ਸਿੱਖ ਕੌਮ ਵੱਲੋਂ ਨਵੰਬਰ ਮਹੀਨੇ ਦੁਨੀਆ ਭਰ ਵਿੱਚ ਸਿੱਖ ਨਸਲਕੁਸ਼ੀ-1984 ਖਿਲਾਫ਼ ਵੱਖ-ਵੱਖ ਤਰੀਕਿਆਂ ਨਾਲ ਪ੍ਰਗਟਾਵੇ ਕੀਤੇ ਜਾਂਦੇ ਹਨ। ਕੈਨੇਡਾ ਵਸਦੇ ਸਿੱਖਾਂ ਵੱਲੋਂ ਸਿੱਖ ਨਸਲਕੁਸ਼ੀ 1984 ਖ਼ਿਲਾਫ਼ ਖ਼ੂਨਦਾਨ ਮੁਹਿੰਮ ਰਾਹੀਂ ਜਾਗਰੂਕਤਾ ਫੈਲਾਈ ਜਾਂਦੀ ਹੈ। ਇਹਨੀਂ ਦਿਨੀਂ ਹਰ ਸਾਲ ਕੈਨੇਡਾ ਦੇ ਹਰੇਕ ਵੱਡੇ ਸ਼ਹਿਰ 'ਚ ਸੈਂਕੜੇ ਸਿੱਖ ਇਸਤਰੀਆਂ ਅਤੇ ਆਦਮੀ ਖੂਨਦਾਨ ਕਰਕੇ, ਲੋਕਾਂ ਦੀਆਂ ਜਾਨਾਂ ਬਚਾਉਂਦੇ ਹਨ। ਕੈਨੇਡੀਅਨ ਬਲੱਡ ਸਰਵਿਸਜ਼ ਵਲੋਂ ਇਸ ਕਾਰਜ ਨੂੰ 'ਦੇਸ਼ 'ਚ ਸਭ ਤੋਂ ਵੱਡੀ ਖ਼ੂਨਦਾਨ ਲਹਿਰ' ਕਰਾਰ ਦਿੰਦਿਆਂ ਸਨਮਾਨਿਤ ਕੀਤਾ ਜਾ ਚੁੱਕਿਆ ਹੈ। ਇਸ ਉਪਰਾਲੇ ਦਾ ਜ਼ਿਕਰ ਕੈਨੇਡਾ ਦੀ ਪਾਰਲੀਮੈਂਟ ਤੋਂ ਲੈ ਕੇ ਸੂਬਿਆਂ ਦੀਆਂ ਵਿਧਾਨ ਸਭਾਵਾਂ ਤੱਕ, ਮਨੁੱਖੀ ਹੱਕਾਂ ਨਾਲ ਜੁੜੇ ਲੋਕਾਂ ਦੇ ਪ੍ਰਤੀਨਿਧ ਅਕਸਰ ਕਰਦੇ ਹਨ।
ਸਿੱਖ ਨਸਲਕੁਸ਼ੀ-1984 ਦੇ ਜਬਰ ਨੂੰ ਯਾਦ ਕਰਦਿਆਂ ਕੈਨੇਡਾ ਵਿਚ ਸਿੱਖਾਂ ਵੱਲੋਂ ਖ਼ੂਨਦਾਨ ਲਹਿਰ ਰਾਹੀਂ ਇਤਿਹਾਸਕ ਸੇਵਾ, 28ਵੇਂ ਵਰ੍ਹੇ ਦੀਆਂ ਬਰੂਹਾਂ 'ਤੇ ਪਹੁੰਚ ਚੁੱਕੀ ਹੈ। ਇਸ ਮੁਹਿੰਮ ਨਾਲ ਕੈਨੇਡਾ ਦੀ ਧਰਤੀ 'ਤੇ ਖ਼ੂਨਦਾਨ ਰਾਹੀਂ ਲੱਖਾਂ ਜਾਨਾਂ ਬਚਾਈਆਂ ਜਾ ਚੁੱਕੀਆਂ ਹਨ! ਦਰਅਸਲ ਕੈਨੇਡਾ ਭਰ 'ਚ ਇਹ ਉਪਰਾਲਾ 1999 'ਚ ਅਰੰਭ ਹੋਇਆ ਸੀ ਅਤੇ ਪਹਿਲੇ 25 ਸਾਲਾਂ ਵਿੱਚ 2 ਲੱਖ ਤੋਂ ਵੱਧ ਜਾਨਾਂ ਸਿੱਖ ਕੌਮ ਵਲੋਂ ਕੀਤੇ ਖੂਨਦਾਨ ਰਾਹੀਂ ਬਚਾਈਆਂ ਜਾ ਚੁੱਕੀਆਂ ਹਨ। ਵੈਨਕੂਵਰ, ਟਰਾਂਟੋ, ਮਾਂਟਰੀਅਲ, ਐਡਮਿੰਟਨ, ਕੈਲਗਰੀ, ਵਿਨੀਪੈੱਗ, ਸਰੀ, ਐਬਸਫੋਰਡ, ਕਲੋਨਾ, ਕੈਮਲੂਪਸ, ਵਿਲੀਅਮਜ਼ ਲੇਕ, ਸਸਕੈਚਵਿਨ, ਵਿਕਟੋਰੀਆ ਤੇ ਕੈਨੇਡਾ ਦੀ ਰਾਜਧਾਨੀ ਔਟਵਾ ਤੱਕ ਇਸ ਲਹਿਰ 'ਚ, ਲੋਕਾਂ ਨੇ ਬੇਮਿਸਾਲ ਉਤਸ਼ਾਹ ਵਿਖਾਇਆ ਹੈ। ਸੰਸਾਰ ਪੱਧਰ 'ਤੇ ਸਿੱਖਾਂ ਦਾ ਕੌਮੀ ਅਕਸ ਮਹਾਨ ਰੂਪ 'ਚ ਉਜਾਗਰ ਕਰਨ ਲਈ ਜਿਥੇ ਇਹ ਉਪਰਾਲਾ ਇਤਿਹਾਸਕ ਹੈ, ਉਥੇ 42 ਸਾਲ ਪਹਿਲਾਂ ਹੋਈ ਸਿੱਖ ਨਸਲਕੁਸ਼ੀ ਦੀ ਪੀੜਾ ਨੂੰ ਵੀ ਸੰਸਾਰ ਸਾਹਮਣੇ ਰੱਖਣ ਦਾ ਬਿਹਤਰੀਨ ਤਰੀਕਾ ਹੈ। ਨੌਵੇਂ ਪਾਤਸ਼ਾਹ ਗੁਰੂ ਤੇਗ ਬਹਾਦਰ ਜੀ ਦੇ ਬਚਨ ;
"ਭੈ ਕਾਹੂ ਕਉ ਦੇਤ ਨਹਿ ਨਹਿ ਭੈ ਮਾਨਤ ਆਨ॥
ਕਹੁ ਨਾਨਕ ਸੁਨਿ ਰੇ ਮਨਾ ਗਿਆਨੀ ਤਾਹਿ ਬਖਾਨਿ॥"
ਭਾਵ 'ਨਾ ਡਰਨ ਅਤੇ ਨਾ ਡਰਾਉਣ ਅਤੇ ਜ਼ੁਲਮ ਖਿਲਾਫ਼ ਤੇ ਧਾਰਮਿਕ ਆਜ਼ਾਦੀ ਲਈ ਸ਼ਹਾਦਤ ਨੂੰ ਅੱਜ ਸੰਸਾਰ ਭਰ ਵਿੱਚ ਸਿੱਖ ਕੌਮ, ਖੂਨਦਾਨ ਰਾਹੀਂ ਮਾਨਵਵਾਦ ਅਤੇ ਸਰਬੱਤ ਦੇ ਭਲੇ ਦਾ ਮੈਨੀਫੈਸਟੋ ਬਣਾ ਰਹੀ ਹੈ। ਸਿੱਖ ਨਸਲਕੁਸ਼ੀ ਖ਼ਿਲਾਫ਼ ਖੂਨਦਾਨ ਮੁਹਿੰਮ, ਕੇਵਲ ਸਿੱਖਾਂ ਲਈ ਇਨਸਾਫ਼ ਦਾ ਮੁੱਦਾ ਨਹੀਂ, ਬਲਕਿ ਦੁਨੀਆ ਭਰ ਵਿੱਚ ਘੱਟ ਗਿਣਤੀਆਂ, ਮੂਲ ਵਾਸੀਆਂ, ਦੱਬੇ ਕੁਚਲੇ ਲੋਕਾਂ ਅਤੇ ਸਰਕਾਰੀ ਜਬਰ ਦਾ ਸ਼ਿਕਾਰ ਬਣ ਰਹੇ ਭਾਈਚਾਰਿਆਂ ਨਾਲ, ਖੜ੍ਹਨ ਲਈ ਵੀ ਦ੍ਰਿੜ੍ਹ ਇਰਾਦੇ ਦਾ ਪ੍ਰਤੀਕ ਹੈ। ਸੰਸਾਰ ਦੇ ਕਿਸੇ ਵੀ ਕੋਨੇ 'ਚ ਹੋ ਰਹੇ ਅੱਤਿਆਚਾਰ ਖਿਲਾਫ਼ ਸਿੱਖ ਕੌਮ ਵਲੋਂ ਆਵਾਜ਼ ਬੁਲੰਦ ਕਰਨਾ ਇਸ ਮੁਹਿੰਮ ਦਾ ਕੇਂਦਰ-ਬਿੰਦੂ ਹੈ।
ਕੈਨੇਡੀਅਨ ਲੋਕ ਜਦੋਂ ਦੇਸ਼ 'ਚ ਥਾਂ-ਥਾਂ 'ਤੇ ਲੱਗੇ ਖੂਨਦਾਨ ਕੈਂਪਾਂ 'ਚ ਸਿੱਖਾਂ ਦੇ ਵਲੰਟੀਅਰ ਪਰਿਵਾਰਾਂ, ਯੂਨੀਵਰਸਿਟੀ 'ਚ ਪੜ੍ਹਦੇ ਨੌਜਵਾਨ ਲੜਕੇ-ਲੜਕੀਆਂ ਅਤੇ ਬੁੱਧੀਜੀਵੀਆਂ ਤੋਂ ਇਸ ਮੁਹਿੰਮ ਦੇ ਏਨੇ ਵੱਡੇ ਹੁੰਗਾਰੇ ਦਾ ਕਾਰਨ ਪੁਛਦੇ ਹਨ, ਤਾਂ ਸਭ ਨੂੰ ਇੱਕੋ ਹੀ ਜਵਾਬ ਮਿਲਦਾ ਹੈ ਕਿ 'ਸਰਬੱਤ ਦਾ ਭਲਾ' ਮੰਗਣ ਵਾਲੀ ਕੌਮ ਖੂਨ ਲੈਣ 'ਚ ਨਹੀਂ, ਖੂਨ ਦਾਨ ਕਰਕੇ ਜਾਨਾਂ ਬਚਾਉਣ ਵਿੱਚ ਵਿਸ਼ਵਾਸ ਰੱਖਦੀ ਹੈ। ਇਸ ਲਹਿਰ ਨੇ ਕੈਨੇਡਾ ਭਰ ਦੇ ਮੀਡੀਆ ਦਾ ਧਿਆਨ ਆਪਣੇ ਵੱਲ ਖਿੱਚਿਆ ਹੈ, ਜਿਸ ਦੌਰਾਨ ਸਿੱਖਾਂ ਨੇ ਵੱਡੀ ਗਿਣਤੀ 'ਚ ਖੂਨਦਾਨ ਕਰਦਿਆਂ, ਨਾ ਸਿਰਫ਼ ਜਾਨਾਂ ਹੀ ਬਚਾਈਆਂ ਹਨ, ਸਗੋਂ ਭਾਈ ਘਨ੍ਹਾਈਆ ਅਤੇ ਭਗਤ ਪੂਰਨ ਸਿੰਘ ਦੇ ਮਾਨਵੀ ਸੇਵਾ ਦੇ ਸੁਨੇਹੇ ਨੂੰ ਵੀ ਹੋਰਨਾਂ ਕੌਮਾਂ ਤੱਕ ਪਹੁੰਚਾਇਆ ਹੈ।
ਅਜਿਹੀਆਂ ਅਨੇਕਾਂ ਮਿਸਾਲਾਂ ਹਨ, ਜਿਨ੍ਹਾਂ ਦੌਰਾਨ ਜਿੱਥੇ ਵੀ ਮਨੁੱਖਤਾ ਨੂੰ ਖੂਨ ਦੀ ਲੋੜ ਪਈ, ਤਾਂ ਸਿੱਖ ਕੌਮ ਨੇ ਸਭ ਤੋਂ ਅੱਗੇ ਹੋ ਕੇ, ਰੰਗ-ਨਸਲ ਤੇ ਜਾਤ-ਫ਼ਿਰਕੇ ਨੂੰ ਇਕ ਪਾਸੇ ਰੱਖਦਿਆਂ, ਖੂਨਦਾਨ ਦੀ ਲਹਿਰ ਚਲਾਉਂਦਿਆਂ ਹੋਇਆਂ ਅਣਗਿਣਤ ਜਾਨਾਂ ਬਚਾਈਆਂ। ਕੈਨੇਡਾ ਦੇ ਕਈ ਹਾਈਵੇਅ ਅਤੇ ਕੌਮੀ ਮਾਰਗਾਂ 'ਤੇ ਨਵੰਬਰ ਮਹੀਨੇ ਖੂਨਦਾਨ ਕਰਕੇ ਜਾਨਾਂ ਬਚਾਉਣ ਦਾ ਸੁਨੇਹਾ ਦੇਣ ਦੀ ਪਿਰਤ ਕਾਫ਼ੀ ਸਮੇਂ ਤੋਂ ਜਾਰੀ ਹੈ।ਬੇਗੁਨਾਹਾਂ ਦਾ ਖੂਨ ਡੋਲ੍ਹ ਕੇ ਅਤੇ ਜਾਨਾਂ ਲੈ ਕੇ ਜ਼ੁਲਮ ਕਰਨ ਵਾਲਿਆਂ ਦੀ ਕੋਹਝੀ ਅਸਲੀਅਤ ਦੁਨੀਆ ਅੱਗੇ ਰੱਖਣ ਦਾ ਇਸ ਤੋਂ ਬਿਹਤਰੀਨ ਢੰਗ ਕੀ ਹੋ ਸਕਦਾ ਹੈ ਕਿ ਨਸਲਕੁਸ਼ੀ ਦਾ ਸਾਹਮਣਾ ਕਰਨ ਵਾਲੇ ਸਿੱਖ, ਅੱਜ ਵੀ ਜਦੋ-ਜਹਿਦ ਕਰਦੇ ਖ਼ੂਨਦਾਨ ਦੇ ਕੇ ਲੱਖਾਂ ਜਾਨਾਂ ਬਚਾ ਰਹੇ ਹਨ। ਅੱਜ ਇਹ ਅਤਕਥਨੀ ਨਹੀਂ ਕਿ ਕੈਨੇਡਾ ਤੋਂ ਅਰੰਭ ਹੋਏ ਨਵੰਬਰ 1984 ਦੀ ਸਿੱਖ ਨਸਲਕੁਸ਼ੀ ਦੇ ਸੰਤਾਪ ਨੂੰ ਕੌਮਾਂਤਰੀ ਮੰਚ ਤੇ ਮਹਾਂ-ਦੁਖਾਂਤ ਦੇ ਰੂਪ ਵਿੱਚ ਪੇਸ਼ ਕਰਨ ਵਾਲੀ ਖ਼ੂਨਦਾਨ ਲਹਿਰ ਅਸਟ੍ਰੇਲੀਆ, ਅਮਰੀਕਾ, ਫਰਾਂਸ, ਇੰਗਲੈਂਡ ਅਤੇ ਦੁਨੀਆ ਦੇ ਕਰੀਬ 122 ਦੇਸ਼ਾਂ 'ਚ ਫੈਲ ਚੁੱਕੀ ਹੈ। ਉਹ ਦਿਨ ਦੂਰ ਨਹੀਂ ਜਦੋਂ ਯੂਨਾਇਟਡ ਨੇਸ਼ਨ 'ਚ ਮਨੁੱਖੀ ਅਧਿਕਾਰਾਂ ਲਈ ਸਮਰਪਿਤ ਕਾਰਜਾਂ ਦੀ ਸੂਚੀ 'ਚ, ਸਿੱਖ ਕੌਮ ਦੀ ਖੂਨਦਾਨ ਲਹਿਰ ਦਾ ਜ਼ਿਕਰਯੋਗ ਥਾਂ ਹੋਵੇਗਾ।
ਸਯੰਕਤ ਰਾਸ਼ਟਰ 'ਚ ਜਦੋਂ ਕਿਤੇ ਮਾਨਵਵਾਦੀ ਸੇਵਾ ਦੇ ਮਹਾਨ ਕਾਰਜ ਦੀ ਗੱਲ ਤੁਰਦੀ ਹੈ, ਤਾਂ ਉਦੋਂ ਨਵੰਬਰ ਉਨੀ ਸੌ ਚੁਰਾਸੀ ਵਿੱਚ ਭਾਰਤ ਅੰਦਰ ਹਜ਼ਾਰਾਂ ਬੇਕਸੂਰ ਸਿੱਖਾਂ ਦੇ ਲਹੂ ਡੋਲਣ ਵਾਲੀ ਇੰਡੀਅਨ ਸਟੇਟ ਦੇ ਸ਼ੈਤਾਨੀ ਚਿਹਰੇ ਵੀ ਨੰਗੇ ਹੁੰਦੇ ਹਨ ਅਤੇ 42 ਸਾਲਾਂ ਮਗਰੋਂ ਵੀ ਕਾਤਲਾਂ ਨੂੰ ਸਜ਼ਾਵਾਂ ਨਾ ਦੇਣ ਲਈ ਭਾਰਤ ਦੀਆਂ ਹੁਣ ਤੱਕ ਦੀਆਂ ਸਰਕਾਰਾਂ ਦੀ ਅਸਲੀਅਤ ਵੀ ਜ਼ਾਹਰ ਹੁੰਦੀ ਹੈ। ਅੱਜ ਲੋੜ ਇਸ ਗੱਲ ਦੀ ਹੈ ਕਿ ਕੌਮ ਦੇ ਚਿੰਤਕ ਅਤੇ ਵਿਦਵਾਨ ਆਪਣਾ ਫਰਜ਼ ਪਛਾਣਦੇ ਹੋਏ ਮਹਾਨ ਉਪਰਾਲਿਆਂ ਨੂੰ ਉਤਸ਼ਾਹਿਤ ਕਰਨ ਅਤੇ ਸਥਾਪਤੀ ਦੀ ਧੱਕੇਸ਼ਾਹੀ ਖਿਲਾਫ਼ ਲਿਖਣ। ਸਿੱਖ ਕੌਮ ਦੇ ਅਕਸ ਨੂੰ ਜੇਕਰ ਸਾਡਾ ਮੀਡੀਆ ਦੁਨੀਆ ਸਾਹਮਣੇ ਸਹੀ ਰੂਪ ਵਿੱਚ ਪੇਸ਼ ਕਰੇਗਾ, ਤਾਂ ਕੌਮ ਦੀ ਪਨੀਰੀ ਇਸ ਪਾਸੇ ਵੱਲ ਹੋਰ ਵੀ ਰੁਚਿਤ ਹੋਵੇਗੀ। ਅਜਿਹੇ ਮੌਕੇ 'ਤੇ ਸਹਿਣ ਸ਼ਕਤੀ, ਪਰਉਪਕਾਰ ਅਤੇ ਮਾਨਵੀ ਹੱਕਾਂ ਪ੍ਰਤੀ ਚੇਤਨਾ ਮੂਲ ਸਰੋਕਾਰ ਬਣ ਕੇ, ਸਿੱਖ ਕੌਮ ਦੀ 'ਸਰਬੱਤ ਦੇ ਭਲੇ ਦੀ ਅਰਦਾਸ' ਦੇ ਭਾਵ ਅਰਥ ਕੌਮਾਂਤਰੀ ਮੰਚ 'ਤੇ ਉਜਾਗਰ ਹੋ ਕਰ ਹਨ।
ਅੰਤ ਵਿੱਚ ਮੈਂ ਇਹ ਲਿਖਤ ਸਿੱਖ ਕੌਮ ਦੇ ਖੂਨਦਾਨ ਮੁਹਿੰਮ ਦੇ ਮਹਾਨ ਸੇਵਾਦਾਰ ਭਾਈ ਸੁਨੀਲ ਕੁਮਾਰ ਜੀ ਦੇ ਸ਼ਬਦਾਂ ਨਾਲ ਸਮਾਪਤ ਕਰਦਾ ਹਾਂ, ਜੋ ਇਸ ਵਰ੍ਹੇ ਸਰੀਰਕ ਤੌਰ ਤੇ ਚਾਹੇ ਸਾਨੂੰ ਵਿਛੋੜਾ ਦੇ ਗਏ, ਪਰ ਪ੍ਰੇਰਨਾ ਰੂਪ ਵਿੱਚ ਸਦਾ ਹੀ ਸਾਡੇ ਨਾਲ ਹਨ। ਭਾਈ ਸੁਨੀਲ ਕੁਮਾਰ ਸਦਾ ਹੀ ਇਉਂ ਸੱਦਾ ਦਿੰਦੇ ਸਨ "ਆਓ, ਇਨਸਾਨੀਅਤ ਦਾ ਘਾਣ ਕਰਨ ਵਾਲੀਆਂ ਸਰਕਾਰਾਂ ਅਤੇ ਨਸਲਕੁਸ਼ੀ ਦੇ ਦੋਸ਼ੀਆਂ ਖਿਲਾਫ਼, ਸਿੱਖ ਕੌਮ ਵੱਲੋਂ ਆਰੰਭੀ ਖ਼ੂਨਦਾਨ ਮੁਹਿੰਮ ਦਾ ਹਿੱਸਾ ਬਣੀਏ ਅਤੇ ਸੰਸਾਰ ਵਿੱਚ 'ਨਾ ਡਰੋ ਨਾ ਡਰਾਓ' ਅਤੇ 'ਜੀਓ ਅਤੇ ਜਿਓਣ ਦਿਓ' ਦੇ ਮਹਾਨ ਸੰਕਲਪ ਦੇ ਧਾਰਨੀ ਹੋ ਕੇ, 'ਸਰਬੱਤ' ਦੇ ਹੱਕਾਂ ਦੇ ਪਹਿਰੇਦਾਰ ਬਣੀਏ।"