ਐਡਮੰਟਨ ਦੇ ਉੱਤਰੀ-ਪੂਰਬੀ ਖੇਤਰ ਵਿੱਚ ਨਵਾਂ ਬਿਜਲੀ ਸਬ-ਸਟੇਸ਼ਨ ਬਣੇਗਾ, 2029 ਤੱਕ ਕੰਮ ਹੋਣ ਦੀ ਉਮੀਦ
ਐਡਮੰਟਨ/ਅਲਬਰਟਾ: EPCOR ਵੱਲੋਂ ਐਡਮੰਟਨ ਦੇ ਉੱਤਰੀ-ਪੂਰਬੀ ਖੇਤਰ ਵਿੱਚ ਨਵਾਂ ਬਿਜਲੀ ਸਬ-ਸਟੇਸ਼ਨ ਅਤੇ ਟਰਾਂਸਮਿਸ਼ਨ ਲਾਈਨਾਂ ਬਣਾਉਣ ਦੇ ਪ੍ਰੋਜੈਕਟ ਨੂੰ ਮਨਜ਼ੂਰੀ ਮਿਲ ਗਈ ਹੈ। ਕਰੀਬ 398 ਮਿਲੀਅਨ ਡਾਲਰ ਦੀ ਲਾਗਤ ਵਾਲੇ ਇਸ ਪ੍ਰੋਜੈਕਟ ਨੂੰ ਐਡਮੰਟਨ ਦੇ ਇਤਿਹਾਸ ਦੇ ਸਭ ਤੋਂ ਵੱਡੇ ਪਾਵਰ ਗ੍ਰਿਡ ਅਪਗ੍ਰੇਡਾਂ ਵਿੱਚੋਂ ਇੱਕ ਦੱਸਿਆ ਜਾ ਰਿਹਾ ਹੈ।
ਕੰਪਨੀ ਅਨੁਸਾਰ ਉੱਚ ਸਮਰੱਥਾ ਵਾਲੇ ਨਵੇਂ ਸਬ-ਸਟੇਸ਼ਨ ਦੀ ਉਸਾਰੀ ਇਸ ਗਰਮੀ ਦੌਰਾਨ ਸ਼ੁਰੂ ਹੋਵੇਗੀ ਅਤੇ 2029 ਤੱਕ ਇਸ ਦਾ ਕੰਮ ਮੁਕੰਮਲ ਹੋਣ ਦੀ ਸੰਭਾਵਨਾ ਹੈ। ਇਹ ਸਬ-ਸਟੇਸ਼ਨ ਫੋਰਟ ਰੋਡ ਅਤੇ ਯੈਲੋਹੈੱਡ ਹਾਈਵੇ ਨੇੜੇ ਖਾਲੀ ਪਈ ਜ਼ਮੀਨ ਉੱਤੇ ਤਿਆਰ ਕੀਤਾ ਜਾਵੇਗਾ।ਪ੍ਰੋਜੈਕਟ ਤਹਿਤ ਪੰਜ ਕਿਲੋਮੀਟਰ ਲੰਬੀਆਂ ਨਵੀਆਂ ਜ਼ਮੀਨ ਹੇਠਾਂ ਉੱਚ-ਵੋਲਟੇਜ ਟਰਾਂਸਮਿਸ਼ਨ ਲਾਈਨਾਂ ਅਤੇ ਮੌਜੂਦਾ ਨਾਮਾਓ ਸਬ-ਸਟੇਸ਼ਨ ਦੇ ਆਲੇ-ਦੁਆਲੇ ਚਾਰ ਕਿਲੋਮੀਟਰ ਲੰਬੀਆਂ 72 ਕੇਵੀ ਕੁਨੈਕਸ਼ਨ ਲਾਈਨਾਂ ਵੀ ਬਣਾਈਆਂ ਜਾਣਗੀਆਂ।
ਕਿਰਸਟਿਨ ਹੱਲ ਨੇ ਕਿਹਾ ਕਿ ਐਡਮੰਟਨ ਦੇ ਉੱਤਰੀ-ਪੂਰਬੀ ਖੇਤਰ ਦੀ ਮੌਜੂਦਾ ਬਿਜਲੀ ਪ੍ਰਣਾਲੀ ਆਪਣੀ ਸਮਰੱਥਾ ਦੀ ਹੱਦ ਦੇ ਨੇੜੇ ਪਹੁੰਚ ਰਹੀ ਹੈ। ਉਨ੍ਹਾਂ ਕਿਹਾ ਕਿ ਇਹ ਪ੍ਰੋਜੈਕਟ ਬਿਜਲੀ ਪ੍ਰਣਾਲੀ ਨੂੰ ਹੋਰ ਮਜ਼ਬੂਤ, ਆਧੁਨਿਕ ਅਤੇ ਵਧ ਰਹੀ ਮੰਗ ਤੇ ਗਰਮੀਆਂ ਦੇ ਵਧਦੇ ਤਾਪਮਾਨ ਦਾ ਸਾਹਮਣਾ ਕਰਨ ਯੋਗ ਬਣਾਏਗਾ।
ਕੰਪਨੀ ਅਨੁਸਾਰ ਇਸ ਪ੍ਰੋਜੈਕਟ ਦੀ ਲਾਗਤ ਬਿਜਲੀ ਬਿੱਲਾਂ ਰਾਹੀਂ ਵਸੂਲੀ ਜਾਵੇਗੀ ਅਤੇ ਪ੍ਰੋਜੈਕਟ ਦੇ ਸਭ ਤੋਂ ਉੱਚੇ ਪੜਾਅ ਦੌਰਾਨ ਮਹੀਨਾਵਾਰ ਬਿੱਲਾਂ ਵਿੱਚ ਕਰੀਬ 25 ਸੈਂਟ ਦਾ ਵਾਧਾ ਹੋ ਸਕਦਾ ਹੈ। EPCOR ਨੇ ਕਿਹਾ ਕਿ ਜਿਵੇਂ-ਜਿਵੇਂ ਪ੍ਰੋਜੈਕਟ ਦੇ ਹਿੱਸੇ ਮੁਕੰਮਲ ਹੁੰਦੇ ਜਾਣਗੇ, ਖਰਚੇ ਲਾਗੂ ਹੋਣਗੇ ਅਤੇ ਅਗਲੇ 40 ਸਾਲਾਂ ਵਿੱਚ ਹੌਲੀ-ਹੌਲੀ ਘਟਦੇ ਜਾਣਗੇ।Alberta Utilities Commission ਵੱਲੋਂ ਸੁਤੰਤਰ ਸਮੀਖਿਆ ਤੋਂ ਬਾਅਦ EPCOR ਦੇ “ਸਿਟੀ ਆਫ ਐਡਮੰਟਨ ਟਰਾਂਸਮਿਸ਼ਨ ਰੀਇਨਫੋਰਸਮੈਂਟ” ਪ੍ਰੋਜੈਕਟ ਨੂੰ ਮਨਜ਼ੂਰੀ ਦਿੱਤੀ ਗਈ ਹੈ।
















