ਉੱਚੀਆਂ ਤੇਲ ਕੀਮਤਾਂ ਦਾ ਲਾਭ ਸਿੱਧਾ ਲੋਕਾਂ ਤੱਕ ਪਹੁੰਚਾਏਗੀ ਅਲਬਰਟਾ ਸਰਕਾਰ, ਹਰ ਯੋਗ ਵਿਅਕਤੀ ਨੂੰ ਮਿਲਣਗੇ 100 ਡਾਲਰ
ਐਡਮੰਟਨ-ਅਲਬਰਟਾ ਸਰਕਾਰ ਨੇ ਸੂਬੇ ਦੇ ਵਸਨੀਕਾਂ ਨੂੰ ਮਹਿੰਗਾਈ ਤੋਂ ਕੁਝ ਰਾਹਤ ਦੇਣ ਲਈ "ਅਲਬਰਟਾ ਐਨਰਜੀ ਰੀਬੇਟ" ਸਕੀਮ ਦਾ ਐਲਾਨ ਕੀਤਾ ਹੈ। ਇਸ ਤਹਿਤ ਲਗਭਗ 34 ਲੱਖ ਅਲਬਰਟਾਵਾਸੀਆਂ ਨੂੰ 1 ਜੁਲਾਈ 2026 ਤੋਂ 100 ਡਾਲਰ ਦੀ ਸਿੱਧੀ ਆਰਥਿਕ ਮਦਦ ਦਿੱਤੀ ਜਾਵੇਗੀ।
ਸਰਕਾਰ ਦਾ ਕਹਿਣਾ ਹੈ ਕਿ ਹਾਲੀਆ ਮਹੀਨਿਆਂ ਦੌਰਾਨ ਤੇਲ ਦੀਆਂ ਉੱਚੀਆਂ ਕੀਮਤਾਂ ਕਾਰਨ ਸਰਕਾਰ ਨੂੰ ਹੋਈ ਵਾਧੂ ਆਮਦਨ ਦਾ ਲਾਭ ਹੁਣ ਸਿੱਧੇ ਲੋਕਾਂ ਤੱਕ ਪਹੁੰਚਾਇਆ ਜਾ ਰਿਹਾ ਹੈ। ਇਹ ਰਕਮ ਲੋਕ ਆਪਣੀਆਂ ਲੋੜਾਂ ਅਨੁਸਾਰ ਖੁਰਾਕ, ਬਿਜਲੀ-ਪਾਣੀ ਦੇ ਬਿੱਲਾਂ, ਕਿਰਾਏ ਜਾਂ ਇੰਧਨ ਦੇ ਖਰਚਿਆਂ ਲਈ ਵਰਤ ਸਕਣਗੇ।
ਅਲਬਰਟਾ ਦੀ ਪ੍ਰੀਮੀਅਰ ਡੈਨੀਅਲ ਸਮਿੱਥ ਨੇ ਕਿਹਾ ਕਿ ਉੱਚੀਆਂ ਤੇਲ ਕੀਮਤਾਂ ਦਾ ਅਸਰ ਸਿਰਫ਼ ਪੈਟਰੋਲ ਪੰਪਾਂ ਤੱਕ ਸੀਮਤ ਨਹੀਂ ਰਹਿੰਦਾ, ਸਗੋਂ ਰੋਜ਼ਾਨਾ ਦੀਆਂ ਜ਼ਰੂਰੀ ਵਸਤੂਆਂ ਦੀਆਂ ਕੀਮਤਾਂ ਵੀ ਵਧ ਜਾਂਦੀਆਂ ਹਨ। ਇਸ ਲਈ ਸਰਕਾਰ ਲੋਕਾਂ ਨੂੰ ਸਿੱਧੀ ਰਾਹਤ ਦੇ ਰਹੀ ਹੈ। ਅਰਜ਼ੀਆਂ ਲਈ ਆਨਲਾਈਨ ਪੋਰਟਲ 1 ਜੁਲਾਈ 2026 ਨੂੰ ਖੁੱਲੇਗਾ ਅਤੇ 30 ਸਤੰਬਰ 2026 ਤੱਕ ਖੁੱਲ੍ਹਾ ਰਹੇਗਾ। ਦੋ ਯੋਗ ਬਾਲਗਾਂ ਵਾਲੇ ਪਰਿਵਾਰ ਨੂੰ ਕੁੱਲ 200 ਡਾਲਰ ਮਿਲਣਗੇ। ਇੱਕੋ ਪਤੇ 'ਤੇ ਰਹਿਣ ਵਾਲੇ 18 ਸਾਲ ਜਾਂ ਇਸ ਤੋਂ ਵੱਧ ਉਮਰ ਦੇ ਬੱਚੇ ਜਾਂ ਹੋਰ ਬਾਲਗ ਮੈਂਬਰ ਵੀ ਵੱਖ-ਵੱਖ ਤੌਰ 'ਤੇ ਅਰਜ਼ੀ ਦੇ ਕੇ 100 ਡਾਲਰ ਪ੍ਰਾਪਤ ਕਰ ਸਕਣਗੇ। ਅਲਬਰਟਾ ਸੀਨੀਅਰਜ਼ ਬੈਨੀਫਿਟ, AISH, ADAP ਅਤੇ ਇਨਕਮ ਸਪੋਰਟ ਵਰਗੀਆਂ ਯੋਜਨਾਵਾਂ ਦਾ ਲਾਭ ਲੈ ਰਹੇ ਲੋਕਾਂ ਨੂੰ ਇਸ ਰੀਬੇਟ ਲਈ ਵੱਖਰੀ ਅਰਜ਼ੀ ਨਹੀਂ ਦੇਣੀ ਪਵੇਗੀ। ਉਨ੍ਹਾਂ ਨੂੰ ਭੁਗਤਾਨ ਆਪਣੇ ਆਪ ਮਿਲ ਜਾਵੇਗਾ। ਸਰਕਾਰ ਨੇ ਸਪੱਸ਼ਟ ਕੀਤਾ ਹੈ ਕਿ ਇਹ ਰੀਬੇਟ ਟੈਕਸ-ਮੁਕਤ ਹੋਵੇਗੀ ਅਤੇ ਇਸਨੂੰ ਕੈਨੇਡਾ ਰੈਵਿਨਿਊ ਏਜੰਸੀ ਕੋਲ ਆਮਦਨ ਵਜੋਂ ਦਰਜ ਕਰਨ ਦੀ ਲੋੜ ਨਹੀਂ ਹੋਵੇਗੀ। ਇਸ ਦਾ ਅਸਰ ਕਿਸੇ ਵੀ ਸਰਕਾਰੀ ਸਹਾਇਤਾ ਯੋਜਨਾ ਦੀ ਯੋਗਤਾ ਜਾਂ ਭੁਗਤਾਨ 'ਤੇ ਵੀ ਨਹੀਂ ਪਵੇਗਾ। ਅਰਜ਼ੀਆਂ 1 ਜੁਲਾਈ ਤੋਂ 30 ਸਤੰਬਰ 2026 ਤੱਕ ਕੀਤੀਆਂ ਜਾ ਸਕਣਗੀਆਂ।ਦੱਸ ਦਈਏ ਕਿ ਹਰ ਯੋਗ ਵਿਅਕਤੀ ਨੂੰ 100 ਡਾਲਰ ਮਿਲਣਗੇ, ਦੋ ਬਾਲਗਾਂ ਵਾਲੇ ਪਰਿਵਾਰ ਨੂੰ 200 ਡਾਲਰ ਦੀ ਸਹਾਇਤਾ ਮਿਲੇਗੀ, ਰੀਬੇਟ ਪੂਰੀ ਤਰ੍ਹਾਂ ਟੈਕਸ-ਮੁਕਤ ਹੋਵੇਗੀ, ਸਰਕਾਰ ਮੁਤਾਬਕ ਤੇਲ ਦੀਆਂ ਉੱਚੀਆਂ ਕੀਮਤਾਂ ਤੋਂ ਮਿਲੀ ਵਾਧੂ ਆਮਦਨ ਦਾ ਲਾਭ ਸਿੱਧਾ ਲੋਕਾਂ ਨੂੰ ਦਿੱਤਾ ਜਾ ਰਿਹਾ ਹੈ।
















