ਅਲਬਰਟਾ ‘ਚ ਸਰਕਾਰ ਦੀ ਦਿਸ਼ਾ ‘ਤੇ ਲੋਕਾਂ ਵਿੱਚ ਵੰਡ, ਸਰਵੇਖਣ ਰਿਪੋਰਟ
ਅਲਬਰਟਾ-ਇੱਕ ਨਵੇਂ ਰਾਸ਼ਟਰੀ ਸਰਵੇਖਣ ਮੁਤਾਬਕ ਅਲਬਰਟਾ ਦੇ ਵਸਨੀਕਾਂ ਵਿੱਚ ਸੂਬਾ ਸਰਕਾਰ ਦੀ ਕਾਰਗੁਜ਼ਾਰੀ ਅਤੇ ਦਿਸ਼ਾ ਨੂੰ ਲੈ ਕੇ ਵੱਡੀ ਵੰਡ ਨਜ਼ਰ ਆ ਰਹੀ ਹੈ। Angus Reid Institute (ਐਂਗਸ ਰੀਡ ਇੰਸਟੀਚਿਊਟ) ਦੀ ਰਿਪੋਰਟ ਅਨੁਸਾਰ, ਭਾਵੇਂ Danielle Smith (ਡੈਨਿਯਲ ਸਮਿਥ) ਦੀ ਅਗਵਾਈ ਹੇਠ ਯੂਸੀਪੀ ਸਰਕਾਰ ਨੂੰ ਹੋਰ ਸੂਬਿਆਂ ਨਾਲੋਂ ਬਿਹਤਰ ਅੰਕ ਮਿਲੇ ਹਨ, ਪਰ ਫਿਰ ਵੀ ਕਈ ਲੋਕ ਮੰਨਦੇ ਹਨ ਕਿ ਸੂਬਾ ਸਹੀ ਦਿਸ਼ਾ ਵੱਲ ਨਹੀਂ ਵੱਧ ਰਿਹਾ।
ਰਿਪੋਰਟ ‘ਚ ਦੱਸਿਆ ਗਿਆ ਹੈ ਕਿ ਲਗਭਗ 52 ਫੀਸਦੀ ਅਲਬਰਟਾ ਵਾਸੀਆਂ ਦਾ ਮੰਨਣਾ ਹੈ ਕਿ ਸੂਬਾ ਗਲਤ ਦਿਸ਼ਾ ਵੱਲ ਜਾ ਰਿਹਾ ਹੈ, ਜਦਕਿ ਕੇਵਲ 38 ਫੀਸਦੀ ਲੋਕਾਂ ਨੂੰ ਲੱਗਦਾ ਹੈ ਕਿ ਸਥਿਤੀ ਠੀਕ ਹੈ।
ਸਿਹਤ ਸੇਵਾਵਾਂ ਅਤੇ ਮਹਿੰਗਾਈ—ਜਿਨ੍ਹਾਂ ਨੂੰ ਲੋਕ ਸਭ ਤੋਂ ਵੱਡੇ ਮੁੱਦੇ ਮੰਨਦੇ ਹਨ—‘ਤੇ ਸਰਕਾਰ ਨੂੰ ਸਭ ਤੋਂ ਵੱਧ ਆਲੋਚਨਾ ਦਾ ਸਾਹਮਣਾ ਕਰਨਾ ਪੈ ਰਿਹਾ ਹੈ। ਕਰੀਬ 67 ਫੀਸਦੀ ਲੋਕਾਂ ਨੇ ਸਿਹਤ ਸੇਵਾਵਾਂ ‘ਤੇ ਅਤੇ 66 ਫੀਸਦੀ ਨੇ ਮਹਿੰਗਾਈ ‘ਤੇ ਸਰਕਾਰ ਦੀ ਕਾਰਗੁਜ਼ਾਰੀ ਨੂੰ ਕਮਜ਼ੋਰ ਦੱਸਿਆ। ਹਾਲਾਂਕਿ ਲਗਭਗ ਇੱਕ ਤਿਹਾਈ ਲੋਕਾਂ ਨੇ ਇਹ ਵੀ ਕਿਹਾ ਕਿ ਸਰਕਾਰ ਇਨ੍ਹਾਂ ਮੁੱਦਿਆਂ ਨੂੰ ਠੀਕ ਢੰਗ ਨਾਲ ਸੰਭਾਲ ਰਹੀ ਹੈ, ਜੋ ਹੋਰ ਸੂਬਿਆਂ ਨਾਲੋਂ ਕੁਝ ਬਿਹਤਰ ਅੰਕ ਹਨ। ਰਿਪੋਰਟ ਮੁਤਾਬਕ, ਅਲਬਰਟਾ ਹੋਰ ਸੂਬਿਆਂ ਦੇ ਮੁਕਾਬਲੇ ਕੁੱਲ ਮਿਲਾ ਕੇ ਠੀਕ ਦਰਜਾ ਹਾਸਲ ਕਰਦਾ ਹੈ, ਪਰ ਜ਼ਰੂਰੀ ਮੁੱਦਿਆਂ ‘ਤੇ ਲੋਕਾਂ ਦੀ ਚਿੰਤਾ ਹਾਲੇ ਵੀ ਕਾਇਮ ਹੈ, ਜੋ ਸਰਕਾਰ ਲਈ ਚੁਣੌਤੀ ਬਣੀ ਹੋਈ ਹੈ।
















