ਪੰਜਾਬ ਵਿੱਚ ਕਪਾਹ ਦੀ ਖੇਤੀ ਨੂੰ ਵੱਡਾ ਝਟਕਾ, ਰਕਬਾ 37.5 ਫ਼ੀਸਦੀ ਘਟਿਆ
ਚੰਡੀਗੜ੍ਹ-ਪੰਜਾਬ ਵਿੱਚ ਕਪਾਹ ਦੀ ਖੇਤੀ ਲਗਾਤਾਰ ਘਟਦੀ ਜਾ ਰਹੀ ਹੈ। ਇਸ ਸਾਲ ਪੰਜਾਬ ਵਿੱਚ ਕਪਾਹ ਹੇਠ ਰਕਬਾ ਘਟ ਕੇ ਕਰੀਬ 80 ਹਜ਼ਾਰ ਹੈਕਟੇਅਰ ਰਹਿ ਗਿਆ ਹੈ, ਜੋ ਹੁਣ ਤੱਕ ਦਾ ਸਭ ਤੋਂ ਘੱਟ ਰਕਬਾ ਦੱਸਿਆ ਜਾ ਰਿਹਾ ਹੈ।ਪਿਛਲੇ ਸਾਲ ਪੰਜਾਬ ਵਿੱਚ ਲਗਭਗ 1.28 ਲੱਖ ਹੈਕਟੇਅਰ ਰਕਬੇ ਵਿੱਚ ਕਪਾਹ ਦੀ ਬਿਜਾਈ ਹੋਈ ਸੀ। ਇਸ ਸਾਲ ਇਹ ਰਕਬਾ ਕਰੀਬ 48 ਹਜ਼ਾਰ ਹੈਕਟੇਅਰ ਘਟ ਗਿਆ, ਯਾਨੀ ਇੱਕ ਸਾਲ ਵਿੱਚ 37.5 ਫ਼ੀਸਦੀ ਦੀ ਕਮੀ ਆਈ ਹੈ।
ਪੰਜਾਬ ਦੇ ਨਾਲ-ਨਾਲ ਹਰਿਆਣਾ ਅਤੇ ਰਾਜਸਥਾਨ ਵਿੱਚ ਵੀ ਕਪਾਹ ਦੀ ਖੇਤੀ ਹੇਠ ਰਕਬਾ ਘਟਿਆ ਹੈ। ਤਿੰਨਾਂ ਸੂਬਿਆਂ ਵਿੱਚ ਪਿਛਲੇ ਸਾਲ ਕਰੀਬ 11.83 ਲੱਖ ਹੈਕਟੇਅਰ ਰਕਬੇ ਵਿੱਚ ਕਪਾਹ ਬੀਜੀ ਗਈ ਸੀ, ਜੋ ਇਸ ਸਾਲ ਘਟ ਕੇ 9.09 ਲੱਖ ਹੈਕਟੇਅਰ ਰਹਿ ਗਈ ਹੈ।ਇਸ ਤਰ੍ਹਾਂ ਤਿੰਨਾਂ ਸੂਬਿਆਂ ਵਿੱਚ ਕੁੱਲ 2.74 ਲੱਖ ਹੈਕਟੇਅਰ, ਭਾਵ ਕਰੀਬ 23.2 ਫ਼ੀਸਦੀ ਕਪਾਹ ਦਾ ਰਕਬਾ ਘਟਿਆ ਹੈ।
ਪੰਜਾਬ ਦੀ ਰਵਾਇਤੀ ਕਪਾਹ ਪੱਟੀ ਵਿੱਚ ਬਠਿੰਡਾ, ਮਾਨਸਾ, ਸ੍ਰੀ ਮੁਕਤਸਰ ਸਾਹਿਬ, ਫ਼ਾਜ਼ਿਲਕਾ, ਫ਼ਰੀਦਕੋਟ ਅਤੇ ਫ਼ਿਰੋਜ਼ਪੁਰ ਤੋਂ ਇਲਾਵਾ ਸੰਗਰੂਰ ਤੇ ਬਰਨਾਲਾ ਦੇ ਕੁਝ ਹਿੱਸੇ ਵੀ ਸ਼ਾਮਲ ਹਨ।ਇਨ੍ਹਾਂ ਖੇਤਰਾਂ ਵਿੱਚ ਕਿਸਾਨ ਹੁਣ ਕਪਾਹ ਦੀ ਬਜਾਏ ਝੋਨੇ ਅਤੇ ਹੋਰ ਫ਼ਸਲਾਂ ਵੱਲ ਰੁਖ ਕਰ ਰਹੇ ਹਨ।ਕਪਾਹ ਦੇ ਰਕਬੇ ਵਿੱਚ ਇਹ ਲਗਾਤਾਰ ਗਿਰਾਵਟ ਪੰਜਾਬ ਦੀ ਰਵਾਇਤੀ ਖੇਤੀ ਅਤੇ ਕਪਾਹ ਨਾਲ ਜੁੜੀ ਅਰਥਵਿਵਸਥਾ ਲਈ ਵੱਡੀ ਚਿੰਤਾ ਦਾ ਵਿਸ਼ਾ ਬਣ ਰਹੀ ਹੈ।
















