ਕੈਲਗਰੀ ਲੀਡਰਜ਼ ਡਿਨਰ ਦੌਰਾਨ ਪ੍ਰੀਮੀਅਰ ਸਮਿਥ ਕਰਨਗੇ ਸੰਬੋਧਨ

ਕੈਲਗਰੀ ਲੀਡਰਜ਼ ਡਿਨਰ ਦੌਰਾਨ ਪ੍ਰੀਮੀਅਰ ਸਮਿਥ ਕਰਨਗੇ ਸੰਬੋਧਨ

ਕੈਲਗਰੀ — ਯੂਨਾਈਟਿਡ ਕਨਜ਼ਰਵੇਟਿਵ ਪਾਰਟੀ (ਯੂਸੀਪੀ) ਆਫ਼ ਐਲਬਰਟਾ ਵੱਲੋਂ ਮੀਡੀਆ ਨੂੰ ਸਾਲਾਨਾ “ਕੈਲਗਰੀ ਲੀਡਰਜ਼ ਡਿਨਰ” ਦੌਰਾਨ ਪ੍ਰੀਮੀਅਰ ਡੈਨੀਅਲ ਸਮਿਥ ਦੇ ਸੰਬੋਧਨ ਦੀ ਕਵਰੇਜ ਲਈ ਸੱਦਾ ਦਿੱਤਾ ਗਿਆ ਹੈ। ਇਹ ਸਮਾਗਮ ਕੈਲਗਰੀ ਖੇਤਰ ਵਿੱਚ ਪਾਰਟੀ ਦਾ ਸਭ ਤੋਂ ਵੱਡਾ ਫੰਡਰੇਜ਼ਿੰਗ ਇਵੈਂਟ ਮੰਨਿਆ ਜਾ ਰਿਹਾ ਹੈ।

ਪਾਰਟੀ ਮੁਤਾਬਕ ਇਸ ਵਾਰ ਦੇ ਡਿਨਰ ਵਿੱਚ ਲਗਭਗ 2 ਹਜ਼ਾਰ ਲੋਕਾਂ ਦੀ ਸ਼ਮੂਲੀਅਤ ਹੋਵੇਗੀ ਅਤੇ 10 ਲੱਖ ਡਾਲਰ ਤੋਂ ਵੱਧ ਰਕਮ ਇਕੱਠੀ ਹੋਣ ਦੀ ਸੰਭਾਵਨਾ ਹੈ। ਯੂਸੀਪੀ ਨੇ ਇਸਨੂੰ ਕੈਲਗਰੀ ਵਿੱਚ ਹੁਣ ਤੱਕ ਦਾ ਸਭ ਤੋਂ ਵੱਡਾ ਰਾਜਨੀਤਿਕ ਡਿਨਰ ਕਰਾਰ ਦਿੱਤਾ ਹੈ।ਇਹ ਸਮਾਗਮ ਉਸ ਵੇਲੇ ਹੋ ਰਿਹਾ ਹੈ ਜਦੋਂ 2026 ਦੀ ਪਹਿਲੀ ਤਿਮਾਹੀ ਦੌਰਾਨ ਯੂਸੀਪੀ ਨੇ ਫੰਡ ਇਕੱਠਾ ਕਰਨ ਵਿੱਚ ਐਨਡੀਪੀ ਨੂੰ ਦੋਗੁਣਾ ਪਿੱਛੇ ਛੱਡ ਦਿੱਤਾ ਹੈ। ਪਾਰਟੀ ਦੇ ਅਨੁਸਾਰ ਯੂਸੀਪੀ ਨੇ ਐਨਡੀਪੀ ਨਾਲੋਂ 2 ਗੁਣਾ ਵੱਧ ਫੰਡ ਇਕੱਠਾ ਕੀਤਾ।

ਪਾਰਟੀ ਨੇ ਦਾਅਵਾ ਕੀਤਾ ਕਿ 2025 ਦੌਰਾਨ ਵੀ ਯੂਸੀਪੀ ਨੇ ਐਲਬਰਟਾ ਦੇ ਇਤਿਹਾਸ ਵਿੱਚ ਗੈਰ-ਚੋਣੀ ਸਾਲ ਦੌਰਾਨ ਸਭ ਤੋਂ ਵੱਧ ਫੰਡ ਇਕੱਠਾ ਕਰਨ ਦਾ ਰਿਕਾਰਡ ਬਣਾਇਆ ਸੀ, ਜਦਕਿ ਐਨਡੀਪੀ ਨੂੰ ਵਿੱਤੀ ਘਾਟੇ ਦਾ ਸਾਹਮਣਾ ਕਰਨਾ ਪਿਆ।ਯੂਸੀਪੀ ਆਗੂਆਂ ਦਾ ਕਹਿਣਾ ਹੈ ਕਿ ਵਧਦਾ ਜਨ ਸਮਰਥਨ ਅਤੇ ਮਜ਼ਬੂਤ ਫੰਡਰੇਜ਼ਿੰਗ ਪਾਰਟੀ ਲਈ ਸਕਾਰਾਤਮਕ ਸੰਕੇਤ ਹਨ ਅਤੇ ਆਉਣ ਵਾਲੇ ਸਮੇਂ ਵਿੱਚ ਇਹ ਗਤੀ ਜਾਰੀ ਰਹਿਣ ਦੀ ਉਮੀਦ ਹੈ।