12 ਫਰਵਰੀ ਬਰਸੀ 'ਤੇ ਵਿਸ਼ੇਸ਼: ਚਿੱਤਰਕਲਾ ਦੀ ਸੂਖ਼ਮ ਰੂਹ - ਜਰਨੈਲ ਸਿੰਘ ਆਰਟਿਸਟ

12 ਫਰਵਰੀ ਬਰਸੀ 'ਤੇ ਵਿਸ਼ੇਸ਼: ਚਿੱਤਰਕਲਾ ਦੀ ਸੂਖ਼ਮ ਰੂਹ - ਜਰਨੈਲ ਸਿੰਘ ਆਰਟਿਸਟ

ਕਈ ਵਾਰ ਕੁਝ ਮੁਲਾਕਾਤਾਂ ਸਿਰਫ਼ ਮਿਲਾਪ ਨਹੀਂ ਰਹਿੰਦੀਆਂਉਹ ਮਨ ਦੀ ਦਿਸ਼ਾ ਤੈਅ ਕਰ ਦਿੰਦੀਆਂ ਹਨ। ਮੇਰਾ ਜਰਨੈਲ ਸਿੰਘ ਆਰਟਿਸਟ ਨਾਲ ਪਹਿਲਾ ਮਿਲਾਪ ਸਰੀ ਸ਼ਹਿਰ ਵਿੱਚ ਉਨ੍ਹਾਂ ਦੀ ਆਰਟ ਗੈਲਰੀ ਵਿੱਚ ਹੋਇਆ। ਇੱਕ ਅਜਿਹਾ ਅਨੁਭਵ ਜੋ ਮੇਰੇ ਮਨ ਵਿੱਚ ਸਦੀਵੀ ਛਾਪ ਛੱਡ ਗਿਆ। ਉਸ ਸਮੇਂ ਉਨ੍ਹਾਂ ਦੇ ਨਾਲ ਪ੍ਰਸਿੱਧ ਨਾਵਲਕਾਰ ਜਰਨੈਲ ਸਿੰਘ ਸੇਖਾ ਦੀ ਹਾਜ਼ਰੀ ਨੇ ਉਨ੍ਹਾਂ ਪਲਾਂ ਨੂੰ ਹੋਰ ਵੀ ਅਰਥਪੂਰਨ ਬਣਾ ਦਿੱਤਾ।

ਜਰਨੈਲ ਸਿੰਘ ਆਰਟਿਸਟ ਦੀ ਕਲਾ ਨਾਲ ਮੇਰੀ ਜਾਣ-ਪਛਾਣ ਪੰਜਾਬ ਵਿੱਚ ਰਹਿੰਦਿਆਂ ਹੀ ਹੋ ਚੁੱਕੀ ਸੀ। ਅਖਬਾਰਾਂਰਸਾਲਿਆਂ ਅਤੇ ਵਿਸ਼ੇਸ਼ ਤੌਰ 'ਤੇ ਰੋਜ਼ਾਨਾ ਅਜੀਤ ਵਿੱਚ ਛਪਣ ਵਾਲੇ ਨਵੇਂ ਸਾਲ ਦੇ ਕੈਲੰਡਰਾਂ ਰਾਹੀਂ ਉਨ੍ਹਾਂ ਦੀ ਚਿੱਤਰਕਲਾ ਪੰਜਾਬੀ ਸਭਿਆਚਾਰ ਦੀ ਜੀਵੰਤ ਤਸਵੀਰ ਬਣ ਕੇ ਸਾਹਮਣੇ ਆਉਂਦੀ ਰਹੀ। ਪਿੰਡਾਂ ਦੀ ਜ਼ਿੰਦਗੀਲੋਕਧਾਰਾਤਿਉਹਾਰ ਅਤੇ ਆਸਥਾਸਭ ਕੁਝ ਉਨ੍ਹਾਂ ਦੇ ਬੁਰਸ਼ ਦੀ ਛੋਹ ਨਾਲ ਕੈਨਵਸ 'ਤੇ ਜਿਵੇਂ ਸਾਕਾਰ ਹੋ ਜਾਂਦੇ ਸਨ। ਗੁਰਪੁਰਬਾਂ ਦੇ ਪਾਵਨ ਮੌਕਿਆਂ 'ਤੇ ਛਪਣ ਵਾਲੇ ਕੈਲੰਡਰਾਂ ਵਿੱਚ ਵੀ ਉਨ੍ਹਾਂ ਦੇ ਚਿੱਤਰ ਮਨ ਨੂੰ ਸ਼ਾਂਤੀ ਅਤੇ ਸਤਿਕਾਰ ਨਾਲ ਭਰ ਦਿੰਦੇ ਸਨ।

ਸਰੀ ਵਿੱਚ ਹੋਈ ਪਹਿਲੀ ਮੁਲਾਕਾਤ ਨੇ ਜਰਨੈਲ ਸਿੰਘ ਆਰਟਿਸਟ ਨੂੰ ਮੇਰੇ ਲਈ ਸਿਰਫ਼ ਇੱਕ ਮਹਾਨ ਕਲਾਕਾਰ ਨਹੀਂਸਗੋਂ ਇੱਕ ਸੰਵੇਦਨਸ਼ੀਲ ਮਨੁੱਖ ਵਜੋਂ ਵੀ ਉਜਾਗਰ ਕੀਤਾ। ਗੱਲ 2013 ਦੀ ਹੈ। ਮੈਂ ਪਰਿਵਾਰ ਸਮੇਤ ਨਵਾਂ ਨਵਾਂ ਸਰੀ (ਕਨੇਡਾ) ਵਿਚ ਆਇਆ ਸਾਂ। ਪਰਦੇਸ ਦੀ ਧਰਤੀ 'ਤੇ ਨਵੇਂ ਆਏ ਹੋਣ ਕਰਕੇ ਮੇਰੇ ਮਨ ਵਿੱਚ ਜੋ ਅਸਥਿਰਤਾ ਅਤੇ ਚਿੰਤਾ ਸੀਉਸ ਨੂੰ ਜਰਨੈਲ ਸਿੰਘ ਦੀ ਸਨੇਹੀ ਗੱਲਬਾਤ ਨੇ ਹੌਲੀ-ਹੌਲੀ ਹਲਕਾ ਕਰ ਦਿੱਤਾ। ਉਨ੍ਹਾਂ ਨੇ ਆਪਣੇ ਕਨੇਡਾ ਆਉਣ ਦੇ ਸ਼ੁਰੂਆਤੀ ਦਿਨਾਂ ਦੀ ਤਸਵੀਰ ਮੇਰੇ ਸਾਹਮਣੇ ਰੱਖੀ ਕਿ ਜਦੋਂ ਸੰਨ 2000 ਵਿੱਚ ਉਹ ਇੱਥੇ ਆਏ ਤਾਂ ਕਈ ਵਾਰ ਇਹ ਅਹਿਸਾਸ ਹੁੰਦਾ ਸੀ ਕਿ ਕਿੱਥੇ ਆ ਕੇ ਫਸ ਗਏ ਹਾਂ। ਪਰ ਸਮੇਂ ਦੇ ਨਾਲ ਹਾਲਾਤ ਵੀ ਬਦਲੇਮਾਹੌਲ ਵੀ ਬਣਿਆ ਅਤੇ ਕਲਾ ਤੇ ਸਾਹਿਤ ਦੇ ਪ੍ਰੇਮੀਆਂ ਦੀ ਸੰਗਤ ਨੇ ਉਨ੍ਹਾਂ ਨੂੰ ਨਵਾਂ ਹੌਂਸਲਾ ਦਿੱਤਾ।

ਉਨ੍ਹਾਂ ਦੇ ਇਹ ਸ਼ਬਦ ਕਿ 'ਹਰ ਨਵਾਂ ਆਇਆ ਬੰਦਾ ਸ਼ੁਰੂ ਵਿੱਚ ਅਜਿਹੀਆਂ ਮੁਸ਼ਕਿਲਾਂ ਵਿੱਚੋਂ ਲੰਘਦਾ ਹੈਪਰ ਸਮਾਂ ਸਭ ਕੁਝ ਸੁਧਾਰ ਲੈਂਦਾ ਹੈ' ਮੇਰੇ ਲਈ ਹੌਂਸਲੇ ਦੀ ਤਾਕਤ ਬਣ ਗਏ। ਇਹ ਸਿਰਫ਼ ਦਿਲਾਸਾ ਨਹੀਂ ਸੀਸਗੋਂ ਤਜਰਬੇ ਦੇ ਸੱਚੇ ਬੋਲ ਸਨ। ਉਨ੍ਹਾਂ ਵੱਲੋਂ ਦਿੱਤਾ ਗਿਆ ਦਿਲੀ ਸਹਾਰਾਉਨ੍ਹਾਂ ਦੀ ਕਲਾ ਵਾਂਗ ਹੀ ਗਹਿਰਾ ਅਤੇ ਅਰਥਪੂਰਨ ਸੀ। ਇਸ ਯਾਦਗਾਰੀ ਮਿਲਣੀ ਸਮੇਂ ਜਰਨੈਲ ਸਿੰਘ ਆਰਟਿਸਟ ਅਤੇ ਜਰਨੈਲ ਸਿੰਘ ਸੇਖਾ ਵੱਲੋਂ ਲੇਖਕ ਮੰਚ ਵੈਨਕੂਵਰ ਦੇ ਲੇਖਕਾਂ ਦੀ ਇਕ ਸੰਪਾਦਿਤ ਕਿਤਾਬ ਅਤੇ ਯਾਦਗਾਰੀ ਪੈੱਨ ਭੇਟ ਕਰ ਕੇ ਮੈਨੂੰ ਮਾਣ ਬਖ਼ਸ਼ਿਆ ਗਿਆ। ਇਹ ਤੋਹਫਾ ਮੇਰੇ ਲਈ ਸਿਰਫ਼ ਇਕ ਯਾਦਗਾਰ ਨਹੀਂਸਗੋਂ ਸਿਨੇਹਸਾਥ ਅਤੇ ਸੱਭਿਆਚਾਰਕ ਸਾਂਝ ਦਾ ਪ੍ਰਤੀਕ ਹੈ।

ਉਨ੍ਹਾਂ ਦੀ ਨਿੱਘੀ ਅਤੇ ਪਿਆਰੀ ਸ਼ਖ਼ਸੀਅਤ ਅਕਸਰ ਹੀ ਉਨ੍ਹਾਂ ਦੀ ਆਰਟ ਗੈਲਰੀ ਵਿਚ ਖਿੱਚ ਲਿਆਉਂਦੀ ਸੀ। ਇਹ ਆਰਟ ਗੈਲਰੀ ਅਸਲ ਵਿੱਚ ਸਰੀ ਸ਼ਹਿਰ ਵਿਚ ਕਲਾ ਅਤੇ ਸਾਹਿਤ ਦਾ ਉਹ ਮੱਕਾ ਹੈਜਿੱਥੇ ਪਹੁੰਚ ਕੇ ਹਰ ਕਲਾਕਾਰਸਾਹਿਤਕਾਰ ਅਤੇ ਵਿਦਵਾਨ ਆਪਣੇ ਕਨੇਡਾ ਦੌਰੇ ਦੀ ਵੱਡੀ ਪ੍ਰਾਪਤੀ ਸਮਝਦਾ ਹੈ।ਇਹ ਗੈਲਰੀ ਸਿਰਫ਼ ਇਕ ਨੁਮਾਇਸ਼ੀ ਜਗ੍ਹਾ ਨਹੀਂਸਗੋਂ ਪੰਜਾਬੀ ਸੱਭਿਆਚਾਰਸੋਚ ਅਤੇ ਰਚਨਾਤਮਕਤਾ ਦੀ ਧੜਕਦੀ ਰਗ ਹੈ।ਅਜਿਹਾ ਕਦੇ ਵਾਪਰਿਆ ਨਹੀਂ ਕਿ ਪੰਜਾਬ ਜਾਂ ਦੁਨੀਆ ਦੇ ਕਿਸੇ ਹੋਰ ਕੋਨੇ ਤੋਂ ਸਰੀ ਆਇਆ ਕੋਈ ਕਲਾਕਾਰਲੇਖਕ ਜਾਂ ਬੁੱਧੀਜੀਵੀ ਜਰਨੈਲ ਆਰਟ ਗੈਲਰੀ ਦੇ ਦਰਸ਼ਨ ਕੀਤੇ ਬਿਨਾਂ ਵਾਪਸ ਮੁੜ ਗਿਆ ਹੋਵੇ।

ਬਾਹਰੋਂ ਆਏ ਹਰ ਸਾਹਿਤਕਾਰ ਅਤੇ ਕਲਾਕਾਰ ਲਈ ਜਰਨੈਲ ਆਰਟ ਗੈਲਰੀ ਉਹ ਮੰਚ ਬਣ ਗਿਆ ਜਿੱਥੇ ਉਹ ਸਰੋਤਿਆਂਲੇਖਕਾਂ ਅਤੇ ਪਾਠਕਾਂ ਦੇ ਰੂਬਰੂ ਹੋ ਕੇ ਆਪਣੀ ਰਚਨਾਤਮਕ ਯਾਤਰਾ ਸਾਂਝੀ ਕਰਦਾ ਹੈ। ਇੱਥੇ ਹੋਈ ਹਰ ਸਾਹਿਤਕ ਜਾਂ ਕਲਾਤਮਕ ਮਿਲਣੀ ਵਿਚਾਰਾਂ ਦੀ ਹੀ ਨਹੀਂਸਗੋਂ ਦਿਲਾਂ ਦੀ ਸਾਂਝ ਵੀ ਪੁਆਉਂਦੀ ਹੈ। ਇਸ ਗੈਲਰੀ ਵਿੱਚ ਹੋਣ ਵਾਲੀਆਂ ਬੈਠਕਾਂ ਪੰਜਾਬੀ ਸਾਹਿਤ ਅਤੇ ਕਲਾ ਦੇ ਇਤਿਹਾਸ ਦਾ ਅਟੁੱਟ ਹਿੱਸਾ ਬਣ ਗਈਆਂ ਹਨ। ਇਨ੍ਹਾਂ ਸਾਹਿਤਕ ਮਹਿਫ਼ਿਲਾਂ ਦੀ ਸਭ ਤੋਂ ਵੱਖਰੀ ਤੇ ਯਾਦਗਾਰੀ ਗੱਲ ਸੀਜਰਨੈਲ ਸਿੰਘ ਆਰਟਿਸਟ ਦੀ ਨਿੱਘੀ ਅਤੇ ਨਿਸ਼ਕਾਮ ਮੇਜ਼ਬਾਨੀ। ਉਹ ਖ਼ੁਦ ਆਪਣੇ ਹੱਥੀਂ ਚਾਹ ਤਿਆਰ ਕਰਦੇਮੇਜ਼ ਉੱਤੇ ਪੰਜਾਬੀ ਬਿਸਕੁਟਾਂ ਦਾ ਸੁਚੱਜਾ ਭੰਡਾਰ ਸਜਾਉਂਦੇ ਅਤੇ ਹਰ ਇਕ ਮਹਿਮਾਨ ਨੂੰ ਪਿਆਰ ਨਾਲ ਚਾਹ ਪਰੋਸਦੇ। ਇਹ ਸਾਦਗੀ ਭਰੀ ਸੇਵਾ ਸਿਰਫ਼ ਮਹਿਮਾਨ ਨਿਵਾਜ਼ੀ ਨਹੀਂ ਸੀਸਗੋਂ ਸਾਹਿਤ ਅਤੇ ਕਲਾ ਪ੍ਰਤੀ ਉਨ੍ਹਾਂ ਦੀ ਡੂੰਘੀ ਨਿਸ਼ਠਾ ਦਾ ਪ੍ਰਗਟਾਵਾ ਸੀ।

ਸਾਹਿਤਕ ਮਿਲਣੀਆਂ ਤੋਂ ਇਲਾਵਾਵੈਨਕੂਵਰ ਵਿਚਾਰ ਮੰਚ ਦੇ ਮੈਂਬਰਾਂ ਦੀਆਂ ਮਹਿਫ਼ਿਲਾਂ ਵੀ ਅਕਸਰ ਜਰਨੈਲ ਆਰਟ ਗੈਲਰੀ ਵਿੱਚ ਸਜਦੀਆਂ ਰਹਿੰਦੀਆਂ ਸਨ। ਇਨ੍ਹਾਂ ਮਹਿਫ਼ਿਲਾਂ ਦੌਰਾਨ ਕਲਾਸਾਹਿਤਕਲਾਸੀਕਲ ਫ਼ਿਲਮਾਂ ਅਤੇ ਹੋਰ ਸੱਭਿਆਚਾਰਕ ਸਰਗਰਮੀਆਂ ਬਾਰੇ ਗੰਭੀਰ ਤੇ ਅਰਥਪੂਰਨ ਵਿਚਾਰ-ਵਟਾਂਦਰਾ ਹੁੰਦਾ ਰਹਿੰਦਾ ਸੀ। ਇਹ ਬੈਠਕਾਂ ਸਿਰਫ਼ ਬੌਧਿਕ ਚਰਚਾ ਤੱਕ ਸੀਮਿਤ ਨਹੀਂ ਰਹਿੰਦੀਆਂਸਗੋਂ ਨਵੀਂ ਸੋਚਨਵੇਂ ਦ੍ਰਿਸ਼ਟਿਕੋਣ ਅਤੇ ਰਚਨਾਤਮਕ ਪ੍ਰੇਰਣਾ ਨੂੰ ਜਨਮ ਦਿੰਦੀਆਂ ਸਨ। ਇਸ ਤਰ੍ਹਾਂ ਜਰਨੈਲ ਆਰਟ ਗੈਲਰੀ ਅਤੇ ਜਰਨੈਲ ਸਿੰਘ ਆਰਟਿਸਟ ਦੀ ਮੇਜ਼ਬਾਨੀ ਨੇ ਸਰੀ ਨੂੰ ਕਨੇਡਾ ਦੇ ਸਾਹਿਤਕ ਤੇ ਸੱਭਿਆਚਾਰਕ ਨਕਸ਼ੇ 'ਤੇ ਇੱਕ ਵਿਲੱਖਣ ਪਛਾਣ ਦਿੱਤੀ। ਇਹ ਥਾਂ ਸਿਰਫ਼ ਇਮਾਰਤ ਨਹੀਂ ਰਹੀਸਗੋਂ ਕਲਾਸਾਹਿਤ ਅਤੇ ਮਨੁੱਖੀ ਸਾਂਝ ਦਾ ਜਿਉਂਦਾ ਜਾਗਦਾ ਪ੍ਰਤੀਕ ਬਣ ਗਈ।

ਜਰਨੈਲ ਸਿੰਘ ਆਰਟਿਸਟ ਸਿਰਫ਼ ਚਿੱਤਰਕਾਰ ਹੀ ਨਹੀਂਉਹ ਇੱਕ ਬਹੁਪੱਖੀ ਤੇ ਵਿਸ਼ਵ ਦ੍ਰਿਸ਼ਟੀ ਦੇ ਮਾਲਕ ਅਤੇ ਬਹੁਤ ਹੀ ਗਿਆਨਵਾਨ ਵਿਅਕਤੀ ਸਨ। ਉਨ੍ਹਾਂ ਨੇ ਪੰਜਾਬੀ ਅਤੇ ਵਿਸ਼ਵ ਕਲਾਸੀਕਲ ਸਾਹਿਤ ਦਾ ਡੂੰਘਾ ਅਧਿਐਨ ਕੀਤਾ ਅਤੇ ਇਹ ਗਿਆਨ ਉਨ੍ਹਾਂ ਦੇ ਜੀਵਨਰਚਨਾ ਅਤੇ ਵਿਚਾਰਾਂ ਵਿੱਚ ਸਾਫ਼ ਨਜ਼ਰ ਆਉਂਦਾ ਸੀ। ਉਨ੍ਹਾਂ ਦੀਆਂ ਕਲਾਕ੍ਰਿਤਾਂ ਵਿੱਚ ਸਿਰਫ਼ ਰੰਗ ਅਤੇ ਰੂਪ ਨਹੀਂਸਗੋਂ ਇਤਿਹਾਸਕ ਲਹਿਰਾਂ ਅਤੇ ਕਲਾ ਦੀ ਗਹਿਰਾਈ ਵੀ ਪ੍ਰਗਟ ਹੁੰਦੀ ਹੈ। ਉਨ੍ਹਾਂ ਦੀ ਫ਼ਿਲਮਾਂ ਬਾਰੇ ਜਾਣਕਾਰੀ ਵੀ ਬੇਮਿਸਾਲ ਸੀ। ਖ਼ਾਸ ਕਰਕੇ ਕਲਾਤਮਕ ਅਤੇ ਕਲਾਸੀਕਲ ਫ਼ਿਲਮਾਂ ਉਨ੍ਹਾਂ ਦੀ ਦਿਲਚਸਪੀ ਦਾ ਕੇਂਦਰ ਰਹੀਆਂ। ਕਿਸੇ ਵੀ ਫ਼ਿਲਮ ਦੀ ਚੋਣਉਸ ਦੀ ਕਥਾਕੈਮਰੇ ਦੀ ਭਾਸ਼ਾ ਅਤੇ ਦ੍ਰਿਸ਼ਟੀਕੋਣ ਬਾਰੇ ਉਹ ਬਹੁਤ ਗੰਭੀਰਤਾ ਨਾਲ ਗੱਲ ਕਰਦੇ। ਕਲਾ ਦੇ ਹਰ ਰੂਪ ਨੂੰ ਉਹ ਸਮਝਦੇਮਾਣਦੇ ਅਤੇ ਜਿਉਂਦੇ ਸਨ। ਜਰਨੈਲ ਆਰਟ ਗੈਲਰੀ ਵਿੱਚ ਕਈ ਵਾਰ ਫ਼ਿਲਮਾਂਕਲਾ ਅਤੇ ਸਾਹਿਤ ਬਾਰੇ ਹੋਣ ਵਾਲੀਆਂ ਪ੍ਰਦਰਸ਼ਨੀਆਂ ਅਤੇ ਚਰਚਾਵਾਂ ਵਿੱਚ ਉਨ੍ਹਾਂ ਦੀ ਟਿੱਪਣੀ ਵਿਚਾਰ-ਵਟਾਂਦਰੇ ਨੂੰ ਇੱਕ ਨਵਾਂ ਬੌਧਿਕ ਮੋੜ ਦਿੰਦੀ ਸੀ।

ਪੱਤਰਕਾਰੀ ਪ੍ਰਤੀ ਦਿਲਚਸਪੀ ਵੀ ਉਨ੍ਹਾਂ ਦੀ ਬਹੁਪੱਖੀ ਸ਼ਖ਼ਸੀਅਤ ਦੀ ਪਹਿਚਾਣ ਸੀ। ਪੱਤਰਕਾਰਾਂ ਦੇ ਕੰਮਖ਼ਬਰਾਂ ਦੀ ਸੰਵੇਦਨਸ਼ੀਲਤਾ ਅਤੇ ਸਮਾਜਿਕ ਜ਼ਿੰਮੇਵਾਰੀ ਬਾਰੇ ਉਨ੍ਹਾਂ ਨੂੰ ਵਿਸ਼ਾਲ ਗਿਆਨ ਸੀ। ਇਸੇ ਦੂਰਦਰਸ਼ੀ ਅਤੇ ਗਿਆਨ ਦੀ ਬੁਨਿਆਦ 'ਤੇ ਉਨ੍ਹਾਂ ਨੇ ਸਰੀ ਵਿੱਚ ਵੱਖ-ਵੱਖ ਅਖ਼ਬਾਰਾਂ ਦੇ ਪੱਤਰਕਾਰਾਂ ਨੂੰ ਇਕੱਠਾ ਕਰਕੇ ਪੰਜਾਬੀ ਪ੍ਰੈਸ ਕਲੱਬ ਬੀਸੀ ਦੀ ਸਥਾਪਨਾ ਕੀਤੀ। ਇਹ ਸੰਸਥਾ ਪੰਜਾਬੀ ਪੱਤਰਕਾਰ ਭਾਈਚਾਰੇ ਲਈ ਇਕ ਸਾਂਝਾ ਪਲੇਟਫਾਰਮ ਬਣ ਗਈਜਿੱਥੇ ਉਹ ਆਪਣੇ ਵਿਚਾਰ ਅਤੇ ਅਨੁਭਵ ਸਾਂਝੇ ਕਰਦੇ ਹਨ। ਉਹ ਇਸ ਸੰਸਥਾ ਦੇ ਫਾਊਂਡਰ ਪ੍ਰਧਾਨ ਬਣੇ ਅਤੇ ਆਪਣੇ ਅੰਤਲੇ ਸਮੇਂ ਵੀ ਉਹ ਇਸ ਸੰਸਥਾਂ ਦੇ ਜਨਰਲ ਸਕੱਤਰ ਵਜੋਂ ਆਪਣਾ ਫਰਜ਼ ਨਿਭਾ ਰਹੇ ਸਨ। ਇਹ ਉਨ੍ਹਾਂ ਦੀ ਨਿਸ਼ਠਾਲਗਨ ਅਤੇ ਸਮਾਜਿਕ ਜ਼ਿੰਮੇਵਾਰੀ ਦਾ ਪ੍ਰਤੀਕ ਸੀ। ਇੱਕ ਵਾਰ ਮੈਂ ਉਨ੍ਹਾਂ ਨੂੰ ਹੈਰਾਨੀ ਨਾਲ ਪੁੱਛਿਆ "ਜਰਨੈਲ ਸਿੰਘ ਜੀਤੁਸੀਂ ਇੱਕ ਬਹੁਤ ਹੀ ਨਾਮਵਰ ਆਰਟਿਸਟ ਹੋਫਿਰ ਪੱਤਰਕਾਰੀ ਵਿੱਚ ਇਹ ਦਿਲਚਸਪੀ ਕਿਵੇਂ?"

ਉਹ ਮੁਸਕਰਾ ਕੇ ਬਹੁਤ ਸਾਦਗੀ ਨਾਲ ਦੱਸਣ ਲੱਗੇ ਕਿ ਜਦੋਂ ਉਹ ਚੰਡੀਗੜ੍ਹ ਵਿੱਚ ਰਹਿੰਦੇ ਸਨ ਤਾਂ ਟ੍ਰਿਬਿਊਨ ਦੇ ਪੱਤਰਕਾਰਾਂ ਨਾਲ ਉਨ੍ਹਾਂ ਦੀ ਵਿਸ਼ੇਸ਼ ਦੋਸਤੀ ਸੀ। ਉਹ ਅਕਸਰ ਉਨ੍ਹਾਂ ਨਾਲ ਬੈਠ ਕੇ ਖ਼ਬਰਾਂਰਿਪੋਰਟਾਂ ਅਤੇ ਸੰਵੇਦਨਸ਼ੀਲ ਵਿਸ਼ਿਆਂ 'ਤੇ ਗੱਲ ਕਰਦੇ ਸਨ। ਇਸ ਤਰ੍ਹਾਂ ਉਨ੍ਹਾਂ ਪੱਤਰਕਾਰੀ ਦੇ ਤਜਰਬੇ ਨੂੰ ਨੇੜੇ ਤੋਂ ਵਾਚਿਆ ਸੀ।ਇਸ ਅਨੁਭਵ ਨੇ ਹੀ ਉਨ੍ਹਾਂ ਨੂੰ ਸਮਾਜ ਨੂੰ ਇੱਕ ਨਵੀਂ ਨਜ਼ਰ ਨਾਲ ਵੇਖਣਾ ਸਿਖਾਇਆ ਅਤੇ ਸ਼ਾਇਦ ਇਹੀ ਨਜ਼ਰੀਆ ਉਨ੍ਹਾਂ ਦੀ ਕਲਾਸੋਚ ਅਤੇ ਮੇਜ਼ਬਾਨੀ ਵਿੱਚ ਵੀ ਝਲਕਦਾ ਸੀ।

ਜਰਨੈਲ ਸਿੰਘ ਆਰਟਿਸਟ ਦੀ ਸ਼ਖ਼ਸੀਅਤ ਦੀ ਸਭ ਤੋਂ ਵੱਡੀ ਖੂਬੀ ਉਨ੍ਹਾਂ ਦੀ ਨਿਮਰਤਾ ਸੀ। ਏਨੀ ਉੱਚੀ ਕਲਾ-ਸਾਧਨਾ ਦੇ ਬਾਵਜੂਦ ਉਨ੍ਹਾਂ ਦੇ ਅੰਦਰ ਕਿਤੇ ਵੀ ਹਉਮੈ ਨਹੀਂ ਸੀ। ਉਹ ਘੱਟ ਬੋਲਦੇਵੱਧ ਸੁਣਦੇ ਅਤੇ ਆਪਣੇ ਰੰਗਾਂ ਰਾਹੀਂ ਸਭ ਕੁਝ ਕਹਿੰਦੇ ਸਨ। ਉਨ੍ਹਾਂ ਨੂੰ ਮਿਲ ਕੇ ਇਹ ਅਹਿਸਾਸ ਹੁੰਦਾ ਸੀ ਕਿ ਅਸਲ ਵਡੱਪਣ ਸ਼ਾਂਤ ਰਹਿਣ ਵਿੱਚ ਹੁੰਦਾ ਹੈ। ਉਨ੍ਹਾਂ ਦੀ ਮਹਾਨਤਾ ਇਸ ਗੱਲ ਵਿੱਚ ਵੀ ਹੈ ਕਿ ਉਨ੍ਹਾਂ ਨੇ ਕਲਾਸਾਹਿਤਫ਼ਿਲਮ ਅਤੇ ਪੱਤਰਕਾਰੀ ਦੇ ਹਰ ਰੂਪ ਨੂੰ ਆਪਣੇ ਜੀਵਨ ਵਿੱਚ ਜੋੜ ਕੇ ਇੱਕ ਸੰਤੁਲਨ ਬਣਾਇਆ। ਜਰਨੈਲ ਆਰਟ ਗੈਲਰੀ ਵਿੱਚ ਹੋਣ ਵਾਲੀ ਹਰ ਮਹਿਫ਼ਿਲ ਉਨ੍ਹਾਂ ਦੀ ਵਿਸ਼ਾਲਤਾਸਾਦਗੀ ਅਤੇ ਬੇਨਿਆਜ਼ ਸਮਰਪਣ ਦੀ ਗਵਾਹ ਹੈ। ਉਨ੍ਹਾਂ ਦੀ ਮੇਜ਼ਬਾਨੀ ਸਿਰਫ਼ ਯਾਦਾਂ ਵਿੱਚ ਹੀ ਨਹੀਂਸਗੋਂ ਸਰੀ ਦੇ ਸਾਹਿਤਕ ਤੇ ਸੱਭਿਆਚਾਰਕ ਜੀਵਨ ਵਿੱਚ ਹਮੇਸ਼ਾ ਲਈ ਇੱਕ ਵਿਰਾਸਤ ਵਾਂਗ ਵਸ ਗਈ। ਉਨ੍ਹਾਂ ਦੀ ਆਰਟ ਗੈਲਰੀ ਵਿੱਚ ਹੋਣ ਵਾਲੀਆਂ ਸਾਹਿਤਕ ਬੈਠਕਾਂ ਅਤੇ ਕਲਾ ਸੰਵਾਦ ਦੀਆਂ ਯਾਦਾਂ ਸਿਰਫ਼ ਇਕ ਪੀੜੀ ਤੋਂ ਦੂਜੀ ਪੀੜੀ ਤੱਕ ਗਈਆਂ ਹੀ ਨਹੀਂਸਗੋਂ ਉਹ ਸਰੀ ਦੇ ਸਾਹਿਤਕ ਜੀਵਨ ਦੀ ਪ੍ਰਾਪਤੀ ਬਣ ਗਈਆਂ। ਜਰਨੈਲ ਸਿੰਘ ਆਰਟਿਸਟ ਦੀ ਦ੍ਰਿਸ਼ਟੀਉਨ੍ਹਾਂ ਦੀ ਸੇਵਾ ਅਤੇ ਉਨ੍ਹਾਂ ਦੀ ਮਿਹਨਤ ਸਾਨੂੰ ਸਿਖਾਉਂਦੀ ਹੈ ਕਿ ਕਲਾਸਾਹਿਤ ਅਤੇ ਸਮਾਜਿਕ ਜ਼ਿੰਮੇਵਾਰੀ ਇਕੱਠੇ ਹੋ ਕੇ ਸਮਾਜ ਦੀ ਸੱਭਿਆਚਾਰਕ ਪਛਾਣ ਬਣਾਉਂਦੇ ਹਨ।

ਨਵੰਬਰ 2024 ਦੀ ਇਕ ਯਾਦ ਚਿਤਵਿਆਂ ਹੀ ਅਕਸਰ ਮਨ ਭਰ ਜਾਂਦਾ ਹੈ। ਗੱਲ ਹੇਵਰਡ ਸ਼ਹਿਰ ਦੀ ਹੈ। ਵਿਸ਼ਵ ਪੰਜਾਬੀ ਸਾਹਿਤ ਅਕੈਡਮੀਕੈਲੀਫੋਰਨੀਆ ਵੱਲੋਂ ਉੱਥੇ ਆਪਣੀ 24ਵੀਂ ਸਾਲਾਨਾ ਸਾਹਿਤਕ ਕਾਨਫਰੰਸ ਕਰਵਾਈ ਗਈ। ਇਸ ਮੌਕੇ 'ਤੇ ਅਕੈਡਮੀ ਦੇ ਪ੍ਰਧਾਨ ਅਤੇ ਸਾਡੇ ਪਿਆਰੇ ਸ਼ਾਇਰ ਮਿੱਤਰ ਕੁਲਵਿੰਦਰ ਨੇ ਸਰੀ ਵਿਚ ਸ਼ਾਇਰ ਜਸਵਿੰਦਰਰਾਜਵੰਤ ਰਾਜਪ੍ਰੀਤ ਮਨਪ੍ਰੀਤਹਰਦਮ ਮਾਨਕ੍ਰਿਸ਼ਨ ਭਨੋਟਜਰਨੈਲ ਸਿੰਘ ਆਰਟਿਸਟਗੁਰਦੀਪ ਭੁੱਲਰਸਤੀਸ਼ ਗੁਲਾਟੀਕਰਤਾਰ ਸਿੰਘ ਰੋਡੇ ਅਤੇ ਹਰਿੰਦਰਜੀਤ ਸੰਧੂ ਨੂੰ ਇਸ ਕਾਨਫਰੰਸ ਵਿਚ ਸ਼ਾਮਲ ਹੋਣ ਲਈ ਵਿਸ਼ੇਸ਼ ਤੌਰ 'ਤੇ ਸੱਦਾ ਭੇਜਿਆ। ਜਰਨੈਲ ਸਿੰਘ ਆਰਟਿਸਟ ਨੇ ਉੱਥੇ ਦੋ ਦਿਨ ਆਪਣੀਆਂ ਕਲਾਕ੍ਰਿਤਾਂ ਦੀ ਨੁਮਾਇਸ਼ ਲਾਈ ਜਿਸ ਵਿੱਚ ਕੈਲੀਫੋਰਨੀਆ ਦੇ ਪੰਜਾਬੀਆਂ ਨੇ ਵਿਸ਼ੇਸ਼ ਦਿਲਚਸਪੀ ਦਿਖਾਈ।

ਇਸ ਕਾਨਫਰੰਸ ਦੇ ਚਾਹ ਸੈਸ਼ਨ ਦੌਰਾਨ ਮੈਂਹਰਿੰਦਰਜੀਤ ਸੰਧੂ ਅਤੇ ਜਰਨੈਲ ਸਿੰਘ ਆਰਟਿਸਟ ਆਪਸ ਵਿਚ ਬੈਠੇ ਗੱਲਾਂ ਕਰ ਰਹੇ ਸੀ। ਅਚਾਨਕ ਜਰਨੈਲ ਸਿੰਘ ਨੇ ਕਿਹਾ "ਮਾਨ ਸਾਅਬਇੱਥੇ ਸਰੀ ਦੇ ਕਈ ਲੇਖਕ ਅਤੇ ਕਲਾਕਾਰ ਆਏ ਹਨ ਤੇ ਕਿਉਂ ਨਾ ਸਾਰਿਆਂ ਨੂੰ ਬੁਲਾ ਕੇ ਇਕ ਯਾਦਗਾਰੀ ਫੋਟੋ ਕਰਵਾ ਲਈਏ। ਯਾਦਾਂ ਹੀ ਰਹਿ ਜਾਂਦੀਆਂ..."। ਮੈਂ ਤੁਰੰਤ ਸਰੀ ਦੇ ਸਾਰੇ ਦੋਸਤਾਂ ਨੂੰ ਇਕੱਠਾ ਕਰ ਕੇ ਇਕ ਤਸਵੀਰ ਖਿੱਚਵਾਈ। ਜਰਨੈਲ ਸਿੰਘ ਦੇ ਮੂੰਹੋਂ ਨਿਕਲੇ ਬੋਲਾਂ ਅਨੁਸਾਰ ਇਹ ਤਸਵੀਰ ਸੱਚਮੁੱਚ ਹੀ ਯਾਦਗਾਰੀ ਅਤੇ ਅਮਰ ਬਣ ਗਈ।

ਦਸੰਬਰ 2024 ਵਿੱਚ ਜਰਨੈਲ ਸਿੰਘ ਆਰਟਿਸਟ ਨੇ ਆਪਣੀ ਪੰਜਾਬ ਯਾਤਰਾ ਦਾ ਪ੍ਰੋਗਰਾਮ ਸਾਂਝਾ ਕੀਤਾ ਤਾਂ ਵੈਨਕੂਵਰ ਵਿਚਾਰ ਮੰਚ ਦੇ ਸਾਰੇ ਮਿੱਤਰਾਂ ਨੇ ਉਨ੍ਹਾਂ ਨਾਲ ਇੱਕ ਮਹਿਫ਼ਿਲ ਰਚਾਉਣ ਦਾ ਪ੍ਰੋਗਰਾਮ ਉਲੀਕ ਲਿਆ। ਜਰਨੈਲ ਸਿੰਘ ਆਰਟਿਸਟ ਤੋਂ ਇਲਾਵਾ ਜਰਨੈਲ ਸਿੰਘ ਸੇਖਾਮੋਹਨ ਗਿੱਲਅੰਗਰੇਜ਼ ਬਰਾੜਹਰਦਮ ਮਾਨਪਰਮਜੀਤ ਸਿੰਘ ਸੇਖੋਂਅੰਤਰ ਪੰਮਾ ਅਤੇ ਤਰਲੋਚਨ ਤਰਨਤਾਰਨ ਇਸ ਮਹਿਫ਼ਿਲ ਵਿਚ ਹਾਜਰ ਹੋ ਗਏ। ਮਹਿਫ਼ਿਲ ਵਿਚ ਜਰਨੈਲ ਸਿੰਘ ਦੇ ਪੰਜਾਬ ਟੂਰ ਬਾਰੇ ਗੱਲਬਾਤ ਹੁੰਦੀ ਰਹੀ ਅਤੇ ਪੰਜਾਬ ਨਾਲ ਸਬੰਧਤ ਹੋਰ ਵੀ ਵਿਸ਼ਿਆਂ 'ਤੇ ਚਰਚਾ ਹੁੰਦੀ ਰਹੀ। ਇਸ ਮਹਿਫ਼ਿਲ ਦੌਰਾਨ ਅੰਤਰ ਪੰਮਾ ਨੇ ਕਿਹਾ ਕਿ ਪੰਜਾਬ ਜਾਣ ਤੋਂ ਪਹਿਲਾਂ ਉਹ ਵੀ ਜਰਨੈਲ ਸਿੰਘ ਆਰਟਿਸਟ ਦੇ ਮਾਣ ਵਿਚ ਇਕ ਪਾਰਟੀ ਰੱਖਣਾ ਚਾਹੁੰਦੇ ਹਨ। ਇਸ ਪਾਰਟੀ ਲਈ 8 ਦਸੰਬਰ 2024 ਦਾ ਦਿਨ ਨਿਸ਼ਚਤ ਕਰ ਲਿਆ10 ਦਸੰਬਰ ਨੂੰ ਤਾਂ ਜਰਨੈਲ ਸਿੰਘ ਆਰਟਿਸਟ ਨੇ ਪੰਜਾਬ ਲਈ ਰਵਾਨਾ ਹੋ ਜਾਣਾ ਸੀ। ਜਰਨੈਲ ਸਿੰਘ ਸੇਖਾਜਰਨੈਲ ਸਿੰਘ ਆਰਟਿਸਟਮੋਹਨ ਗਿੱਲਹਰਦਮ ਮਾਨਅੰਗਰੇਜ਼ ਬਰਾੜਗੁਰਮੇਲ ਰਾਏ ਅਤੇ ਹੋਰ ਕੁਝ ਮਿੱਤਰ ਅੰਤਰ ਪੰਮਾ ਦੇ ਨਿਵਾਸ 'ਤੇ ਇਕੱਠੇ ਹੋ ਗਏ।ਇਹ ਮਹਿਫ਼ਿਲ ਖੂਬ ਯਾਦਗਾਰੀ ਬਣੀ ਅਤੇ ਸਾਰੇ ਮਿੱਤਰਾਂ ਨੇ ਜਰਨੈਲ ਸਿੰਘ ਆਰਟਿਸਟ ਨੂੰ ਪੰਜਾਬ ਯਾਤਰਾ ਲਈ ਦਿਲੀ ਸ਼ੁੱਭ ਕਾਮਨਾਵਾਂ ਦਿੱਤੀਆਂ।

ਜਰਨੈਲ ਸਿੰਘ ਆਰਟਿਸਟ ਚੰਡੀਗੜ੍ਹ ਪਹੁੰਚੇ ਗਏ। ਕੁਝ ਦਿਨਾਂ ਬਾਅਦ ਪਤਾ ਲੱਗਿਆ ਕਿ ਉਨ੍ਹਾਂ ਦੀ ਸਿਹਤ ਠੀਕ ਨਹੀਂ। ਮੋਹਨ ਗਿੱਲਅੰਗਰੇਜ਼ ਬਰਾੜ ਅਤੇ ਮੈਂ ਵੀ ਫਰਵਰੀ-ਮਾਰਚ 2025 ਵਿਚ ਪੰਜਾਬ ਵਿਚ ਹੀ ਸਾਂ। ਮੋਹਨ ਗਿੱਲ ਦਾ ਇਕ ਦਿਨ ਫੋਨ ਆਇਆ ਕਿ ਜਰਨੈਲ ਸਿੰਘ ਆਰਟਿਸਟ ਦੀ ਬੀਮਾਰੀ ਗੰਭੀਰ ਹੈ ਅਤੇ ਉਹ ਫੋਰਟਿਸ ਹਸਪਤਾਲ ਵਿਚ ਜ਼ੇਰੇ-ਇਲਾਜ ਹਨ। ਫਿਰ 11 ਫਰਵਰੀ ਨੂੰ ਮਨਹੂਸ ਖ਼ਬਰ ਮਿਲੀ ਕਿ ਉਹ ਸਾਡੇ ਕੋਲੋਂ ਸਦੀਵੀ ਤੌਰ 'ਤੇ ਰੁਖਸਤ ਹੋ ਗਏ। ਸੱਚ ਨਹੀਂ ਆ ਰਿਹਾ ਸੀ ਕਿ ਦੋ ਮਹੀਨੇ ਪਹਿਲਾਂ ਹੱਸਦਾ ਖੇਡਦਾ ਆਇਆ ਸਾਡਾ ਪਿਆਰਾ ਆਰਟਿਸਟ ਜਰਨੈਲ ਸਿੰਘ ਇਉਂ ਸਦੀਵੀ ਤੌਰ 'ਤੇ ਅੱਖਾਂ ਮੀਚ ਜਾਵੇਗਾ। ਪਰ ਮੌਤ ਦੇ ਸੱਚ ਨੂੰ ਕੌਣ ਝੁਠਲਾ ਸਕਦਾ ਸੀ। ਅੰਤਰ ਪੰਮਾ ਦੇ ਘਰ ਉਨ੍ਹਾਂ ਨਾਲ ਬਿਤਾਏ ਪਲ ਵੈਨਕੂਵਰ ਵਿਚਾਰ ਮੰਚ ਦੇ ਸਾਰੇ ਮਿੱਤਰਾਂ ਲਈ ਆਖਰੀ ਅਤੇ ਬੇਹੱਦ ਯਾਦਗਾਰੀ ਪਲ ਬਣ ਗਏ।

ਅੱਜ ਜਦੋਂ ਮੈਂ ਜਰਨੈਲ ਸਿੰਘ ਆਰਟਿਸਟ ਨੂੰ ਯਾਦ ਕਰਦਾ ਹਾਂਉਹ ਸਿਰਫ਼ ਇੱਕ ਕਲਾਕਾਰ ਹੀ ਨਹੀਂਸਗੋਂ ਮੇਰੇ ਲਈ ਜੀਵੰਤ ਪ੍ਰੇਰਣਾ ਅਤੇ ਸਰੀ ਦੀ ਸਾਹਿਤਕ ਆਤਮਾ ਦਾ ਇੱਕ ਅਮਰ ਹਿੱਸਾ ਹਨ। ਉਨ੍ਹਾਂ ਨੇ ਸਾਡੇ ਸਾਹਿਤਕਕਲਾਤਮਿਕ ਅਤੇ ਸਮਾਜਿਕ ਜੀਵਨ ਨੂੰ ਇੱਕ ਅਜਿਹਾ ਦ੍ਰਿਸ਼ਟੀਕੋਣ ਦਿੱਤਾ ਜੋ ਸਦੀਵੀ ਹੈ। ਉਨ੍ਹਾਂ ਦੀਆਂ ਯਾਦਾਂ ਸਿਰਫ਼ ਕਲਾ ਦੇ ਰੰਗਾਂ ਵਿੱਚ ਨਹੀਂਸਗੋਂ ਦਿਲਾਂ ਵਿੱਚ ਵੀ ਜਿਉਂਦੀਆਂ ਹਨ। ਇਹ ਯਾਦਾਂ ਹਰ ਕਲਾਕਾਰ,ਸਾਹਿਤਕਾਰਵਿਦਵਾਨਕਲਾ-ਪ੍ਰੇਮੀ ਅਤੇ ਆਉਣ ਵਾਲੀਆਂ ਪੀੜ੍ਹੀਆਂ ਲਈ ਪ੍ਰੇਰਣਾ ਦਾ ਸੋਮਾ ਬਣੀਆਂ ਰਹਿਣਗੀਆਂ। ਜਰਨੈਲ ਸਿੰਘ ਸਾਡੇ ਦਰਮਿਆਨ ਸਰੀਰਕ ਤੌਰ 'ਤੇ ਨਹੀਂ ਰਹੇ ਪਰ ਉਹ ਹਰ ਉਸ ਅੱਖ ਵਿੱਚ ਜ਼ਿੰਦਾ ਰਹਿਣਗੇ ਜੋ ਉਨ੍ਹਾਂ ਦੀ ਕਲਾ ਨੂੰ ਮਹਿਸੂਸ ਕਰਦੀ ਹੈ। ਉਨ੍ਹਾਂ ਦੇ ਰੰਗ ਅਜੇ ਵੀ ਬੋਲਦੇ ਹਨਉਨ੍ਹਾਂ ਦੇ ਚਿੱਤਰ ਅਜੇ ਵੀ ਸਵਾਲ ਪੁੱਛਦੇ ਹਨ ਅਤੇ ਉਨ੍ਹਾਂ ਦੀ ਚੁੱਪ ਅਜੇ ਵੀ ਸਾਨੂੰ ਬਹੁਤ ਕੁਝ ਸਿਖਾਉਂਦੀ ਹੈ।

ਹਰਦਮ ਮਾਨ

*ਸਰੀ (ਕੈਨਡਾ) ਫੋਨ: +1-604-308-6663