਂ ਦੀ ਉਲੰਘਣਾ ਦੇ ਵੇਰਵੇ ਜਨਤਕ ਕੀਤੇ ਜਾਣਗੇ। ਜੁਰਮਾਨੇ ਦਾ ਨੋਟਿਸ ਮਿਲਣ ਤੋਂ ਬਾਅਦ ਸਬੰਧਤ ਵਿਅਕਤੀ ਨੂੰ ਭੁਗਤਾਨ ਲਈ 30 ਦਿਨ ਮਿਲਣਗੇ।

ਕੈਨੇਡਾ ਦੀ ਇਮੀਗ੍ਰੇਸ਼ਨ ਮੰਤਰੀ ਲੀਨਾ ਮੈਟਲੇਜ ਡਾਇਬ ਨੇ ਕਿਹਾ ਕਿ ਨਵੇਂ ਨਿਯਮਾਂ ਦਾ ਮਕਸਦ ਲੋਕਾਂ ਨੂੰ ਧੋਖਾਧੜੀ ਅਤੇ ਗ਼ਲਤ ਕਾਰਵਾਈਆਂ ਤੋਂ ਬਚਾਉਣਾ ਹੈ। ਉਨ੍ਹਾਂ ਕਿਹਾ ਕਿ ਨਿਯਮ ਤੋੜਨ ਵਾਲਿਆਂ ਨੂੰ ਜਵਾਬਦੇਹ ਬਣਾਇਆ ਜਾਵੇਗਾ। ਧੋਖਾਧੜੀ ਅਤੇ ਗ਼ਲਤ ਬਿਆਨਬਾਜ਼ੀ ਨਾਲ ਜੁੜੇ ਅਪਰਾਧਾਂ ਦੀ ਜਾਂਚ ਅਤੇ ਮੁਕੱਦਮਾ ਚਲਾਉਣ ਲਈ ਕੈਨੇਡਾ ਬਾਰਡਰ ਸਰਵਿਸਿਜ਼ ਏਜੰਸੀ ਅਤੇ ਆਰ.ਸੀ.ਐੱਮ.ਪੀ. ਵੀ ਕਾਰਵਾਈ ਕਰ ਸਕਦੀਆਂ ਹਨ।