ਕੈਨੇਡਾ ਦੀ ਆਬਾਦੀ ਪਹਿਲੀ ਤਿਮਾਹੀ ਵਿੱਚ 55 ਹਜ਼ਾਰ ਘਟੀ
ਓਟਵਾ-ਕੈਨੇਡਾ ਦੀ ਆਬਾਦੀ ਵਿੱਚ 2026 ਦੀ ਪਹਿਲੀ ਤਿਮਾਹੀ ਦੌਰਾਨ ਗਿਰਾਵਟ ਦਰਜ ਕੀਤੀ ਗਈ ਹੈ। ਸਟੈਟਿਸਟਿਕਸ ਕੈਨੇਡਾ ਵੱਲੋਂ ਜਾਰੀ ਅੰਕੜਿਆਂ ਮੁਤਾਬਕ ਜਨਵਰੀ ਤੋਂ ਮਾਰਚ ਤੱਕ ਦੇ ਤਿੰਨ ਮਹੀਨਿਆਂ ਵਿੱਚ ਦੇਸ਼ ਦੀ ਆਬਾਦੀ ਲਗਭਗ 55 ਹਜ਼ਾਰ ਘਟ ਗਈ, ਜਿਸ ਨਾਲ ਕੁੱਲ ਆਬਾਦੀ 4 ਕਰੋੜ 14 ਲੱਖ 17 ਹਜ਼ਾਰ 56 ਰਹਿ ਗਈ ਹੈ।ਏਜੰਸੀ ਅਨੁਸਾਰ ਆਬਾਦੀ ਵਿੱਚ 0.1 ਫ਼ੀਸਦੀ ਦੀ ਇਹ ਕਮੀ ਮੁੱਖ ਤੌਰ ’ਤੇ ਇਮੀਗ੍ਰੇਸ਼ਨ ਦੇ ਘਟਦੇ ਪੱਧਰ ਅਤੇ ਜਨਮਾਂ ਨਾਲੋਂ ਮੌਤਾਂ ਦੀ ਗਿਣਤੀ ਵੱਧ ਹੋਣ ਕਾਰਨ ਆਈ ਹੈ। ਇਹ ਰੁਝਾਨ ਉਸ ਸਮੇਂ ਸਾਹਮਣੇ ਆਇਆ ਹੈ ਜਦੋਂ ਫੈਡਰਲ ਸਰਕਾਰ ਇਮੀਗ੍ਰੇਸ਼ਨ ਦੇ ਸਾਲਾਨਾ ਟੀਚਿਆਂ ਵਿੱਚ ਕਟੌਤੀ ਕਰ ਰਹੀ ਹੈ।
ਅੰਕੜਿਆਂ ਅਨੁਸਾਰ ਪਹਿਲੀ ਤਿਮਾਹੀ ਦੌਰਾਨ ਸਥਾਈ ਪਰਵਾਸੀਆਂ ਦੀ ਗਿਣਤੀ ਵਿੱਚ ਵੀ ਮਹੱਤਵਪੂਰਨ ਗਿਰਾਵਟ ਦਰਜ ਕੀਤੀ ਗਈ। 2025 ਦੀ ਇਸੇ ਮਿਆਦ ਵਿੱਚ 1,04,210 ਲੋਕ ਸਥਾਈ ਨਿਵਾਸੀ ਵਜੋਂ ਕੈਨੇਡਾ ਆਏ ਸਨ, ਜਦਕਿ ਇਸ ਸਾਲ ਇਹ ਗਿਣਤੀ ਘਟ ਕੇ 83,149 ਰਹਿ ਗਈ। ਇਹ ਲਗਭਗ 20 ਫ਼ੀਸਦੀ ਦੀ ਕਮੀ ਨੂੰ ਦਰਸਾਉਂਦਾ ਹੈ।ਇਸੇ ਦੌਰਾਨ ਗੈਰ-ਸਥਾਈ ਨਿਵਾਸੀਆਂ ਦੀ ਗਿਣਤੀ ਵਿੱਚ ਵੀ 1.17 ਲੱਖ ਤੋਂ ਵੱਧ ਦੀ ਕਮੀ ਦਰਜ ਕੀਤੀ ਗਈ ਹੈ। ਮਾਹਿਰ ਇਸ ਨੂੰ ਸਰਕਾਰ ਵੱਲੋਂ ਅੰਤਰਰਾਸ਼ਟਰੀ ਵਿਦਿਆਰਥੀਆਂ ਅਤੇ ਅਸਥਾਈ ਵਿਦੇਸ਼ੀ ਕਰਮਚਾਰੀਆਂ ਦੀ ਗਿਣਤੀ ਘਟਾਉਣ ਲਈ ਕੀਤੇ ਗਏ ਕਦਮਾਂ ਨਾਲ ਜੋੜ ਕੇ ਦੇਖ ਰਹੇ ਹਨ।
ਸਟੈਟਿਸਟਿਕਸ ਕੈਨੇਡਾ ਨੇ ਇਹ ਵੀ ਦੱਸਿਆ ਕਿ ਕੁਦਰਤੀ ਆਬਾਦੀ ਵਾਧਾ ਇਸ ਮਿਆਦ ਦੌਰਾਨ ਨਕਾਰਾਤਮਕ ਰਿਹਾ। ਆਮ ਤੌਰ ’ਤੇ ਦੇਸ਼ ਵਿੱਚ ਜਨਮਾਂ ਦੀ ਗਿਣਤੀ ਮੌਤਾਂ ਨਾਲੋਂ ਵੱਧ ਹੁੰਦੀ ਹੈ, ਪਰ ਇਸ ਸਾਲ ਦੀ ਪਹਿਲੀ ਤਿਮਾਹੀ ਵਿੱਚ ਜਨਮਾਂ ਨਾਲੋਂ 155 ਵੱਧ ਮੌਤਾਂ ਦਰਜ ਕੀਤੀਆਂ ਗਈਆਂ।ਅਰਥਸ਼ਾਸਤਰੀਆਂ ਦਾ ਕਹਿਣਾ ਹੈ ਕਿ ਆਬਾਦੀ ਵਿੱਚ ਆ ਰਹੀਆਂ ਇਹ ਤਬਦੀਲੀਆਂ ਕੈਨੇਡਾ ਦੀ ਅਰਥਵਿਵਸਥਾ ’ਤੇ ਵੀ ਅਸਰ ਪਾ ਸਕਦੀਆਂ ਹਨ। ਵਾਟਰਲੂ ਯੂਨੀਵਰਸਿਟੀ ਦੇ ਅਰਥਸ਼ਾਸਤਰ ਪ੍ਰੋਫੈਸਰ ਮਿਕਾਲ ਸਕਿਊਟਰਡ ਮੁਤਾਬਕ ਘੱਟ ਇਮੀਗ੍ਰੇਸ਼ਨ ਕਾਰਨ ਅਰਥਵਿਵਸਥਾ ਦਾ ਕੁੱਲ ਆਕਾਰ ਪ੍ਰਭਾਵਿਤ ਹੋ ਸਕਦਾ ਹੈ, ਪਰ ਇਸ ਨਾਲ ਪ੍ਰਤੀ ਵਿਅਕਤੀ ਆਮਦਨ ਅਤੇ ਉਤਪਾਦਕਤਾ ਦੇ ਅੰਕੜਿਆਂ ਵਿੱਚ ਸੁਧਾਰ ਦੀ ਸੰਭਾਵਨਾ ਵੀ ਬਣਦੀ ਹੈ।ਉਨ੍ਹਾਂ ਕਿਹਾ ਕਿ ਇਮੀਗ੍ਰੇਸ਼ਨ ਨੀਤੀ ਵਿੱਚ ਕੀਤੀਆਂ ਤਾਜ਼ਾ ਤਬਦੀਲੀਆਂ ਤੋਂ ਬਾਅਦ ਪ੍ਰਤੀ ਵਿਅਕਤੀ ਜੀਡੀਪੀ ਦੀ ਵਾਧਾ ਦਰ, ਜੋ ਪਹਿਲਾਂ ਨਕਾਰਾਤਮਕ ਰਹੀ ਸੀ, ਹੁਣ ਸਥਿਰ ਜਾਂ ਹਲਕੇ ਸਕਾਰਾਤਮਕ ਰੁਖ ਵੱਲ ਵਧਦੀ ਨਜ਼ਰ ਆ ਰਹੀ ਹੈ।ਮਾਹਿਰਾਂ ਦਾ ਮੰਨਣਾ ਹੈ ਕਿ ਆਉਣ ਵਾਲੇ ਮਹੀਨਿਆਂ ਵਿੱਚ ਇਮੀਗ੍ਰੇਸ਼ਨ ਅਤੇ ਆਬਾਦੀ ਨਾਲ ਜੁੜੇ ਰੁਝਾਨ ਕੈਨੇਡਾ ਦੀ ਆਰਥਿਕ ਵਿਕਾਸ ਦਰ, ਰੁਜ਼ਗਾਰ ਬਾਜ਼ਾਰ ਅਤੇ ਸਰਕਾਰੀ ਨੀਤੀਆਂ ਨੂੰ ਪ੍ਰਭਾਵਿਤ ਕਰਨ ਵਿੱਚ ਅਹਿਮ ਭੂਮਿਕਾ ਨਿਭਾਉਣਗੇ।
















