ਅਲਬਰਟਾ ਸਰਕਾਰ ਵੱਲੋਂ ਨੌਜਵਾਨਾਂ ਦੀ ਮਾਨਸਿਕ ਸਿਹਤ ਅਤੇ ਖੁਦਕੁਸ਼ੀਆਂ ਦੀ ਰੋਕਥਾਮ ਲਈ 20 ਲੱਖ ਡਾਲਰ ਦੀ ਸਹਾਇਤਾ

Alberta is investing $2 million in 14 community-based projects to prevent youth suicide and strengthen mental health support.

ਅਲਬਰਟਾ ਸਰਕਾਰ ਵੱਲੋਂ ਨੌਜਵਾਨਾਂ ਦੀ ਮਾਨਸਿਕ ਸਿਹਤ ਅਤੇ ਖੁਦਕੁਸ਼ੀਆਂ ਦੀ ਰੋਕਥਾਮ ਲਈ 20 ਲੱਖ ਡਾਲਰ ਦੀ ਸਹਾਇਤਾ

ਅਲਬਰਟਾ-ਅਲਬਰਟਾ ਸਰਕਾਰ ਨੌਜਵਾਨਾਂ ਵਿੱਚ ਖੁਦਕੁਸ਼ੀਆਂ ਦੀ ਰੋਕਥਾਮ ਅਤੇ ਮਾਨਸਿਕ ਸਿਹਤ ਸਬੰਧੀ ਸਹਾਇਤਾ ਮਜ਼ਬੂਤ ਕਰਨ ਲਈ ਇਸ ਸਾਲ 20 ਲੱਖ ਡਾਲਰ ਦਾ ਨਿਵੇਸ਼ ਕਰ ਰਹੀ ਹੈ। ਇਹ ਰਕਮ ਭਾਈਚਾਰਕ ਪੱਧਰ ’ਤੇ ਕੰਮ ਕਰ ਰਹੇ 14 ਪ੍ਰਾਜੈਕਟਾਂ ਨੂੰ ਦਿੱਤੀ ਜਾਵੇਗੀ, ਜਿਨ੍ਹਾਂ ਦਾ ਉਦੇਸ਼ ਨੌਜਵਾਨਾਂ ਨਾਲ ਸਬੰਧ ਮਜ਼ਬੂਤ ਕਰਨਾ, ਉਨ੍ਹਾਂ ਨੂੰ ਜੀਵਨ ਦੀਆਂ ਚੁਣੌਤੀਆਂ ਦਾ ਸਾਹਮਣਾ ਕਰਨ ਦੇ ਹੁਨਰ ਸਿਖਾਉਣਾ ਅਤੇ ਲੋੜ ਪੈਣ ’ਤੇ ਢੁੱਕਵੀਂ ਸਹਾਇਤਾ ਮੁਹੱਈਆ ਕਰਵਾਉਣਾ ਹੈ।ਇਹ ਫੰਡਿੰਗ ‘ਯੂਥ ਸੁਸਾਈਡ ਪ੍ਰਿਵੈਂਸ਼ਨ ਗ੍ਰਾਂਟ ਪ੍ਰੋਗਰਾਮ’ ਤਹਿਤ ਦਿੱਤੀ ਜਾ ਰਹੀ ਹੈ। ਇਸ ਦਾ ਹਿੱਸਾ ਬੱਚਿਆਂ ਅਤੇ ਨੌਜਵਾਨਾਂ ਦੀ ਮਾਨਸਿਕ ਸਿਹਤ ਤੇ ਤੰਦਰੁਸਤੀ ਨੂੰ ਉਤਸ਼ਾਹਿਤ ਕਰਨ ਲਈ ਸਰਕਾਰ ਵੱਲੋਂ ਕੀਤੇ ਜਾ ਰਹੇ ਵਿਆਪਕ ਯਤਨਾਂ ਦਾ ਹੈ। ਇਸ ਤਹਿਤ ਸਕੂਲਾਂ, ਭਾਈਚਾਰਕ ਸੰਸਥਾਵਾਂ ਅਤੇ ਪਰਿਵਾਰਕ ਸਰੋਤ ਨੈੱਟਵਰਕਾਂ ਰਾਹੀਂ ਸਮੇਂ ਸਿਰ ਸਹਾਇਤਾ ਅਤੇ ਬਿਮਾਰੀਆਂ ਦੀ ਰੋਕਥਾਮ ’ਤੇ ਧਿਆਨ ਦਿੱਤਾ ਜਾ ਰਿਹਾ ਹੈ।

ਸਰਕਾਰ ਅਨੁਸਾਰ, 2024 ਤੋਂ ਇਸ ਪ੍ਰੋਗਰਾਮ ਅਧੀਨ ਸਹਾਇਤਾ ਪ੍ਰਾਪਤ ਪ੍ਰਾਜੈਕਟਾਂ ਰਾਹੀਂ ਅਲਬਰਟਾ ਦੇ 3,200 ਤੋਂ ਵੱਧ ਨੌਜਵਾਨਾਂ ਨੂੰ ਲਾਭ ਮਿਲਿਆ ਹੈ। ਇਨ੍ਹਾਂ ਪ੍ਰਾਜੈਕਟਾਂ ਨੇ ਨੌਜਵਾਨਾਂ ਦੇ ਆਪਸੀ ਸਬੰਧ ਮਜ਼ਬੂਤ ਕਰਨ, ਜੀਵਨ ਜਿਊਣ ਦੇ ਹੁਨਰ ਵਿਕਸਤ ਕਰਨ ਅਤੇ ਉਨ੍ਹਾਂ ਨੂੰ ਸਥਾਨਕ ਸਹਾਇਤਾ ਸੇਵਾਵਾਂ ਨਾਲ ਜੋੜਨ ਵਿੱਚ ਮਦਦ ਕੀਤੀ ਹੈ।ਬੱਚਿਆਂ ਅਤੇ ਪਰਿਵਾਰਕ ਸੇਵਾਵਾਂ ਬਾਰੇ ਮੰਤਰੀ ਸਰਲ ਟਰਟਨ ਨੇ ਕਿਹਾ ਕਿ ਹਰ ਨੌਜਵਾਨ ਨੂੰ ਸੁਰੱਖਿਅਤ ਮਹਿਸੂਸ ਕਰਨ ਅਤੇ ਸਮਾਜ ਨਾਲ ਜੁੜੇ ਰਹਿਣ ਦਾ ਮੌਕਾ ਮਿਲਣਾ ਚਾਹੀਦਾ ਹੈ। ਉਨ੍ਹਾਂ ਮੁਤਾਬਕ, ਇਸ ਨਿਵੇਸ਼ ਰਾਹੀਂ ਭਾਈਚਾਰਕ ਸੰਸਥਾਵਾਂ ਨੂੰ ਅਜਿਹੀਆਂ ਸਹੂਲਤਾਂ ਦੇਣ ਵਿੱਚ ਮਦਦ ਮਿਲੇਗੀ, ਜੋ ਵੱਖ-ਵੱਖ ਸੱਭਿਆਚਾਰਾਂ ਅਤੇ ਨੌਜਵਾਨਾਂ ਦੀਆਂ ਵਿਸ਼ੇਸ਼ ਲੋੜਾਂ ਅਨੁਸਾਰ ਹੋਣ।

ਮਾਨਸਿਕ ਸਿਹਤ ਅਤੇ ਨਸ਼ਾ ਮੁਕਤੀ ਬਾਰੇ ਮੰਤਰੀ ਰਿਕ ਵਿਲਸਨ ਨੇ ਕਿਹਾ ਕਿ ਸਰਕਾਰ ਇਹ ਯਕੀਨੀ ਬਣਾਉਣ ਲਈ ਵਚਨਬੱਧ ਹੈ ਕਿ ਨੌਜਵਾਨਾਂ ਨੂੰ ਸਮੇਂ ਸਿਰ ਲੋੜੀਂਦੀ ਮਦਦ ਮਿਲੇ, ਤਾਂ ਜੋ ਉਹ ਮੁਸ਼ਕਲ ਹਾਲਾਤਾਂ ਦਾ ਸਾਹਮਣਾ ਕਰਨ ਦੀ ਸਮਰੱਥਾ ਵਿਕਸਤ ਕਰ ਸਕਣ ਅਤੇ ਸਿਹਤਮੰਦ ਜੀਵਨ ਬਤੀਤ ਕਰ ਸਕਣ।ਮੂਲਵਾਸੀ ਸਬੰਧਾਂ ਬਾਰੇ ਮੰਤਰੀ ਰਾਜਨ ਸਾਵ੍ਹਨੀ ਨੇ ਕਿਹਾ ਕਿ ਸੱਭਿਆਚਾਰ, ਭਾਸ਼ਾ, ਪਰਿਵਾਰ ਅਤੇ ਭਾਈਚਾਰਾ ਮੂਲਵਾਸੀ ਨੌਜਵਾਨਾਂ ਲਈ ਤਾਕਤ ਦੇ ਅਹਿਮ ਸਰੋਤ ਹਨ। ਉਨ੍ਹਾਂ ਅਨੁਸਾਰ, ਫਸਟ ਨੇਸ਼ਨਜ਼, ਮੈਟਿਸ ਅਤੇ ਇਨੂਇਟ ਭਾਈਚਾਰਿਆਂ ਦੀਆਂ ਤਰਜੀਹਾਂ ਮੁਤਾਬਕ ਚਲਾਏ ਜਾ ਰਹੇ ਪ੍ਰਾਜੈਕਟ ਨੌਜਵਾਨਾਂ ਵਿੱਚ ਆਪਣੀ ਪਛਾਣ ਪ੍ਰਤੀ ਮਾਣ, ਆਤਮ-ਵਿਸ਼ਵਾਸ ਅਤੇ ਭਵਿੱਖ ਲਈ ਉਮੀਦ ਪੈਦਾ ਕਰਨ ਵਿੱਚ ਮਦਦ ਕਰਦੇ ਹਨ।

ਇਸ ਪ੍ਰੋਗਰਾਮ ਤਹਿਤ ਯੂਨਾਈਟਿਡ ਵੇਅ ਆਫ਼ ਅਲਬਰਟਾ ਕੈਪੀਟਲ ਰੀਜਨ ਨੂੰ ਵੀ ਸਹਾਇਤਾ ਦਿੱਤੀ ਜਾ ਰਹੀ ਹੈ। ਸੰਸਥਾ ਦੇ ਮੁੱਖ ਕਾਰਜਕਾਰੀ ਅਧਿਕਾਰੀ ਰੌਬ ਯੇਗਰ ਨੇ ਕਿਹਾ ਕਿ ਇਸ ਫੰਡ ਨਾਲ ਸਕੂਲਾਂ ਵਿੱਚ ਪਹਿਲਾਂ ਤੋਂ ਚੱਲ ਰਹੀਆਂ ਮਾਨਸਿਕ ਸਿਹਤ ਅਤੇ ਖੁਦਕੁਸ਼ੀ ਰੋਕਥਾਮ ਸੇਵਾਵਾਂ ਨੂੰ ਮਜ਼ਬੂਤ ਕੀਤਾ ਜਾਵੇਗਾ। ਇਸ ਦਾ ਉਦੇਸ਼ ਸਮਾਜਿਕ ਅਤੇ ਆਰਥਿਕ ਤੌਰ ’ਤੇ ਕਮਜ਼ੋਰ ਨੌਜਵਾਨਾਂ ਨੂੰ ਸਕੂਲ ਵਿੱਚ ਪੜ੍ਹਾਈ ਜਾਰੀ ਰੱਖਣ, ਗ੍ਰੈਜੂਏਸ਼ਨ ਕਰਨ ਅਤੇ ਆਪਣੇ ਭਵਿੱਖ ਦੀ ਉਸਾਰੀ ਵਿੱਚ ਮਦਦ ਦੇਣਾ ਹੈ।‘ਫ੍ਰੀ ਪਲੇ ਫਾਰ ਕਿਡਜ਼’ ਦੇ ਕਾਰਜਕਾਰੀ ਨਿਰਦੇਸ਼ਕ ਟਿਮ ਐਡਮਜ਼ ਨੇ ਕਿਹਾ ਕਿ ਖੇਡਾਂ ਅਤੇ ਮਨੋਰੰਜਨ ਦੀਆਂ ਗਤੀਵਿਧੀਆਂ ਬੱਚਿਆਂ ਨੂੰ ਦੂਜਿਆਂ ਨਾਲ ਜੁੜਨ ਅਤੇ ਸਹਿਯੋਗ ਪ੍ਰਾਪਤ ਕਰਨ ਦਾ ਮੌਕਾ ਦਿੰਦੀਆਂ ਹਨ। ਉਨ੍ਹਾਂ ਅਨੁਸਾਰ, ਇਸ ਫੰਡਿੰਗ ਨਾਲ ਬੱਚਿਆਂ ਨੂੰ ਮੁਸ਼ਕਲ ਸਮਿਆਂ ਨਾਲ ਨਜਿੱਠਣ, ਭਰੋਸੇਯੋਗ ਬਾਲਗਾਂ ਨਾਲ ਸੰਪਰਕ ਬਣਾਉਣ ਅਤੇ ਸੰਕਟ ਦੀ ਸਥਿਤੀ ਪੈਦਾ ਹੋਣ ਤੋਂ ਪਹਿਲਾਂ ਮਦਦ ਹਾਸਲ ਕਰਨ ਦੇ ਹੁਨਰ ਸਿਖਾਏ ਜਾ ਸਕਣਗੇ।ਅਲਬਰਟਾ ਸਰਕਾਰ ਨੇ ਕਿਹਾ ਕਿ ਉਹ ਸਕੂਲਾਂ ਅਤੇ ਭਾਈਚਾਰਿਆਂ ਵਿੱਚ ਸਹਾਇਤਾ ਵਧਾਉਣ, ਆਨਲਾਈਨ ਅਤੇ ਟੈਲੀਫੋਨ ਰਾਹੀਂ ਸੇਵਾਵਾਂ ਮੁਹੱਈਆ ਕਰਵਾਉਣ ਅਤੇ ‘ਰਿਕਵਰੀ ਅਲਬਰਟਾ’ ਰਾਹੀਂ ਮਾਨਸਿਕ ਸਿਹਤ ਤੇ ਨਸ਼ਾ ਮੁਕਤੀ ਸੇਵਾਵਾਂ ਤੱਕ ਪਹੁੰਚ ਯਕੀਨੀ ਬਣਾਉਣ ਲਈ ਕੰਮ ਕਰਦੀ ਰਹੇਗੀ।