ਸਰੀ ’ਚ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦੇ ਸਰੂਪਾਂ ਨੂੰ ਲੈ ਕੇ ਵਿਵਾਦ ’ਤੇ ਡਬਲਿਊਐੱਸਓ ਵੱਲੋਂ ਉਸਾਰੂ ਸੰਵਾਦ ਦੀ ਅਪੀਲ

The World Sikh Organization of Canada has called for constructive dialogue following the controversy involving Saroops of Sri Guru Granth Sahib Ji in Surrey. The WSO welcomed the Secretariat of Sri Akal Takht Sahib’s emphasis on establishing facts and maintaining mutual respect and unity. It said questions regarding the transportation, handling and care of Saroops should be addressed according to Sikh Maryada.

ਸਰੀ ’ਚ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦੇ ਸਰੂਪਾਂ ਨੂੰ ਲੈ ਕੇ ਵਿਵਾਦ ’ਤੇ ਡਬਲਿਊਐੱਸਓ ਵੱਲੋਂ ਉਸਾਰੂ ਸੰਵਾਦ ਦੀ ਅਪੀਲ

ਸਰੀ-ਵਰਲਡ ਸਿੱਖ ਆਰਗੇਨਾਈਜ਼ੇਸ਼ਨ ਆਫ ਕੈਨੇਡਾ (ਡਬਲਿਊਐੱਸਓ) ਨੇ ਸਰੀ ’ਚ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦੇ ਸਰੂਪਾਂ ਨਾਲ ਸਬੰਧਤ ਹਾਲੀਆ ਵਿਵਾਦ ਅਤੇ ਇਸ ਮਾਮਲੇ ਦੇ ਸਿੱਖ ਭਾਈਚਾਰੇ ਵਿਚ ਚੱਲ ਰਹੇ ਤਰੀਕੇ ’ਤੇ ਚਿੰਤਾ ਪ੍ਰਗਟਾਈ ਹੈ। ਜਥੇਬੰਦੀ ਨੇ ਸ੍ਰੀ ਅਕਾਲ ਤਖ਼ਤ ਸਾਹਿਬ ਦੇ ਸਕੱਤਰੇਤ ਵੱਲੋਂ ਜਾਰੀ ਸੰਚਾਰ ਦਾ ਹਵਾਲਾ ਦਿੰਦਿਆਂ ਤੱਥ ਸਪੱਸ਼ਟ ਕਰਨ ਅਤੇ ਬ੍ਰਿਟਿਸ਼ ਕੋਲੰਬੀਆ ਤੇ ਕੈਨੇਡਾ ਦੀ ਸਿੱਖ ਸੰਗਤ ਨੂੰ ਆਪਸੀ ਸਤਿਕਾਰ, ਸਦਭਾਵਨਾ ਤੇ ਏਕਤਾ ਨਾਲ ਮਾਮਲੇ ਨੂੰ ਦੇਖਣ ਦੀ ਅਪੀਲ ਦਾ ਸਵਾਗਤ ਕੀਤਾ।

ਡਬਲਿਊਐੱਸਓ ਨੇ ਕਿਹਾ ਕਿ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦੇ ਸਰੂਪਾਂ ਦਾ ਸਰਵਉੱਚ ਸਤਿਕਾਰ ਕਰਨਾ ਸਿੱਖਾਂ ਲਈ ਸਭ ਤੋਂ ਮਹੱਤਵਪੂਰਨ ਹੈ। ਸਰੂਪਾਂ ਦੀ ਆਵਾਜਾਈ, ਸੰਭਾਲ ਅਤੇ ਦੇਖਭਾਲ ਨਾਲ ਜੁੜੇ ਸਵਾਲਾਂ ਨੂੰ ਗੰਭੀਰਤਾ ਨਾਲ ਲੈਂਦਿਆਂ ਸਿੱਖ ਮਰਿਆਦਾ ਅਨੁਸਾਰ ਹੱਲ ਕੀਤਾ ਜਾਣਾ ਚਾਹੀਦਾ ਹੈ।

ਜਥੇਬੰਦੀ ਨੇ ਕਿਹਾ ਕਿ ਇਸ ਘਟਨਾ ਤੋਂ ਬਾਅਦ ਕੁਝ ਅਹਿਮ ਸਵਾਲਾਂ ’ਤੇ ਪੰਥਕ ਪੱਧਰ ’ਤੇ ਵਿਚਾਰ-ਵਟਾਂਦਰੇ ਦੀ ਲੋੜ ਹੈ। ਇਨ੍ਹਾਂ ਵਿਚ ਇਹ ਸਵਾਲ ਵੀ ਸ਼ਾਮਲ ਹੈ ਕਿ ਕੀ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦੇ ਸਰੂਪਾਂ ਨੂੰ ਸਮੁੰਦਰੀ ਰਸਤੇ ਰਾਹੀਂ ਲਿਜਾਣਾ ਉਚਿਤ ਹੈ ਅਤੇ ਅਜਿਹੀ ਯਾਤਰਾ ਦੌਰਾਨ ਸਤਿਕਾਰ ਤੇ ਮਰਿਆਦਾ ਦੇ ਕਿਹੜੇ ਮਾਪਦੰਡ ਲਾਗੂ ਹੋਣੇ ਚਾਹੀਦੇ ਹਨ।

ਸਰੀ ਦੇ ਸ੍ਰੀ ਗੁਰੂ ਸਿੰਘ ਸਭਾ ਗੁਰਦੁਆਰਾ ਸਾਹਿਬ ਨਾਲ ਵਾਪਰੀ ਘਟਨਾ ਬਾਰੇ ਡਬਲਿਊਐੱਸਓ ਨੇ ਕਿਹਾ ਕਿ ਗੁਰਦੁਆਰਾ ਪ੍ਰਬੰਧਕਾਂ ਦੇ ਬਿਆਨ ਅਤੇ ਸਾਹਮਣੇ ਆਈ ਵੀਡੀਓ ਅਨੁਸਾਰ ਸਰੂਪ ਵੀਡੀਓ ਵਿਚ ਦਿਖਾਈ ਦੇ ਰਹੀਆਂ ਵੈਨਾਂ ਅੰਦਰ ਨਹੀਂ ਰੱਖੇ ਗਏ ਸਨ ਅਤੇ ਨਾ ਹੀ ਟੋਰਾਂਟੋ ਤੋਂ ਉਨ੍ਹਾਂ ਨੂੰ ਲੈਣ ਲਈ ਆਏ ਵਿਅਕਤੀਆਂ ਨੂੰ ਸੌਂਪੇ ਗਏ ਸਨ। ਗੁਰਦੁਆਰਾ ਪ੍ਰਬੰਧਕਾਂ ਨੇ ਮੰਨਿਆ ਕਿ ਸਰੂਪ ਬਾਹਰ ਲਿਆਉਣ ਤੋਂ ਪਹਿਲਾਂ ਵਾਹਨਾਂ ਦੀ ਜਾਂਚ ਕੀਤੀ ਜਾਣੀ ਚਾਹੀਦੀ ਸੀ ਅਤੇ ਇਸ ਨੂੰ ਗਲਤੀ ਕਰਾਰ ਦਿੱਤਾ ਗਿਆ।

ਡਬਲਿਊਐੱਸਓ ਮੁਤਾਬਕ ਜਦੋਂ ਵਾਹਨਾਂ ਦੀ ਜਾਂਚ ਦੌਰਾਨ ਇਹ ਪਤਾ ਲੱਗਾ ਕਿ ਉਨ੍ਹਾਂ ਵਿਚ ਸਰੂਪਾਂ ਨੂੰ ਲਿਜਾਣ ਲਈ ਢੁਕਵੇਂ ਪ੍ਰਬੰਧ ਨਹੀਂ ਸਨ ਤਾਂ ਸਰੂਪ ਵਾਪਸ ਅੰਦਰ ਲਿਜਾਏ ਗਏ। ਜਥੇਬੰਦੀ ਨੇ ਇਸ ਮਾਮਲੇ ਸਬੰਧੀ ਫੈਲ ਰਹੀ ਗਲਤ ਜਾਣਕਾਰੀ ਅਤੇ ਗੁੰਮਰਾਹਕੁੰਨ ਦਾਅਵਿਆਂ ’ਤੇ ਵੀ ਚਿੰਤਾ ਜਤਾਈ।

ਡਬਲਿਊਐੱਸਓ ਨੇ ਕਿਹਾ ਕਿ ਸਤਿਕਾਰ ਅਤੇ ਮਰਿਆਦਾ ਨਾਲ ਜੁੜੇ ਜਾਇਜ਼ ਸਵਾਲਾਂ ਨੂੰ ਨਜ਼ਰਅੰਦਾਜ਼ ਨਹੀਂ ਕੀਤਾ ਜਾਣਾ ਚਾਹੀਦਾ ਅਤੇ ਜਿੱਥੇ ਗਲਤੀਆਂ ਹੋਈਆਂ ਹਨ, ਉਨ੍ਹਾਂ ਨੂੰ ਸਵੀਕਾਰ ਕਰਕੇ ਸੁਧਾਰਿਆ ਜਾਣਾ ਚਾਹੀਦਾ ਹੈ। ਇਸ ਦੇ ਨਾਲ ਹੀ ਕਿਸੇ ਵੀ ਦੋਸ਼ ਜਾਂ ਦਾਅਵੇ ਨੂੰ ਅਸਲ ਘਟਨਾ ਦੇ ਤੱਥਾਂ ਦੇ ਅਨੁਸਾਰ ਹੀ ਪੇਸ਼ ਕੀਤਾ ਜਾਣਾ ਚਾਹੀਦਾ ਹੈ।

ਜਥੇਬੰਦੀ ਨੇ ਕਿਹਾ ਕਿ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਨਾਲ ਸਬੰਧਤ ਸੰਵੇਦਨਸ਼ੀਲ ਮਾਮਲਿਆਂ ਨੂੰ ਕੈਨੇਡਾ ਵਿਚ ਸਿੱਖਾਂ ਦਰਮਿਆਨ ਵੰਡ ਪੈਦਾ ਕਰਨ ਲਈ ਵਰਤੇ ਜਾਣ ਤੋਂ ਭਾਈਚਾਰੇ ਨੂੰ ਸੁਚੇਤ ਰਹਿਣਾ ਚਾਹੀਦਾ ਹੈ। ਡਬਲਿਊਐੱਸਓ ਨੇ ਸਿੱਖ ਸੰਸਥਾਵਾਂ, ਪੰਥਕ ਜਥੇਬੰਦੀਆਂ ਅਤੇ ਸੰਗਤ ਨੂੰ ਮਿਲ ਕੇ ਕੈਨੇਡਾ ਤੇ ਉੱਤਰੀ ਅਮਰੀਕਾ ਵਿਚ ਸਰੂਪਾਂ ਦੀ ਆਵਾਜਾਈ ਅਤੇ ਵੰਡ ਸਬੰਧੀ ਢੁਕਵੇਂ ਮਾਪਦੰਡ ਤੈਅ ਕਰਨ ਲਈ ਸੰਵਾਦ ਕਰਨ ਦੀ ਅਪੀਲ ਕੀਤੀ।