ਅਲਬਰਟਾ ’ਚ ਗੈਰ-ਕਾਨੂੰਨੀ ਕੂੜਾ ਸੁੱਟਣ ਵਾਲਿਆਂ ’ਤੇ ਸਖ਼ਤੀ ਦੀ ਤਿਆਰੀ, ਜੁਰਮਾਨੇ ਦੁੱਗਣੇ ਕਰਨ ਦੀ ਤਜਵੀਜ਼
The Alberta government plans to introduce legislation later this year to address illegal dumping of garbage on roads, farms, private property and public lands. If passed, the proposed law would double the maximum fines to $100,000 for individuals and $1 million for corporations, while serious cases could result in up to six months in jail.
ਐਡਮੰਟਨ-ਅਲਬਰਟਾ ਸਰਕਾਰ ਸੂਬੇ ਵਿਚ ਗੈਰ-ਕਾਨੂੰਨੀ ਢੰਗ ਨਾਲ ਕੂੜਾ ਸੁੱਟਣ ਦੀਆਂ ਘਟਨਾਵਾਂ ’ਤੇ ਕਾਬੂ ਪਾਉਣ ਲਈ ਇਸ ਸਾਲ ਦੇ ਅੰਤ ਤੱਕ ਨਵਾਂ ਕਾਨੂੰਨ ਲਿਆਉਣ ਦੀ ਤਿਆਰੀ ਕਰ ਰਹੀ ਹੈ। ਪ੍ਰੀਮੀਅਰ ਡੈਨੀਅਲ ਸਮਿਥ ਨੇ ਕਿਹਾ ਕਿ ਲੋਕ ਸੜਕਾਂ, ਖੇਤਾਂ, ਨਿੱਜੀ ਜਾਇਦਾਦਾਂ ਅਤੇ ਸਰਕਾਰੀ ਥਾਵਾਂ ’ਤੇ ਕੂੜਾ ਛੱਡ ਰਹੇ ਹਨ, ਜਿਸ ਦੀ ਸਫ਼ਾਈ ਦਾ ਖਰਚਾ ਹੋਰਨਾਂ ਨੂੰ ਝੱਲਣਾ ਪੈਂਦਾ ਹੈ।
ਸਮਿਥ ਨੇ ਕਿਹਾ ਕਿ ਮੌਜੂਦਾ ਸਮੇਂ ਗੈਰ-ਕਾਨੂੰਨੀ ਕੂੜਾ ਸੁੱਟਣ ਵਾਲਿਆਂ ’ਤੇ ਲੱਗਣ ਵਾਲੇ ਜੁਰਮਾਨੇ ਅਕਸਰ ਬਹੁਤ ਘੱਟ ਹਨ। ਪ੍ਰਸਤਾਵਿਤ ਕਾਨੂੰਨ ਪਾਸ ਹੋਣ ’ਤੇ ਵਿਅਕਤੀਆਂ ਲਈ ਵੱਧ ਤੋਂ ਵੱਧ ਜੁਰਮਾਨਾ 1 ਲੱਖ ਡਾਲਰ ਅਤੇ ਕੰਪਨੀਆਂ ਲਈ 10 ਲੱਖ ਡਾਲਰ ਤੱਕ ਹੋ ਸਕਦਾ ਹੈ। ਇਹ ਮੌਜੂਦਾ ਵੱਧ ਤੋਂ ਵੱਧ ਜੁਰਮਾਨਿਆਂ ਨਾਲੋਂ ਦੁੱਗਣਾ ਹੋਵੇਗਾ।
ਗੰਭੀਰ ਮਾਮਲਿਆਂ ਵਿਚ ਅਦਾਲਤ ਵੱਲੋਂ 6 ਮਹੀਨਿਆਂ ਤੱਕ ਦੀ ਕੈਦ ਵੀ ਦਿੱਤੀ ਜਾ ਸਕੇਗੀ। ਸਰਕਾਰ ਮੁਤਾਬਕ ਗੈਰ-ਕਾਨੂੰਨੀ ਕੂੜਾ ਸੁੱਟਣ ਕਾਰਨ ਨਗਰਪਾਲਿਕਾਵਾਂ ਨੂੰ ਹਰ ਸਾਲ ਲੱਖਾਂ ਡਾਲਰ ਸਫ਼ਾਈ ’ਤੇ ਖਰਚ ਕਰਨੇ ਪੈਂਦੇ ਹਨ, ਜਿਸ ਦਾ ਬੋਝ ਆਖਰਕਾਰ ਵਸਨੀਕਾਂ ਅਤੇ ਕਰਦਾਤਾਵਾਂ ’ਤੇ ਪੈਂਦਾ ਹੈ।
ਸਮਿਥ ਨੇ ਦੱਸਿਆ ਕਿ ਪਿਛਲੇ ਸਾਲ ਇਕੱਲੇ ਕੈਲਗਰੀ ਵਿਚ ਨਗਰਪਾਲਿਕਾ ਦੀ ਜਾਇਦਾਦ ’ਤੇ ਗੈਰ-ਕਾਨੂੰਨੀ ਕੂੜਾ ਸੁੱਟਣ ਸਬੰਧੀ 30 ਹਜ਼ਾਰ ਸ਼ਿਕਾਇਤਾਂ ਮਿਲੀਆਂ, ਪਰ ਸਿਰਫ਼ 165 ਟਿਕਟਾਂ ਜਾਰੀ ਕੀਤੀਆਂ ਗਈਆਂ ਅਤੇ ਤਿੰਨ ਜੁਰਮਾਨੇ ਲਗਾਏ ਗਏ।
ਐਡਮੰਟਨ ਵਿਚ ਵੀ ਪੰਜ ਸਾਲਾਂ ਦੌਰਾਨ ਨਿੱਜੀ ਜਾਇਦਾਦ ’ਤੇ ਕੂੜਾ ਸੁੱਟਣ ਸਬੰਧੀ 600 ਤੋਂ ਵੱਧ ਸ਼ਿਕਾਇਤਾਂ ਦਰਜ ਹੋਈਆਂ ਅਤੇ 240 ਟਿਕਟਾਂ ਜਾਰੀ ਕੀਤੀਆਂ ਗਈਆਂ।
ਪਬਲਿਕ ਸੇਫਟੀ ਮੰਤਰੀ ਮਾਈਕ ਐਲਿਸ ਨੇ ਕਿਹਾ ਕਿ ਗੈਰ-ਕਾਨੂੰਨੀ ਕੂੜਾ ਸੁੱਟਣ ਦੀ ਸਮੱਸਿਆ ਨੂੰ ਪੀਸ ਅਫਸਰਾਂ ਲਈ ਤਰਜੀਹ ਬਣਾਇਆ ਗਿਆ ਹੈ। ਸਰਕਾਰ ਵੱਲੋਂ ਵਧੇਰੇ ਖ਼ਤਰੇ ਵਾਲੀਆਂ ਰਹਿੰਦ-ਖੂੰਹਦ ਤਬਾਦਲਾ ਅਤੇ ਸਟੋਰੇਜ ਸਹੂਲਤਾਂ ਦੀ ਨਿਗਰਾਨੀ ਵੀ ਸਖ਼ਤ ਕਰਨ ਦੀ ਤਜਵੀਜ਼ ਹੈ।
ਨਵੇਂ ਪ੍ਰਬੰਧਾਂ ਤਹਿਤ ਅਜਿਹੀਆਂ ਸਹੂਲਤਾਂ ਚਲਾਉਣ ਵਾਲੇ ਆਪਰੇਟਰਾਂ ਨੂੰ ਸੂਬਾਈ ਸਰਕਾਰ ਕੋਲ ਰਜਿਸਟਰ ਕਰਵਾਉਣਾ ਪਵੇਗਾ ਅਤੇ ਵਾਧੂ ਸ਼ਰਤਾਂ ਪੂਰੀਆਂ ਕਰਨੀਆਂ ਪੈਣਗੀਆਂ। ਅਲਬਰਟਾ ਵਿਧਾਨ ਸਭਾ ਦਾ ਅਗਲਾ ਇਜਲਾਸ 27 ਅਕਤੂਬਰ ਨੂੰ ਸ਼ੁਰੂ ਹੋਣਾ ਹੈ।
















