ਦੁਨੀਆਂ ਦਾ ਪਹਿਲਾ ਮਹਾਨ ਪ੍ਰੋਲਤਾਰੀ ਇਨਕਲਾਬ, ‘ਜਿਸ ਨੇ ਪਹਿਲੀ ਵਾਰੀ ਅਮਲ, ਵਿਚਾਰਧਾਰਕ ਅਤੇ ਕਿਰਤੀ ਜਮਾਤ ਦੀ ਰੂਸ ਵਿੱਚ ਰਾਜਸਤਾ ‘ਤੇ ਸਥਾਪਤੀ ਕਾਇਮ ਕਰਕੇ ਮਨੁੱਖ ਜਾਤੀ ਦੇ ਇਤਿਹਾਸ ਵਿੱਚ ਇਕ ਨਵੇਂ ਯੁੱਗ ਦਾ ਮੁੱਢ ਬੰਨ੍ਹਿਆ ਸੀ !‘‘ਦਸ ਦਿਨ ਜਿਨ੍ਹਾਂ ਦੁਨੀਆਂ ਹਿਲਾ ਦਿਤੀ,`` ਸਬੰਧੀ ਸਸਾਰ ਜਨ-ਸਮੂਹ ਨੂੰ ਰੂਸ ਵਿੱਚ ਜੇਤੂ ਮਹਾਨ ਸੋਸ਼ਲਿਸਟ ਇਨਕਲਾਬ ਜੋ ਕਿ ਆਵਾਮ ਦੀ ਇਤਿਹਾਸਕ ਰਚਨਾਤਮਕ ਸਰਗਰਮੀ ਸੀ। ਜਿਹੜਾ ਵੀ.ਆਈ. ਲੇਨਿਨ ਦੇ ਵਿਚਾਰਾਂ ਤੋਂ ਜੋ ‘ਬਾਲਸ਼ਵਿਕ ਪਾਰਟੀ` ਦੇ ਕਾਜ ਤੋਂ ਉਤੇਸਤ ਹੋਇਆ ਤੇ ਸਫਲਤਾ ਪ੍ਰਾਪਤ ਕੀਤੀ ਸੀ। ਰੂਸੀ ਮਹਾਨ ਸੋਸ਼ਲਿਸਟ ਇਨਕਲਾਬ ਜੋ 1917 ਵਿੱਚ ਹੋਇਆ ਸੀ, ਪਰ ਨਵੇਂ ਕਲੰਡਰ ਅਨੁਸਾਰ ਇਹ ਦਿਨ 7-ਨਵੰਬਰ, 1917 ਸੀ ਜੋ ਹੁਣ ਇਤਿਹਾਸਕ ਤੌਰ ‘ਤੇ 7-ਨਵੰਬਰ 1917 ਨਾਂ ਨਾਲ ਜਾਣਿਆ ਜਾਂਦਾ ਹੈ। ਦੁਨੀਆਂ ਦਾ ਬੁੱਢਾ ਹੋਇਆ ਪੂੰਜੀਵਾਦ ਜੋ ਨਵੇਂ-ਨਵੇਂ ਰੂਪ ਤੇ ਸਾਮਰਾਜੀ ਸ਼ਕਲਾਂ ਅਧੀਨ ਸਮਾਜਵਾਦ ਦੇ ਨਾਂ ਤੋਂ ਅੱਜ ਤਕ ਥਰਥਰ ਕੰਬਦਾ ਸੀ। ਪਰ 1991 ਦੌਰਾਨ ਸੋਵੀਅਤ ਰੂਸ ਦੇ ਢੈਅ-ਢੇਰੀ ਹੋਣ ਬਾਅਦ ਮੁੜ ਸੰਸਾਰ ਦੇ ਮੁਲਕਾਂ ‘ਤੇ ਢੌਂਸ ਜਮਾ ਰਿਹਾ ਹੈ।
ਅੱਜ ਤੋਂ 119 ਸਾਲ ਪਹਿਲਾਂ, ਦੁਨੀਆਂ ਅੰਦਰ 7-ਨਵੰਬਰ 1917 ਨੂੰ ਰੂਸ ਅੰਦਰ ਮਹਾਨ ਸੋਸ਼ਲਿਸਟ ਅਕਤੂਬਰ ਇਨਕਲਾਬ ਨੇ, ‘ਨਾ ਬਰਾਬਰੀ ਵਾਲੀਆਂ ਸਦੀਵੀ ਪੁਰਾਣੀਆਂ ਮਿੱਥਾਂ ਚੁਕਨਾ ਚੂਰ ਕਰਦੇ ਹੋਏ, ਮਨੁੱਖੀ ਸਮਾਜ ਅੰਦਰ ਇਕ ਸਮਾਜਕ-ਬਰਾਬਰੀ ਦਾ ਰਾਹ ਖੋਲ ਕੇ ਇਕ ਨਵੇਂ ਕਿਰਤੀ ਜਮਾਤ ਦੇ ਹੱਕੀ ਤੇ ਅਮਲੇ ਰੂਪ ਨੂੰ ਜਨਮ ਦਿੱਤਾ ਸੀ।ਦੁਨੀਆਂ ਅੰਦਰ ਭਾਵੇਂ ਬਹੁਤ ਸਾਰੀਆਂ ਅਚੇਤ ਸਮਾਜਿਕ ਤਬਦੀਲੀਆਂ ਹੁੰਦੀਆ ਰਹੀਆਂ। ਪਰ ਸੁਚੇਤ ਤੌਰ ‘ਤੇ ਦੁਨੀਆਂ ਅੰਦਰ ਪੈਦਾਵਰੀ ਸਾਧਨਾਂ (ਮਾਲਕੀ) ਦੀ ਨਿਜੀ ਮਾਲਕੀ ਵਾਲੀ ਧੌਂਸ-ਭਰੀ ਰਾਜਸਤਾ ਨੂੰ ਖਤਮ ਕਰਕੇ, ਮਨੁੱਖ ਹੱਥੋਂ ਮਨੁੱਖ ਰਾਹੀਂ ਕਿਰਤ ਦੀ ਹੁੰਦੀ ਲੁੱਟ-ਖਸੁੱਟ (ਸੋਸ਼ਣ) ਵਾਲੇ ਰਾਜ ਪ੍ਰਬੰਧ ਦੀ ਥਾਂ, ‘‘ਕਿਰਤੀ-ਜਮਾਤ ਨੂੰ ਹਕੀਕੀ ਮਾਲਕੀ ਦਾ ਬੁਨਿਆਦੀ ਅਧਿਕਾਰ 1917 ਦੇ ਇਨਕਲਾਬ ਰਾਹੀਂ ਪਹਿਲੀ ਵਾਰ ਸੋਵੀਅਤ ਰੂਸ ਅੰਦਰ ਹੀ ਪ੍ਰਾਪਤ ਹੋਇਆ ਸੀ। ਇਹ ਜੱਥੇਬੰਦਕ ਇਨਕਲਾਬ ਸੁਚੇਤ ਢੰਗ ਨਾਲ ਕਮਿਊਨਿਸਟ ਪਾਰਟੀ ਦੀ ਅਗਵਾਈ ਅੰਦਰ ਸਫ਼ਲ ਹੋਇਆ। ਇਹ ਸਮਾਜਕ ਤਬਦੀਲੀ, ‘ਜਿਸ ਨੇ ਅਮਲ ਵਿੱਚ ਪਹਿਲੀ ਵਾਰ ਰੂਸ ਅੰਦਰ ਕਿਰਤੀ ਜਮਾਤ ਦੇ ਹੱਥ ਰਾਜ ਸਤਾ ਸੌਂਪ ਕੇ ਇਕ ਸਿਫ਼ਤੀ ਤਬਦੀਲੀ ਨੂੰ ਜਨਮ ਦਿੱਤਾ` ਪੂੰਜੀਵਾਦੀ ਲੁੱਟ-ਖਸੁੱਟ ਤੇ ਨਾ-ਬਰਾਬਰੀ ਦੀ ਮਾਲਕੀ ਵਾਲੀਆਂ ਸਾਰੀਆਂ ਧਿਰਾਂ ਨੂੰ ਲਲਕਾਰ ਕੇ ਕਿਰਤੀ-ਕਿਸਾਨਾਂ, ਇਸਤਰੀਆਂ, ਨੌਜਵਾਨਾਂ ਅਤੇ ਗੁਲਾਮ ਦੇਸ਼ਾਂ ਅੰਦਰ ਲੁੱਟ-ਚੌਂਘ ਵਾਲੀ ਮਾਨਸਿਕਤਾ ਨੂੰ ਖਤਮ ਕਰਕੇ ‘ਕਾਰਲ-ਮਾਰਕਸ` ਦੇ ਲੁੱਟ-ਰਹਿਤ ਸਮਾਜ ਦੇ ਫਲਸਫੇ ਨੂੰ ਅਮਰ ਬਣਾਇਆ।
ਮਹਾਨ ਅਕਤੂਬਰ ਰੂਸੀ ਇਨਕਲਾਬ ਅੱਜ ਵੀ ਦੁਨੀਆਂ ਭਰ ਦੇ ਕਿਰਤੀਆਂ ਲਈ ਇਹ ਇਕ ਚਾਨਣ ਮੁਨਾਰਾ ਹੈ। ਇਸ ਇਤਿਹਾਸਕ ਘਟਨਾ ਨੇ ਹੀ ਦੁਨੀਆਂ ਦੇ ਬਸਤੀਵਾਦੀ ਗੁਲਾਮ ਦੇਸ਼ਾਂ (ਭਾਰਤ ਆਦਿ, ਲਤਾੜੀਆਂ ਕੌਮਾਂ ਅਤੇ ਹੱਕਾਂ) ਲਈ ਸੰਘਰਸ਼ ਕਰਦੇ ਲੋਕਾਂ ਨੂੰ ਪ੍ਰੇਰਿਆ ਹੀ ਨਹੀਂ, ਸਗੋਂ ਪੂਰਨ ਅਗਵਾਨੀ ਕੀਤੀ। ਇਸ ਇਤਿਹਾਸਕ ਘਟਨਾ ਦਾ ਸਦਕਾ ਹੀ ਏਸ਼ੀਆ, ਅਫਰੀਕਾ, ਲਾਤੀਨੀ-ਅਮਰੀਕਾ ਮਹਾਂਦੀਪਾਂ ਦੇ ਲੋਕਾਂ ਅਤੇ ਕੌਮਾਂ ਨੇ ਗੁਲਾਮੀ ਵਿਰੁਧ ਮੁਕਤੀ ਅੰਦੋਲਨ ਵਿੱਢ ਕੇ ਬਸਤੀਵਾਦੀ ਸਾਮਰਾਜੀਆਂ ਤੋਂ ਆਜ਼ਾਦੀਆਂ ਪ੍ਰਾਪਤ ਕੀਤੀਆਂ। ਕੌਮਾਂ, ਕਿਰਤੀ ਵਰਗ, ਕਿਸਾਨਾਂ, ਇਸਤਰੀਆਂ ਤੇ ਲੋਕਾਂ ਨੇ ਹੱਕਾਂ ਲਈ ਵਿੱਢੇ ਸੰਘਰਸ਼ਾਂ ਰਾਹੀਂ ਮੁਕਤੀ, ਰਾਹਤਾਂ, ਸਮਾਜਕ-ਸੁਰੱਖਿਆ, ਆਰਥਿਕ ਪ੍ਰਾਪਤੀਆਂ ਅਤੇ ਲੋਕ ਪੱਖੀ ਕਨੂੰਨ ਕਾਇਦੇ ਬਣਾਉਣ ਲਈ ਜਿੱਤਾਂ ਪ੍ਰਾਪਤ ਕੀਤੀਆਂ, ਸਭ ਇਕ ਅਕਤੂਬਰ ਇਨਕਲਾਬ ਦੇ ਪ੍ਰਭਾਵ ਅਤੇ ਦਬਾਅ ਦਾ ਹੀ ਸਿੱਟਾ ਹੈ। ਸੋਵੀਅਤ ਯੂਨੀਅਨ ਦੀ ਸਥਾਪਨਾ 1917 ਤੋਂ 1991 ਤੱਕ ਦੇ ਲੰਬੇ ਅਰਸੇ ਦੌਰਾਨ ਕਿਰਤੀ ਜਮਾਤ ਦੀ ਅਗਵਾਈ ਵਿੱਚ ਬੀਤੇ ਅਤੇ ਮੌਜੂਦਾ ਸਮੇਂ ਦੌਰਾਨ ਕਿਰਤੀਆਂ ਨੂੰ ਸਮਾਜਕ, ਆਰਥਿਕ, ਰਾਜਨੀਤਕ ਅਤੇ ਸਮਾਜਮ ਨਿਆਂ ਦੇ ਖੇਤਰ ਅੰਦਰ ਬਹੁਤ ਪ੍ਰਾਪਤੀਆਂ ਹੋਈਆਂ !
ਸਮਾਜਵਾਦੀ ਵਿਚਾਰਾਂ ਅਤੇ ਅਮਲਾ ਦੇ ਇਸ ਬੋਲਬਾਲੇ ਨੇ ਦੁਨੀਆਂ ਭਰ ‘ਚ ਕਿਰਤੀਆਂ ਨੂੰ ਆਪਣੇ ਬੁਨਿਆਦੀ ਹੱਕਾਂ ਦੀ ਪ੍ਰਾਪਤੀ ਲਈ ਸੰਘਰਸ਼ ਕਰਨ ਲਈ ਜਾਗਰੂਕ ਕੀਤਾ। ਜੋ ਕੁਝ ਅੱਜ ਦੁਨੀਆ ਅੰਦਰ ਕਿਰਤੀ ਜਮਾਤ ਨੇ ਪ੍ਰਾਪਤ ਕੀਤਾ ਹੈ ਅਤੇ ਹੋਇਆ ਹੈ, ਇਸ ਪਿਛੇ ਮਹਾਨ ਅਕਤੂਬਰ ਇਨਕਲਾਬ ਦੇ ਪ੍ਰਭਾਵ ਅਧੀਨ ਪ੍ਰਾਪਤ ਹੋਏ ਪਦਾਰਥਕ ਲਾਭ ਅਤੇ ਮਨੁੱਖਤਾ ‘ਚ ਉਪਜੀ ਹਾਂ ਪੱਖੀ ਮਾਨਸਿਕਤਾ ਤੇ ਬੌਧਿਕ ਜਾਗਰੂਕਤਾ ਕਾਰਨ ਹੀ ਹੈ। ਇਤਿਹਾਸਕ ਸਮਾਜਵਾਦੀ-ਲੋਕ ਚੀਨ, ਉਤਰੀ ਕੋਰੀਆ, ਕਿਊਬਾ, ਵੀਤਨਾਮ, ਲਾਊਸ, ਕੰਬੋਡੀਆ ਦੇਸ਼ਾਂ ਅੰਦਰ ਕਿਰਤੀ ਜਮਾਤ ਦੀ ਜਿੱਤ ਅਤੇ ਬਹੁਤ ਸਾਰੇ ਏਸ਼ੀਆ ਅਫਰੀਕੀ ਤੇ ਲਾਤੀਨੀ-ਅਮਰੀਕੀ ਦੇਸ਼ਾਂ ਅੰਦਰ ਜਮਹੂਰੀ ਸੋਚ ਦੀ ਮਜ਼ਬੂਤੀ ਹੋਣ ਨਾਲ ਹੀ ਲੋਕਾਂ ਦੇ ਮੁਕਤੀ ਲਈ ਰਾਹ ਖੁਲ੍ਹਣ ਲਈ ਮਹਾਨ ਅਕਤੂਬਰ ਇਨਕਲਾਬ ਦੇ ਪ੍ਰਭਾਵ ਦਾ ਬਹੁਤ ਵੱਡਾ ਰੋਲ ਹੈ। ਅੱਜ ਭਾਵੇਂ ਬਸਤੀਵਾਦੀ ਪੜਾਅ ਦੁਨੀਆ ਵਿੱਚੋਂ ਖਤਮ ਹੋ ਚੁੱਕਾ ਹੈ, ਪਰ ਉਸ ਦਾ ਕਾਲਾ ਪਰਛਾਵਾਂ ਨਵ-ਉਦਾਰਵਾਦੀ ਦੇ ਰੂਪ ਵਿੱਚ ਅੱਜੇ ਵੀ ਸਿਸਕੀਆਂ ਭਰ ਰਿਹਾ ਹੈ। ਦੁਨੀਆਂ ਦੇ ਮਹਾਨ ਸਮਾਜਕ-ਵਿਗਿਆਨੀ ‘ਕਾਰਲ-ਮਾਰਕਸ ਅਤੇ ਫਰੈਂਡਰਿਕ ਏਂਗਲਜ਼ ਵਲੋਂ ਸਭ ਤੋਂ ਪਹਿਲਾ ਮਨੁੱਖੀ ਕਿਰਤ ਰਾਹੀਂ ਉਸਰੇ ਮਨੁੱਖੀ ਸਮਾਜ ਦੇ ਵਿਕਾਸ ਅਤੇ ਆਰਥਿਕ ਰਿਸ਼ਤਿਆਂ ਸਬੰਧੀ ਵਿਗਿਆਨਕ ਦ੍ਰਿਸ਼ਟੀਕੋਣ ਪੇਸ਼ ਕਰਕੇ ਇਹ ਸਾਬਤ ਕਰ ਦਿੱਤਾ ਕਿ ਕਿਰਤੀ ਵਲੋਂ ਪੈਦਾ ਕੀਤੀ ਵਾਧੂ ਪੈਦਾਵਾਰ ਦਾ ਅਸਲੀ ਮਾਲਕ ਕਿਰਤੀ ਹੈ ਨਾ ਕੇ ਮਾਲਕ ਭਾਗੋ ਹੈ।
ਇਹ ਦੱਸਣ ਵਿੱਚ ਕੋਈ ਵੀ ਸੰਕੋਚ ਨਹੀਂ ਕਿ ਸੋਵੀਅਤ ਰੂਸ ਅਤੇ ਪੂਰਬੀ ਯੂਰਪ ਦੇ ਦੇਸ਼ਾਂ ਅੰਦਰ 1991 ਨੂੰ ਸਮਾਜਵਾਦੀ ਢਾਂਚੇ ਨੂੰ ਵੱਜੀਆਂ ਪਿਛਾੜਾਂ, ਸਮਾਜਵਾਦੀ ਵਿਚਾਰਧਾਰਾ ਤੇ ਅਮਲਾਂ ਨੂੰ ਭਾਰੀ ਚੋਟਾਂ ਲੱਗੀਆਂ ਅਤੇ ਠੇਸਾਂ ਵੀ ਪੁੱਜੀਆਂ ਹਨ। ਪਰ ਅੱਜ ਵੀ ਦੁਨੀਆਂ ਦਾ ਪੂੰਜੀਵਾਦੀ ਪ੍ਰਬੰਧ ‘ਸਮਾਜਵਾਦ` ਦੇ ਨਾਂ ਤੋਂ ਥਰ ਥਰ ਕੰਬਦਾ ਹੈ ? ਪੂੰਜੀਵਾਦ ਦੇ ਕੂੜ ਪ੍ਰਚਾਰ ਅਤੇ ਗੈਰ-ਵਿਗਿਆਨਕ ਦਲੀਲਾਂ ਦੇ ਹੁੰਦਿਆ ਕਿਵੇਂ ਲੋਕ ਚੀਨ ਦੇ ਅਰਥਚਾਰੇ, ਤਰੱਕੀ ਅਤੇ ਫੌਜੀ ਸ਼ਕਤੀ ਸਾਹਮਣੇ ਸਾਮਰਾਜ ਡਰਦਾ ਹੈ।ਦੁਨੀਆ ਦਾ ਪੂੰਜੀਵਾਦ ਜਿਸ ਦੀ ਉਮਰ ਕਈ ਸਦੀਆਂ ਪੁਰਾਣੀ ਅਤੇ ਦੇਸ਼ਾਂ ਦੇ ਕੁਦਰਤੀ ਸੋਮਿਆਂ ਦੇ ਲੁੱਟ ਦਾ ਇਕ ਲੰਬਾ ਇਤਿਹਾਸ ਹੈ। ਪਰ ਇਸ ਦੇ ਬਾਵਜੂਦ ਸਮਾਜਵਾਦੀ ਰਾਜ ਪ੍ਰਬੰਧ ਜੋ 1917 ਨੂੰ ਹੋਂਦ ਵਿੱਚ ਆਇਆ ਹੈ, ਦੁਨੀਆ ਵਿੱਚ ਇਕ ਨਿਗਰ ਸੋਚ ਵਾਲੀ ਵੱਡੀ ਧਿਰ ਹੈ। ਸਮਾਜਵਾਦੀ ਪ੍ਰਬੰਧ ਅੰਦਰ ਸਾਰੀ ਪੂੰਜੀ ਕੌਮੀ ਬਣ ਜਾਂਦੀ ਹੈ ਜੋ ਲੋਕਾਂ ਦੀ ਭਲਾਈ ਲਈ ਬਰਾਬਰਤਾ-ਅਧਾਰਿਤ ਖਰਚ ਕੀਤੀ ਜਾਂਦੀ ਹੈ। ਪਰ ਇਹ ਪੂੰਜੀਵਾਦੀ ਪ੍ਰਬੰਧ ਅੰਦਰ ਨਹੀਂ ਹੁੰਦਾ ‘ਤੇ ਮਨੁੱਖ ਹੱਥੋ ਮਨੁੱਖ ਦੀ ਲੁੱਟ ਹੁੰਦੀ ਰਹਿੰਦੀ ਹੈ ਤੇ ਧਨ ਕੁਝ ਪੂੰਜੀਪਤੀਆਂ ਦੇ ਪ੍ਰਬੰਧ ਹੇਠ ਚਲਾ ਜਾਂਦਾ ਹੈ ਜੋ ਹੋਰ ਅੱਗੋ ਮਨੁੱਖ ਦੀ ਕਿਰਤ ਦੀ ਲੁੱਟ ਜਾਰੀ ਰੱਖਦਾ ਹੈ।
ਪੂੰਜੀਵਾਦੀ ਸਿਸਟਮ ਬੁੱਢਾ ਹੋਣ ਦੇ ਬਾਵਜੂਦ ਆਪਣੀ ਹੋਂਦ ਕਾਇਮ ਰੱਖਣ ਲਈ ਨਵੇਂ ਰੂਪਾਂ ਭਾਵ ਨਵ-ਉਦਾਰੀਵਾਦ, ਨਿੱਜੀਕਰਨ ਅਤੇ ਸੰਸਾਰੀਕਰਨ ਵਾਲੀ ਪ੍ਰਨਾਲੀ ਰਾਹੀ ਸਾਹਮਣੇ ਆਇਆ ਹੈ। ਇਹ ਰੂਪ ਉਸ ਦੇ ਪੁਰਾਣੇ ਕਿਰਦਾਰਾਂ ਦੀ ਇਕ ਲੜੀ ਹੈ। ਇਹ ਸਮਾਜਵਾਦੀ ਸੋਚ, ਪ੍ਰਬੰਛ ਅਤੇ ਪ੍ਰਾਪਤੀਆਂ ਨੂੰ ਖੁੰਡਾਂ ਕਰਨ ਲਈ ਲੋਕ ਰੋਹ ਅਤੇ ਬੇਚੈਨੀ ਤੋਂ ਭੈਅਭੀਤ ਪੂੰਜੀਵਾਦ ਆਧੁਨਿਕ ਢੰਗਾਂ ਮੀਡੀਆ-ਟੀ.ਵੀ., ਸਾਈਬਰ ਅਤੇ ਪ੍ਰਿੰਟ ਮੀਡੀਆ ਰਾਹੀਂ ਅਜਿਹੇ ਦ੍ਰਿਸ਼ ਪੇਸ਼ ਕਰ ਰਿਹਾ ਹੈ, ਜਿਸ ਨਾਲ ਉਸ ਨੇ ਉਪਭੋਗਤਾਵਾਦੀ-ਮੰਡੀ ਜ਼ਰੀਏ ਹੁਦ ਆਪਣੀ ਲੁੱਕਵੀ ਲੁੱਟ ਸ਼ੁਰੂ ਕੀਤੀ ਹੋਈ ਹੈ। ਸਮਾਜਵਾਦੀ ਬਰਕਤਾਂ ਤੇ ਪ੍ਰਾਪਤੀਆਂ ਰਾਹੀਂ ਜੋ ਜਾਗਰਿਤੀ ਪੈਦਾ ਹੋਈ ਹੈ। ਇਸ ਵਿਰੁਧ ਧਰਮ, ਸਦਮਾ, ਅੰਧ-ਵਿਸ਼ਵਾਸ਼, ਦਹਿਸ਼ਤਗਰਦੀ, ਨਸ਼ੇ, ਗੈਂਗਵਾਰ, ਤਸਕਰੀ ਰਾਹੀਂ ਲੋਕਾਂ ਨੂੰ ਘਰੋਗੀ ਜੰਗਾਂ ਵਿੱਚ ਉਲਝਾਉਣ, ਫੈਸ਼ਨ, ਮੀਡੀਆ, ਆਧੁਨਿਕ ਤਹਿਜ਼ੀਬ, ‘ਚੱੱਟ-ਪੱਟਾ ਫੂਡ` ਅਤੇ ਖੇਤਰੀ ਜੰਗਾਂ ਨੂੰ ਜਨਮ ਦੇ ਕੇ ਪੂੰਜੀਵਾਦ ਆਪਣੀ ਸਰਦਾਰੀ ਕਾਇਮ ਰੱਖ ਰਿਹਾ ਹੈ। ਇਹ ਵੀ ਸਮਝਣਾ ਪਏਗਾ ਕਿ ਪਹਿਲਾ ਮਨੁੱਖ ਮੰਡੀ-ਬਾਜ਼ਾਰ ਨੂੰ ਚਲਾਉਂਦਾ ਸੀ ਸੁਖੀ ਸੀ। ਹੁਣ ਉਜ਼ਰਤੀ-ਗੁਲਾਮੀ ਵਾਲੇ ਬਾਜ਼ਾਰ ਨੇ ਮਨੁੱਖ ਨੂੰ ਚਲਾਉਣਾ ਸ਼ੁਰੂ ਕਰ ਦਿੱਤਾ। ਜੋ ਮਨੁੱਖ ਖੱਪਤਕਾਰ ਬਣਨ ਦੀ ਸਮਰੱਥਾ ਨਹੀਂ ਰੱਖਦਾ, ਉਹ ਮਨੁੱਖ ਮਨੁੱਖ ਬਜ਼ਾਰ ਲਈ ਬੇਕਾਰ ਤੇ ਹਾਸ਼ੀਏ ਤੋਂ ਬਾਹਰ ਸਮਝੋ। ਪੂੰਜੀਵਾਦੀ ਬਾਜ਼ਾਰ ਤੰਤਰ ਨੇ ਖੱਪਤਵਾਦੀ ਸੱਭਿਆਚਾਰ ਨੂੰ ਜਨਮ ਦੇ ਕੇ ਕਿਰਤ ਨੂੰ ਬੇ-ਮੈਇਨੇ ਕਰ ਦਿੱਤਾ ਹੈ।
ਸਮਾਜਵਾਦੀ ਧਿਰਾਂ (ਬਲਾਕ) ਦੇ ਮਮਜ਼ੋਰ ਹੋਣ ਕਰਕੇ ਕੌਮਾਂਤਰੀ ਪੱਧਰ ਤੇ ਸ਼ਕਤੀਆਂ ਦੇ ਸਮਤੁਲਨ ਵਿੱਚ ਬਦਲਾਅ ਆਉਣਾ ਵੀ ਲਾਜ਼ਮੀ ਹੈ। ਦੁਨੀਆਂ ਅੰਦਰ ਜਮਹੂਰੀ ਅਤੇ ਲੋਕ ਸ਼ਕਤੀਆਂ ਜੋ ਲੋਕਾਂ ਦੀਆਂ ਮੁਸ਼ਕਲਾਂ ਦੇ ਹੱਲ ਲਈ ਸੰਘਰਸ਼ ਕਰਦੀਆਂ ਹਨ, ਕਮਜ਼ੋਰ ਹੋ ਗਈਆਂ। ਦੂਸਰੇ ਪਾਸੇ ਸੰਸਾਰ ਪੂੰਜੀਵਾਦੀ ਧਿਰਾਂ ਨੇ ਆਪਣਾ ਰੂਪ ਕਾਰਪੋਰੇਟੀ ਸਾਮਰਾਜੀ ਵਜੋਂ ਇਕ ਧਰੁਵੀ ਆਰਥਿਕਤਾ ਦੇ ਰੂਪ ਵਿੱਚ ਆਪਣੀ ਲੁੱਟ ਲਈ ਹਮਲਾਵਰੀ ਰੁੱਖ, ਫੌਜੀ ਧੌਂਸ ਅਤੇ ਕੌਮਾਂਤਰੀ ਗੁੰਡਾਗਰਦੀਕਰਨ ਲਈ ਧਾਰ ਲਿਆ ਹੋਇਆ ਹੈ।ਅਮਰੀਕਾ ਜੋ ਇਸ ਧਿਰ ਦਾ ਡੰਡਾ-ਮੈਨ ਹੈ, ਥਾਣੇਦਾਰੀ ਕਰ ਰਿਹਾ ਹੈ ! ਇਹ ਵਰਤਾਰਾ ਸੰਸਾਰ ਅਮਨ ਲਈ ਇਕ ਗੰਭੀਰ ਖਤਰਾ ਹੈ ! ਇਸ ਲਈ ਕਿਰਤੀ ਵਰਗ ਆਮ ਲੋਕਾਂ ਅਤੇ ਸੰਸਾਰ ਜਮਹੂਰੀ ਸੰਗਠਨਾਂ ਨੂੰ ਕਦੀ ਵੀ ਇਸ ਭੁਲੇਖੇ ਵਿਚ ਨਹੀਂ ਰਹਿਣਾ ਚਾਹੀਦਾ ਹੈ ਕਿ ਪੂੰਜੀਵਾਦੀ ਵਿਵੱਸਥਾ ‘ਚ ਰਾਜ ਮਨੁੱਖਤਾਵਾਦੀ ਅਤੇ ਕਲਿਆਣਕਾਰੀ ਹੁੰਦਾ ਹੈ।ਸਗੋ ! ਉਸ ਦਾ ਰੂਪ ਚਾਹੇ ਜੋ ਵੀ ਹੋਵੇ, ਜਿਵੇਂ ਭਾਰਤ ਵਰਗੀ, ਪਾਰਲੀਮਾਨੀ ਜਮਹੂਰੀਅਤ ਜਾਂ ਅਮਰੀਕਾ ਵਾਲਾ ਰਾਸ਼ਟਰਪਤੀ ਰਾਜ ਜਾਂ ਯੂਰਪ ਵਾਲੀਆਂ ਪ੍ਰਣਾਲੀਆਂ, ਇਹ ਸਭ ਪੂੰਜੀਵਾਦੀ-ਜਮਾਤ ਦੀ ਤਾਨਾਸ਼ਾਹੀ (ਡਿਡੈਕਟਰਸ਼ਿਪ) ਹੀ ਹੁੰਦਾ ਹੈ।
ਦੁਨੀਆਂ ਅੰਦਰ ਕਿਰਤੀ-ਜਮਾਤ ਦੀ ਅਗਵਾਈ ਵਿੱਚ ਚੱਲਣ ਵਾਲੀਆਂ ਲੋਕ-ਜਮਹੂਰੀ ਲਹਿਰਾਂ ਹੀ ਭਵਿੱਖੀ ਇਨਕਲਾਬ ਦੀ (ਕਮਿਊਨਿਸਟ ਪਾਰਟੀ ਦੀ ਅਗਵਾਈ) ਰੂਪ-ਰੇਖਾ ਘੜ ਸਕਦੀਆਂ ਹਨ।ਮਹਾਨ ਅਕਤੂਬਰ ਸਮਾਜਵਾਦੀ 1917 ਦਾ ਰੂਸੀ ਇਨਕਲਾਬ ਦੀ ਮਹੱਤਤਾ, ਇਤਿਹਾਸਕ ਪ੍ਰਾਪਤੀਆਂ ਅਤੇ ਘਟਨਾਵਾਂ ਅੱਜ ਵੀ ਸਾਡੇ ਲਈ ਚਾਨਣ-ਮੁਨਾਰਾ ਤੇ ਸਾਰਥਿਕ ਹਨ। ਅੱਜ ਇਹ ਵੀ ਸਿੱਧ ਕਰਦੀਆਂ ਹਨ ਕਿ ਲੁੱਟ-ਖਸੁੱਟ ਵਾਲੀ ਪੂੰਜੀਵਾਦੀ ਰਾਜਸੱਤਾ ਨੂੰ ਕੇਵਲ ਬਗਾਵਤ ਕਰਕੇ ਹੀ ਨਹੀਂ, ਸਗੋਂ ਸੁਚੇਤ ਤੌਰ ‘ਤੇ ਵਰਗੀ-ਸੰਘਰਸ਼ ਰਾਹੀਂ ਹੀ ਖਤਮ ਕਰਕੇ ਸਮਾਜਕ ਪ੍ਰੀਵਰਤਨ ਲਿਆਂਦਾ ਜਾ ਸਕਦਾ ਹੈ। ਕਿਰਤ ਦੀ ਲੁੱਟ ਦੇ ਖਾਤਮੇ ਲਈ ਆਰਥਿਕ ਬਰਾਬਰਤਾ ਲਈ ਅਤੇ ਆਪਣੇ ਉਜਲੇ ਭਵਿੱਖ ਲਈ, ਆਉ ! ਅਸੀਂ ਸਾਰੇ ਮਹਾਨ ਅਕਤੂਬਰ (ਸਮਾਜਵਾਦੀ) ਰੂਸੀ ਇਨਕਲਾਬ 1917 ਦੀਆਂ ਪ੍ਰੰਪਰਾਵਾਂ ਨੂੰ ਅੱਗੇ ਵਧਾਉਣ ਲਈ ਹੱਕਾਂ ਲਈ ਚਲ ਰਹੇ ਕਿਰਤੀ ਸੰਘਰਸ਼ਾਂ ਤੇ ਲਹਿਰਾਂ ਵਿੱਚ ਯੋਗਦਾਨ ਪਾਈਏ ਅਤੇ ਜਿੱਤ ਵੱਲ ਵੱਧੀਏ !
ਮਹਾਨ (ਸਮਾਜਵਾਦੀ) ਅਕਤੂਬਰ ਇਨਕਲਾਬ -ਜ਼ਿੰਦਾਬਾਦ !!!
ਜਗਦੀਸ਼ ਸਿੰਘ ਚੋਹਕਾ