ਅਲਬਰਟਾ ਮੰਤਰੀ ਮੰਡਲ ‘ਚ ਵੱਡੇ ਫੇਰਬਦਲ, ਡੈਨੀਅਲ ਸਮਿੱਥ ਨੇ ਨਵੇਂ ਮੰਤਰੀਆਂ ਨੂੰ ਦਿੱਤੀਆਂ ਜ਼ਿੰਮੇਵਾਰੀਆਂ
ਐਡਮੰਟਨ/ਅਲਬਰਟਾ-ਡੈਨੀਅਲ ਸਮਿੱਥ ਨੇ ਅਲਬਰਟਾ ਸਰਕਾਰ ਦੇ ਮੰਤਰੀ ਮੰਡਲ ਵਿੱਚ ਵੱਡੇ ਫੇਰਬਦਲ ਕਰਦਿਆਂ ਕਈ ਨਵੇਂ ਚਿਹਰਿਆਂ ਨੂੰ ਅਹਿਮ ਜ਼ਿੰਮੇਵਾਰੀਆਂ ਸੌਂਪੀਆਂ ਹਨ। ਸਰਕਾਰ ਦਾ ਕਹਿਣਾ ਹੈ ਕਿ ਇਹ ਬਦਲਾਅ ਸੂਬੇ ਦੀ ਅਰਥਵਿਵਸਥਾ ਮਜ਼ਬੂਤ ਕਰਨ, ਸਿਹਤ ਸੇਵਾਵਾਂ ਸੁਧਾਰਨ, ਸੁਰੱਖਿਅਤ ਭਾਈਚਾਰੇ ਬਣਾਉਣ ਅਤੇ ਪਰਿਵਾਰਾਂ ਨੂੰ ਰਾਹਤ ਦੇਣ ਵਾਲੇ ਏਜੰਡੇ ਨੂੰ ਅੱਗੇ ਵਧਾਉਣ ਲਈ ਕੀਤੇ ਗਏ ਹਨ।
ਪ੍ਰੀਮੀਅਰ ਡੈਨੀਅਲ ਸਮਿੱਥ ਨੇ ਕਿਹਾ ਕਿ ਅਲਬਰਟਾ ਦੇ ਲੋਕ ਚਾਹੁੰਦੇ ਹਨ ਕਿ ਸਰਕਾਰ ਰੋਜ਼ਾਨਾ ਜ਼ਿੰਦਗੀ ਨਾਲ ਜੁੜੇ ਮੁੱਦਿਆਂ ਉੱਤੇ ਧਿਆਨ ਕੇਂਦਰਿਤ ਰੱਖੇ। ਉਨ੍ਹਾਂ ਕਿਹਾ ਕਿ ਨਵਾਂ ਮੰਤਰੀ ਮੰਡਲ ਸੂਬੇ ਦੀ ਅਰਥਵਿਵਸਥਾ ਮਜ਼ਬੂਤ ਕਰਨ, ਸਰਕਾਰੀ ਸੇਵਾਵਾਂ ਸੁਧਾਰਨ ਅਤੇ ਪਰਿਵਾਰਾਂ ਲਈ ਬਿਹਤਰ ਮੌਕੇ ਯਕੀਨੀ ਬਣਾਉਣ ਲਈ ਕੰਮ ਕਰੇਗਾ।
ਨਵੇਂ ਫੇਰਬਦਲ ਤਹਿਤ ਆਰ ਜੇ ਸਿਗਰਡਸਨ ਨੂੰ ਕਿਫ਼ਾਇਤੀ ਜੀਵਨ ਅਤੇ ਯੂਟਿਲਿਟੀ ਮੰਤਰੀ, ਤਾਰਾ ਸਾਏਰ ਨੂੰ ਖੇਤੀਬਾੜੀ ਅਤੇ ਸਿੰਚਾਈ ਮੰਤਰੀ, ਨੇਥਨ ਨਿਊਡਾਰਫ ਨੂੰ ਸਹਾਇਕ ਰਿਹਾਇਸ਼ ਅਤੇ ਸਮਾਜਿਕ ਸੇਵਾਵਾਂ ਮੰਤਰੀ ਬਣਾਇਆ ਗਿਆ ਹੈ।ਇਸ ਤੋਂ ਇਲਾਵਾ ਐਡਰੀਆਨਾ ਲਾਗਰੈਂਜ ਨੂੰ ਹਸਪਤਾਲ ਅਤੇ ਸਰਜੀਕਲ ਸਿਹਤ ਸੇਵਾਵਾਂ ਮੰਤਰੀ, ਜਸਟਿਨ ਰਾਈਟ ਨੂੰ ਪ੍ਰਾਇਮਰੀ ਅਤੇ ਰੋਕਥਾਮ ਸਿਹਤ ਸੇਵਾਵਾਂ ਮੰਤਰੀ ਅਤੇ ਜੇਸਨ ਨਿਕਸਨ ਨੂੰ ਟ੍ਰੇਜ਼ਰੀ ਬੋਰਡ ਪ੍ਰਧਾਨ ਅਤੇ ਵਿੱਤ ਮੰਤਰੀ ਦੀ ਜ਼ਿੰਮੇਵਾਰੀ ਦਿੱਤੀ ਗਈ ਹੈ।ਸਰਕਾਰ ਵੱਲੋਂ ਬ੍ਰੈਂਡਨ ਲੰਟੀ ਨੂੰ ਮੁੱਖ ਸਰਕਾਰੀ ਵਿੱਪ ਨਿਯੁਕਤ ਕੀਤਾ ਗਿਆ ਹੈ, ਜਦਕਿ ਸਕਾਟ ਸਾਇਰ ਨੂੰ ਆਵਾਜਾਈ ਅਤੇ ਰਣਨੀਤਿਕ ਵਿਕਾਸ ਲਈ ਸੰਸਦੀ ਸਕੱਤਰ ਬਣਾਇਆ ਗਿਆ ਹੈ।
ਪ੍ਰੀਮੀਅਰ ਸਮਿੱਥ ਨੇ ਮੰਤਰੀ ਮੰਡਲ ਤੋਂ ਵਿਦਾ ਹੋ ਰਹੇ ਨੇਟ ਹੋਰਨਰ ਅਤੇ ਮੈਟ ਜੋਨਜ਼ ਦਾ ਵੀ ਧੰਨਵਾਦ ਕੀਤਾ। ਦੋਵੇਂ ਆਗੂਆਂ ਨੇ 2027 ਦੀ ਚੋਣ ਨਾ ਲੜਨ ਦਾ ਫੈਸਲਾ ਕੀਤਾ ਹੈ ਅਤੇ ਨਵੇਂ ਮੰਤਰੀਆਂ ਨੂੰ ਮੌਕਾ ਦੇਣ ਲਈ ਅਹੁਦਿਆਂ ਤੋਂ ਹਟਣ ‘ਤੇ ਸਹਿਮਤੀ ਜਤਾਈ ਹੈ।
ਸਰਕਾਰ ਅਨੁਸਾਰ 2023 ਤੋਂ ਬਾਅਦ ਅਲਬਰਟਾ ਵਿੱਚ 2 ਲੱਖ 77 ਹਜ਼ਾਰ ਤੋਂ ਵੱਧ ਨਵੀਆਂ ਨੌਕਰੀਆਂ ਪੈਦਾ ਹੋਈਆਂ ਹਨ। ਇਸ ਤੋਂ ਇਲਾਵਾ ਸਿਹਤ ਖੇਤਰ ਵਿੱਚ ਨਿਵੇਸ਼, ਵਾਧੂ ਸਰਜਰੀਆਂ, ਨਵੇਂ ਸਕੂਲਾਂ ਅਤੇ ਟੈਕਸਾਂ ਵਿੱਚ ਰਾਹਤ ਵਰਗੇ ਕਦਮ ਵੀ ਚੁੱਕੇ ਗਏ ਹਨ।ਨਵਾਂ ਮੰਤਰੀ ਮੰਡਲ 21 ਮਈ ਨੂੰ ਅਲਬਰਟਾ ਦੀ ਲੈਫ਼ਟੀਨੈਂਟ ਗਵਰਨਰ ਸਲਮਾ ਲਖਾਨੀ ਵੱਲੋਂ ਸਹੁੰ ਚੁਕਾਇਆ ਗਿਆ।
















