ਸ਼ਿਵਾਲਕ ਟੀ.ਵੀ. ਚੈਨਲ ਵੱਲੋਂ ਕੈਨੇਡਾ ਦੀ ਧਰਤੀ 'ਤੇ ਪੰਜਾਬੀ ਸਿਤਾਰਿਆਂ ਦਾ ਵਿਸ਼ਾਲ ਸਨਮਾਨ ਸਮਾਗਮ

ਸ਼ਿਵਾਲਕ ਟੀ.ਵੀ. ਚੈਨਲ ਵੱਲੋਂ ਕੈਨੇਡਾ ਦੀ ਧਰਤੀ 'ਤੇ ਪੰਜਾਬੀ ਸਿਤਾਰਿਆਂ ਦਾ ਵਿਸ਼ਾਲ ਸਨਮਾਨ ਸਮਾਗਮ

ਕੈਲਗਰੀ: ਸ਼ਿਵਾਲਕ ਟੀ.ਵੀ. ਚੈਨਲ ਵੱਲੋਂ ਪੰਜਾਬ, ਪੰਜਾਬੀ ਅਤੇ ਪੰਜਾਬੀਅਤ ਦੀ ਸੇਵਾ ਕਰਨ ਵਾਲੀਆਂ ਨਾਮਵਰ ਸ਼ਖਸੀਅਤਾਂ ਦੇ ਸਨਮਾਨ ਲਈ ਕੈਲਗਰੀ ਵਿਖੇ ਇੰਡੀਅਨ ਐਕਸ-ਸਰਵਿਸਮੈਨ ਇਮੀਗ੍ਰਾਂਟ ਐਸੋਸੀਏਸ਼ਨ ਦੇ ਹਾਲ ਵਿੱਚ ਇੱਕ ਵਿਸ਼ਾਲ ਸਨਮਾਨ ਸਮਾਗਮ ਕਰਵਾਇਆ ਗਿਆ। ਸਮਾਗਮ ਦੀ ਪ੍ਰਧਾਨਗੀ ਇੰਡੋ-ਕੈਨੇਡੀਅਨ ਸੰਸਥਾ ਦੇ ਪ੍ਰਧਾਨ ਜਰਨੈਲ ਸਿੰਘ ਤੱਗੜ ਨੇ ਕੀਤੀ।ਸਮਾਗਮ ਵਿੱਚ ਮੁੱਖ ਮਹਿਮਾਨ ਵਜੋਂ ਜਨਾਬ ਇਰਫਾਨ ਸਬੀਰ, ਕੈਲਗਰੀ ਤੋਂ ਵਿਧਾਇਕ ਗੁਰਿੰਦਰ ਬਰਾੜ ਅਤੇ ਭਾਰਤ ਤੋਂ ਵਿਸ਼ੇਸ਼ ਤੌਰ 'ਤੇ ਪਹੁੰਚੇ ਸ਼ਿਵਾਲਕ ਟੀ.ਵੀ. ਦੇ ਚੀਫ਼ ਐਡੀਟਰ ਨੇ ਸ਼ਿਰਕਤ ਕੀਤੀ। ਪ੍ਰਧਾਨਗੀ ਮੰਡਲ ਵਿੱਚ ਉੱਘੀ ਸਾਹਿਤਕਾਰਾ ਗੁਰਚਰਨ ਕੌਰ ਥਿੰਦ ਵੀ ਸ਼ਾਮਲ ਸਨ।

ਜਨਾਬ ਇਰਫਾਨ ਸਬੀਰ ਨੇ ਆਪਣੇ ਸੰਬੋਧਨ ਦੌਰਾਨ ਕੈਨੇਡਾ ਸਰਕਾਰ ਵੱਲੋਂ ਸੀਨੀਅਰ ਨਾਗਰਿਕਾਂ ਲਈ ਮੁਹੱਈਆ ਕਰਵਾਈਆਂ ਜਾ ਰਹੀਆਂ ਸਹੂਲਤਾਂ ਦੀ ਸ਼ਲਾਘਾ ਕੀਤੀ। ਉਨ੍ਹਾਂ ਅਲਬਰਟਾ ਅਸੈਂਬਲੀ ਵਿੱਚ ਪੰਜਾਬੀ ਭਾਈਚਾਰੇ ਨੂੰ ਮਿਲ ਰਹੇ ਸਹਿਯੋਗ ਲਈ ਆਪਣੇ ਸਾਥੀ ਵਿਧਾਇਕਾਂ ਦਾ ਧੰਨਵਾਦ ਵੀ ਕੀਤਾ।ਵਿਧਾਇਕ ਗੁਰਿੰਦਰ ਬਰਾੜ ਨੇ ਕਿਹਾ ਕਿ ਪੰਜਾਬੀ ਭਾਈਚਾਰੇ ਨੇ ਸੱਤ ਸਮੁੰਦਰ ਪਾਰ ਆ ਕੇ ਪਹਿਲਾਂ ਆਪਣੀ ਮਿਹਨਤ ਨਾਲ ਰੋਜ਼ੀ-ਰੋਟੀ ਕਮਾਈ ਅਤੇ ਬਾਅਦ ਵਿੱਚ ਰਾਜਨੀਤੀ ਸਮੇਤ ਵੱਖ-ਵੱਖ ਖੇਤਰਾਂ ਵਿੱਚ ਆਪਣੀ ਮਜ਼ਬੂਤ ਪਛਾਣ ਬਣਾਈ। ਉਨ੍ਹਾਂ ਕਿਹਾ ਕਿ ਪੰਜਾਬੀਆਂ ਨੂੰ ਮੂਲ ਨਿਵਾਸੀ ਭਾਈਚਾਰਿਆਂ ਨਾਲ ਮਿਲ ਕੇ ਚੱਲਣਾ ਚਾਹੀਦਾ ਹੈ ਅਤੇ ਆਪਣੀ ਪੰਜਾਬੀ ਭਾਸ਼ਾ, ਸੱਭਿਆਚਾਰ ਅਤੇ ਵਿਰਸੇ ਦੀ ਰਾਖੀ ਲਈ ਵੀ ਹਮੇਸ਼ਾ ਯਤਨਸ਼ੀਲ ਰਹਿਣਾ ਚਾਹੀਦਾ ਹੈ।ਉਨ੍ਹਾਂ ਸੋਸ਼ਲ ਮੀਡੀਆ ਦੀ ਭੂਮਿਕਾ ਦੀ ਸ਼ਲਾਘਾ ਕਰਦਿਆਂ ਕਿਹਾ ਕਿ ਜਿੱਥੇ ਰਵਾਇਤੀ ਮੀਡੀਆ ਕਈ ਵਾਰ ਜ਼ਮੀਨੀ ਹਕੀਕਤਾਂ ਨੂੰ ਉਜਾਗਰ ਨਹੀਂ ਕਰਦਾ, ਉੱਥੇ ਸੋਸ਼ਲ ਮੀਡੀਆ ਲੋਕਾਂ ਦੀ ਆਵਾਜ਼ ਨੂੰ ਅੱਗੇ ਲਿਆਉਣ ਵਿੱਚ ਅਹਿਮ ਭੂਮਿਕਾ ਨਿਭਾ ਰਿਹਾ ਹੈ।

ਉੱਘੀ ਲੇਖਿਕਾ ਗੁਰਚਰਨ ਕੌਰ ਥਿੰਦ ਨੇ ਕਿਹਾ ਕਿ ਕੈਨੇਡਾ ਇੱਕ ਬਹੁ-ਸੱਭਿਆਚਾਰਕ ਦੇਸ਼ ਹੈ, ਜਿੱਥੇ ਵੱਖ-ਵੱਖ ਦੇਸ਼ਾਂ ਅਤੇ ਸੱਭਿਆਚਾਰਾਂ ਦੇ ਲੋਕ ਵਸਦੇ ਹਨ। ਪੰਜਾਬੀ ਭਾਈਚਾਰੇ ਨੇ ਇੱਥੇ ਆਪਣੀ ਵੱਖਰੀ ਪਛਾਣ ਬਣਾਈ ਹੈ ਅਤੇ ਪੰਜਾਬੀ ਸੱਭਿਆਚਾਰ ਦੀ ਵਿਲੱਖਣਤਾ ਨੂੰ ਸੰਭਾਲਣ ਲਈ ਲਗਾਤਾਰ ਉਪਰਾਲੇ ਕੀਤੇ ਜਾ ਰਹੇ ਹਨ।ਸਾਹਿਤਕਾਰਾ ਗੁਰਦੀਸ਼ ਕੌਰ ਗਰੇਵਾਲ ਨੇ ਪੰਜਾਬੀਆਂ ਨੂੰ ਵਧੀਆ ਪੁਸਤਕਾਂ ਪੜ੍ਹਨ ਲਈ ਪ੍ਰੇਰਿਤ ਕਰਦਿਆਂ ਕਿਹਾ ਕਿ ਨੌਜਵਾਨ ਪੀੜ੍ਹੀ ਨੂੰ ਪੰਜਾਬੀ ਸਾਹਿਤ ਨਾਲ ਜੋੜਨਾ ਸਮੇਂ ਦੀ ਲੋੜ ਹੈ।ਸ਼ਿਵਾਲਕ ਟੀ.ਵੀ. ਦੇ ਚੀਫ਼ ਐਡੀਟਰ ਭੁਪਿੰਦਰ ਸਿੰਘ ਭਾਗੋਮਾਜਰਾ ਨੇ ਕਿਹਾ ਕਿ ਪੰਜਾਬੀ ਸਾਡੀ ਮਾਂ-ਬੋਲੀ ਅਤੇ ਸਾਡੀ ਪਛਾਣ ਹੈ। ਉਨ੍ਹਾਂ ਕਿਹਾ ਕਿ ਸਾਰੀਆਂ ਭਾਸ਼ਾਵਾਂ ਦਾ ਸਤਿਕਾਰ ਕਰਨਾ ਚਾਹੀਦਾ ਹੈ, ਪਰ ਪੰਜਾਬੀ ਸਾਡੀ ਪਹਿਲੀ ਤਰਜੀਹ ਹੋਣੀ ਚਾਹੀਦੀ ਹੈ। ਉਨ੍ਹਾਂ ਕੈਨੇਡਾ ਦੀਆਂ ਲਾਇਬ੍ਰੇਰੀਆਂ ਵਿੱਚ ਪੰਜਾਬੀ ਲੇਖਕਾਂ ਦੀਆਂ ਪੁਸਤਕਾਂ ਨੂੰ ਵੱਧ ਤੋਂ ਵੱਧ ਸ਼ਾਮਲ ਕਰਨ ਦੀ ਲੋੜ 'ਤੇ ਵੀ ਜ਼ੋਰ ਦਿੱਤਾ।

ਇਸ ਮੌਕੇ ਕਰਵਾਏ ਗਏ ਕਵੀ ਦਰਬਾਰ ਵਿੱਚ ਸੁਖਵਿੰਦਰ ਤੂਰ, ਗੁਰਦੀਸ਼ ਕੌਰ ਗਰੇਵਾਲ, ਗੁਰਦੀਪ ਸਿੰਘ ਢਾਲੀਵਾਲ, ਜਸਬੀਰ ਸਿੰਘ ਸਿਹੋਤਾ, ਡਾ. ਹਰਮਿੰਦਰਪਾਲ ਸਿੰਘ, ਮਾਸਟਰ ਗੁਰਮੇਲ ਸਿੰਘ, ਜਸਵੰਤ ਸਿੰਘ ਸੇਖੋਂ, ਸਰਬਜੀਤ ਕੌਰ ਉੱਪਲ, ਜਰਨੈਲ ਸਿੰਘ ਤੱਗੜ, ਮੋਹਨ ਸਿੰਘ ਪਪਰਾਲਾ ਅਤੇ ਸੁਭਾਸ਼ ਸ਼ਰਮਾ ਸਮੇਤ ਕਈ ਸਾਹਿਤਕਾਰਾਂ ਨੇ ਆਪਣੀਆਂ ਰਚਨਾਵਾਂ ਪੇਸ਼ ਕੀਤੀਆਂ।

ਸਮਾਗਮ ਦੇ ਅੰਤ ਵਿੱਚ ਸ਼ਿਵਾਲਕ ਟੀ.ਵੀ. ਚੈਨਲ ਵੱਲੋਂ ਜਨਾਬ ਇਰਫਾਨ ਸਬੀਰ, ਗੁਰਿੰਦਰ ਬਰਾੜ, ਜਰਨੈਲ ਸਿੰਘ ਤੱਗੜ, ਗੁਰਚਰਨ ਕੌਰ ਥਿੰਦ, ਗੁਰਦੀਸ਼ ਕੌਰ ਗਰੇਵਾਲ, ਸਰਬਜੀਤ ਕੌਰ ਉੱਪਲ, ਡਾ. ਹਰਮਿੰਦਰਪਾਲ ਸਿੰਘ, ਜਸਵੰਤ ਸਿੰਘ ਸੇਖੋਂ, ਸੁਖਵਿੰਦਰ ਤੂਰ, ਮਾਸਟਰ ਗੁਰਮੇਲ ਸਿੰਘ, ਸੁਭਾਸ਼ ਸ਼ਰਮਾ, ਪਰਮਜੀਤ ਭੰਗੂ, ਜੈ ਸਿੰਘ ਉੱਪਲ ਅਤੇ ਦਵਿੰਦਰ ਮਲਹਾਂਸ ਸਮੇਤ ਕਈ ਸ਼ਖਸੀਅਤਾਂ ਨੂੰ ਟਰਾਫੀਆਂ ਅਤੇ ਮੈਡਲਾਂ ਨਾਲ ਸਨਮਾਨਿਤ ਕੀਤਾ ਗਿਆ।

ਸਟੇਜ ਦੀ ਕਾਰਵਾਈ ਉੱਘੇ ਪੱਤਰਕਾਰ ਪਰਮਜੀਤ ਭੰਗੂ ਅਤੇ ਸੁਭਾਸ਼ ਸ਼ਰਮਾ ਨੇ ਬਾਖੂਬੀ ਨਿਭਾਈ। ਸਮਾਗਮ ਵਿੱਚ ਵੱਡੀ ਗਿਣਤੀ ਵਿੱਚ ਪੰਜਾਬੀ ਭਾਈਚਾਰੇ ਦੇ ਮੈਂਬਰਾਂ, ਸਾਹਿਤਕਾਰਾਂ ਅਤੇ ਸਰੋਤਿਆਂ ਨੇ ਸ਼ਮੂਲੀਅਤ ਕੀਤੀ। ਅੰਤ ਵਿੱਚ ਡਾ. ਹਰਮਿੰਦਰਪਾਲ ਸਿੰਘ ਨੇ ਸਭ ਦਾ ਧੰਨਵਾਦ ਕਰਦਿਆਂ ਸਮਾਗਮ ਦੀ ਸਮਾਪਤੀ ਕੀਤੀ।ਇਹ ਸਮਾਗਮ ਪੰਜਾਬੀ ਭਾਸ਼ਾ, ਸਾਹਿਤ ਅਤੇ ਸੱਭਿਆਚਾਰ ਨੂੰ ਸਮਰਪਿਤ ਇੱਕ ਯਾਦਗਾਰੀ ਸਮਾਗਮ ਵਜੋਂ ਸੰਪੰਨ ਹੋਇਆ।