ਐਡਮੰਟਨ ਨੇੜੇ ਮੈਟਾ ਦੇ ਡਾਟਾ ਸੈਂਟਰ ਖ਼ਿਲਾਫ਼ ਪ੍ਰਦਰਸ਼ਨ, ਪਾਣੀ ਤੇ ਬਿਜਲੀ ਦੀ ਖਪਤ ਨੂੰ ਲੈ ਕੇ ਚਿੰਤਾ
ਐਡਮੰਟਨ-ਐਡਮੰਟਨ ਦੇ ਉੱਤਰ ਵਿੱਚ ਸਥਿਤ ਸਟਰਜਨ ਕਾਊਂਟੀ ਵਿੱਚ ਸੋਸ਼ਲ ਮੀਡੀਆ ਕੰਪਨੀ ਮੈਟਾ ਵੱਲੋਂ ਬਣਾਏ ਜਾਣ ਵਾਲੇ ਕੈਨੇਡਾ ਦੇ ਪਹਿਲੇ ਡਾਟਾ ਸੈਂਟਰ ਦੇ ਵਿਰੋਧ ਵਿੱਚ ਦਰਜਨਾਂ ਲੋਕਾਂ ਨੇ ਪ੍ਰਦਰਸ਼ਨ ਕੀਤਾ। ਪ੍ਰਦਰਸ਼ਨਕਾਰੀਆਂ ਨੇ ਦੋਸ਼ ਲਾਇਆ ਕਿ ਇਹ ਵਿਸ਼ਾਲ ਪ੍ਰੋਜੈਕਟ ਸੂਬੇ ਦੇ ਪਾਣੀ ਅਤੇ ਬਿਜਲੀ ਸਰੋਤਾਂ 'ਤੇ ਵਾਧੂ ਦਬਾਅ ਪਾਵੇਗਾ ਅਤੇ ਭਵਿੱਖ ਵਿੱਚ ਵਾਤਾਵਰਨ ਲਈ ਵੀ ਵੱਡੀ ਚੁਣੌਤੀ ਬਣ ਸਕਦਾ ਹੈ।ਮੋਰੀਨਵਿਲ ਵਿੱਚ ਹੋਏ ਇਸ ਪ੍ਰਦਰਸ਼ਨ ਦੀ ਅਗਵਾਈ 20 ਸਾਲਾ ਬੈਨ ਬੈਰਿਲ ਨੇ ਕੀਤੀ। ਉਨ੍ਹਾਂ ਕਿਹਾ ਕਿ 13 ਅਰਬ ਡਾਲਰ ਤੋਂ ਵੱਧ ਦੀ ਲਾਗਤ ਨਾਲ ਬਣਨ ਵਾਲਾ ਇੱਕ ਗੀਗਾਵਾਟ ਸਮਰੱਥਾ ਵਾਲਾ ਡਾਟਾ ਸੈਂਟਰ ਅਲਬਰਟਾ ਦੇ ਜਲ ਸਰੋਤਾਂ ਅਤੇ ਬਿਜਲੀ ਗਰਿੱਡ 'ਤੇ ਵੱਡਾ ਬੋਝ ਪਾਵੇਗਾ। ਉਨ੍ਹਾਂ ਇਹ ਵੀ ਕਿਹਾ ਕਿ ਦੇਸ਼ ਭਰ ਵਿੱਚ ਤੇਜ਼ੀ ਨਾਲ ਬਣ ਰਹੇ ਡਾਟਾ ਸੈਂਟਰਾਂ ਨਾਲ ਆਰਟੀਫ਼ਿਸ਼ਲ ਇੰਟੈਲੀਜੈਂਸ (ਏਆਈ) ਦੇ ਫੈਲਾਅ ਕਾਰਨ ਰੁਜ਼ਗਾਰ ਦੇ ਮੌਕਿਆਂ 'ਤੇ ਵੀ ਨਕਾਰਾਤਮਕ ਅਸਰ ਪੈ ਸਕਦਾ ਹੈ।
ਮੈਟਾ ਨੇ ਪਿਛਲੇ ਮਹੀਨੇ ਐਲਾਨ ਕੀਤਾ ਸੀ ਕਿ ਉਹ ਸਟਰਜਨ ਕਾਊਂਟੀ ਵਿੱਚ ਆਪਣਾ ਪਹਿਲਾ ਕੈਨੇਡੀਅਨ ਡਾਟਾ ਸੈਂਟਰ ਸਥਾਪਤ ਕਰੇਗੀ। ਕੰਪਨੀ ਮੁਤਾਬਕ ਇਹ ਕੇਂਦਰ ਅਗਲੇ ਦੋ ਤੋਂ ਤਿੰਨ ਸਾਲਾਂ ਵਿੱਚ ਚਾਲੂ ਹੋਣ ਦੀ ਉਮੀਦ ਹੈ।ਅਲਬਰਟਾ ਦੀ ਪ੍ਰੀਮੀਅਰ ਡੈਨੀਅਲ ਸਮਿਥ ਨੇ ਕਿਹਾ ਹੈ ਕਿ ਡਾਟਾ ਸੈਂਟਰ ਨੂੰ ਸ਼ੁਰੂਆਤੀ ਦੌਰ ਵਿੱਚ ਸੂਬੇ ਦੇ ਵਾਧੂ ਬਿਜਲੀ ਉਤਪਾਦਨ ਤੋਂ ਬਿਜਲੀ ਮੁਹੱਈਆ ਕਰਵਾਈ ਜਾਵੇਗੀ। ਇਸ ਤੋਂ ਬਾਅਦ ਸਾਲ 2030 ਵਿੱਚ ਗ੍ਰੀਨਲਾਈਟ ਇਲੈਕਟ੍ਰਿਸਿਟੀ ਸੈਂਟਰ ਨਾਂ ਦੇ ਨਵੇਂ ਕੁਦਰਤੀ ਗੈਸ ਅਧਾਰਿਤ ਬਿਜਲੀ ਘਰ ਦੇ ਚਾਲੂ ਹੋਣ ਉਪਰੰਤ ਇਸ ਨੂੰ ਉੱਥੋਂ ਬਿਜਲੀ ਸਪਲਾਈ ਕੀਤੀ ਜਾਵੇਗੀ।
ਇਹ ਬਿਜਲੀ ਪ੍ਰੋਜੈਕਟ ਪੈਂਬੀਨਾ ਪਾਈਪਲਾਈਨ ਕਾਰਪੋਰੇਸ਼ਨ, ਮੋਰਗਨ ਸਟੈਨਲੀ ਇਨਫਰਾਸਟਰੱਕਚਰ ਪਾਰਟਨਰਜ਼ ਅਤੇ ਕਿਨੈਟੀਕੋਰ ਐਸੈੱਟ ਮੈਨੇਜਮੈਂਟ ਦੀ ਸਾਂਝੀ ਭਾਗੀਦਾਰੀ ਨਾਲ ਵਿਕਸਿਤ ਕੀਤਾ ਜਾ ਰਿਹਾ ਹੈ।ਪ੍ਰਦਰਸ਼ਨਕਾਰੀਆਂ ਨੇ ਸਰਕਾਰ ਤੋਂ ਮੰਗ ਕੀਤੀ ਹੈ ਕਿ ਵੱਡੇ ਡਾਟਾ ਸੈਂਟਰਾਂ ਦੀ ਮਨਜ਼ੂਰੀ ਤੋਂ ਪਹਿਲਾਂ ਵਾਤਾਵਰਨ, ਪਾਣੀ ਦੀ ਖਪਤ ਅਤੇ ਊਰਜਾ ਉੱਤੇ ਪੈਣ ਵਾਲੇ ਪ੍ਰਭਾਵਾਂ ਦਾ ਵਿਸਥਾਰ ਨਾਲ ਮੁਲਾਂਕਣ ਕੀਤਾ ਜਾਵੇ।
















