ਮੁੱਖ ਮੰਤਰੀ ਭਗਵੰਤ ਮਾਨ ਵੱਲੋਂ ਰਾਧਾ ਸੁਆਮੀ ਸਤਿਸੰਗ ਬਿਆਸ ਦੇ ਮੁਖੀ ‘ਤੇ ਤਿੱਖੀ ਟਿੱਪਣੀ

ਮੁੱਖ ਮੰਤਰੀ ਭਗਵੰਤ ਮਾਨ ਵੱਲੋਂ ਰਾਧਾ ਸੁਆਮੀ ਸਤਿਸੰਗ ਬਿਆਸ ਦੇ ਮੁਖੀ ‘ਤੇ ਤਿੱਖੀ ਟਿੱਪਣੀ

ਚੰਡੀਗੜ੍ਹ – ਰਾਧਾ ਸੁਆਮੀ ਸਤਿਸੰਗ ਬਿਆਸ ਦੇ ਮੁਖੀ ਗੁਰਿੰਦਰ ਸਿੰਘ ਢਿੱਲੋਂ ਵੱਲੋਂ ਨਾਭਾ ਜੇਲ੍ਹ ਵਿੱਚ ਸ਼੍ਰੋਮਣੀ ਅਕਾਲੀ ਦਲ ਦੇ ਆਗੂ ਬਿਕਰਮ ਸਿੰਘ ਮਜੀਠੀਆ ਨਾਲ ਮੁਲਾਕਾਤ ਕਰਨ ਅਤੇ ਉਨ੍ਹਾਂ ਖ਼ਿਲਾਫ਼ ਦਰਜ ਮਾਮਲਿਆਂ ਨੂੰ “ਝੂਠਾ ਅਤੇ ਬੇਬੁਨਿਆਦ” ਦੱਸਣ ਤੋਂ ਇੱਕ ਦਿਨ ਬਾਅਦ, ਪੰਜਾਬ ਦੇ ਮੁੱਖ ਮੰਤਰੀ ਭਗਵੰਤ ਮਾਨ ਨੇ ਮੰਗਲਵਾਰ ਨੂੰ ਅਧਿਆਤਮਿਕ ਆਗੂ ‘ਤੇ ਤਿੱਖਾ ਹਮਲਾ ਕੀਤਾ।

ਗੁਰਿੰਦਰ ਸਿੰਘ ਢਿੱਲੋਂ ਦਾ ਨਾਮ ਲਏ ਬਿਨਾਂ, ਮੁੱਖ ਮੰਤਰੀ ਨੇ ਸੋਸ਼ਲ ਮੀਡੀਆ ਪਲੇਟਫਾਰਮ ਐਕਸ ‘ਤੇ ਲਿਖਿਆ ਕਿ “ਰੱਬ ਹੀ ਅਦਾਲਤਾਂ ਨੂੰ ਬਚਾ ਸਕਦਾ ਹੈ”, ਜਦੋਂ ਮੁਕੱਦਮੇ ਅਧੀਨ ਵਿਅਕਤੀ “ਮਹਿਮਾਨ ਬਣ ਕੇ ਜੱਜਾਂ ਵਾਂਗ ਵਰਤਾਉ ਕਰਨ ਲੱਗ ਪੈਂਦੇ ਹਨ।” ਮਾਨ ਦੀ ਇਸ ਟਿੱਪਣੀ ਨੂੰ ਸਿੱਧੇ ਤੌਰ ‘ਤੇ ਡੇਰਾ ਮੁਖੀ ਵੱਲ ਸੰਕੇਤ ਮੰਨਿਆ ਜਾ ਰਿਹਾ ਹੈ।

ਜ਼ਿਕਰਯੋਗ ਹੈ ਕਿ ਨਾਭਾ ਜੇਲ੍ਹ ਵਿੱਚ ਮਜੀਠੀਆ ਨਾਲ ਆਪਣੀ ਮੁਲਾਕਾਤ ਤੋਂ ਬਾਅਦ ਗੁਰਿੰਦਰ ਸਿੰਘ ਢਿੱਲੋਂ ਨੇ ਕਿਹਾ ਸੀ ਕਿ ਉਨ੍ਹਾਂ ਨੇ “ਦੋਸਤਾਂ ਵਾਂਗ ਕੁਝ ਮਾਮਲਿਆਂ ‘ਤੇ ਗੱਲਬਾਤ ਕੀਤੀ ਹੈ” ਅਤੇ ਦਾਅਵਾ ਕੀਤਾ ਸੀ ਕਿ ਮਜੀਠੀਆ ਖ਼ਿਲਾਫ਼ ਦਰਜ ਕੇਸ ਝੂਠੇ ਹਨ। ਹਾਲਾਂਕਿ, ਜਦੋਂ ਉਨ੍ਹਾਂ ਤੋਂ ਪੁੱਛਿਆ ਗਿਆ ਕਿ ਕੀ ਮਜੀਠੀਆ ਨੂੰ ਜਾਣਬੁੱਝ ਕੇ ਫਸਾਇਆ ਗਿਆ ਹੈ, ਤਾਂ ਢਿੱਲੋਂ ਨੇ ਇਸ ਬਾਰੇ ਟਿੱਪਣੀ ਕਰਨ ਤੋਂ ਇਨਕਾਰ ਕਰ ਦਿੱਤਾ ਸੀ।

ਢਿੱਲੋਂ ਦੀ ਮੁਲਾਕਾਤ ਤੋਂ ਲਗਭਗ ਇੱਕ ਘੰਟੇ ਬਾਅਦ ਹੀ ਸੁਪਰੀਮ ਕੋਰਟ ਨੇ ਬਿਕਰਮ ਸਿੰਘ ਮਜੀਠੀਆ ਨੂੰ ਜ਼ਮਾਨਤ ਦੇ ਦਿੱਤੀ, ਜਿਸ ਨਾਲ ਕਰੀਬ ਸੱਤ ਮਹੀਨਿਆਂ ਬਾਅਦ ਉਨ੍ਹਾਂ ਦੀ ਜੇਲ੍ਹ ਤੋਂ ਰਿਹਾਈ ਦਾ ਰਾਹ ਸਾਫ਼ ਹੋ ਗਿਆ। ਮਜੀਠੀਆ ਨੂੰ ਪਿਛਲੇ ਸਾਲ ਜੂਨ ਮਹੀਨੇ ਵਿਜੀਲੈਂਸ ਬਿਊਰੋ ਵੱਲੋਂ ਲਗਭਗ 540 ਕਰੋੜ ਰੁਪਏ ਦੀ ਡਰੱਗ ਮਨੀ ਨਾਲ ਜੁੜੇ ਆਮਦਨ ਤੋਂ ਵੱਧ ਜਾਇਦਾਦ ਦੇ ਮਾਮਲੇ ਵਿੱਚ ਗ੍ਰਿਫ਼ਤਾਰ ਕੀਤਾ ਗਿਆ ਸੀ।

ਮਜੀਠੀਆ ਡੇਰਾ ਮੁਖੀ ਦੇ ਨਜ਼ਦੀਕੀ ਰਿਸ਼ਤੇਦਾਰ ਮੰਨੇ ਜਾਂਦੇ ਹਨ ਅਤੇ ਇਸ ਮੁਲਾਕਾਤ ਨਾਲ ਜੁੜੀਆਂ ਘਟਨਾਵਾਂ ‘ਤੇ ਰਾਜਨੀਤਿਕ ਹਲਕਿਆਂ ਵਿੱਚ ਖ਼ਾਸ ਧਿਆਨ ਦਿੱਤਾ ਜਾ ਰਿਹਾ ਹੈ, ਕਿਉਂਕਿ ਰਾਧਾ ਸੁਆਮੀ ਸਤਿਸੰਗ ਬਿਆਸ ਦਾ ਸੂਬੇ ਦੇ ਵੋਟਰਾਂ ‘ਤੇ ਵੱਡਾ ਪ੍ਰਭਾਵ ਮੰਨਿਆ ਜਾਂਦਾ ਹੈ।

ਇਸ ਮਾਮਲੇ ‘ਤੇ ਸਿਆਸੀ ਪ੍ਰਤੀਕਿਰਿਆਵਾਂ ਵੀ ਸਾਹਮਣੇ ਆਈਆਂ ਹਨ। ਭਾਜਪਾ ਨੇ ਮੁੱਖ ਮੰਤਰੀ ਦੀ ਪੋਸਟ ਨੂੰ ਨਿੰਦਨਯੋਗ ਦੱਸਿਆ। ਭਾਜਪਾ ਬੁਲਾਰੇ ਪ੍ਰਿਤਪਾਲ ਸਿੰਘ ਬਲੀਆਵਾਲ ਨੇ ਕਿਹਾ ਕਿ ਅਧਿਆਤਮਿਕ ਆਗੂਆਂ ‘ਤੇ ਇਸ ਤਰ੍ਹਾਂ ਦੀ ਟਿੱਪਣੀ ਕਰਨਾ ਗਲਤ ਹੈ ਅਤੇ ਇਹ ਲੋਕਾਂ ਦੀ ਆਸਥਾ ਨਾਲ ਖਿਲਵਾਰ ਹੈ।

ਉੱਧਰ, ਸ਼੍ਰੋਮਣੀ ਅਕਾਲੀ ਦਲ ਦੇ ਮੁੱਖ ਬੁਲਾਰੇ ਅਰਸ਼ਦੀਪ ਸਿੰਘ ਕਲੇਰ ਨੇ ਵੀ ਮਾਨ ਦੀ ਪੋਸਟ ਨੂੰ “ਦੁੱਖਦਾਈ” ਕਰਾਰ ਦਿੰਦਿਆਂ ਕਿਹਾ ਕਿ ਇਸ ਤਰ੍ਹਾਂ ਦੇ ਬਿਆਨ ਭਾਰਤ ਦੇ ਸੰਵਿਧਾਨ ਅਤੇ ਸੰਸਥਾਵਾਂ ‘ਤੇ ਸਵਾਲ ਖੜ੍ਹੇ ਕਰਦੇ ਹਨ।