ਵੈਸਟ ਕੈਲੋਨਾ ਦੇ ਉੱਤਰ ਵਿੱਚ ਭਿਆਨਕ ਜੰਗਲੀ ਅੱਗ, 500 ਤੋਂ ਵੱਧ ਜਾਇਦਾਦਾਂ ਲਈ ਖਾਲੀ ਕਰਨ ਦੀ ਚੇਤਾਵਨੀ ਜਾਰੀ

ਵੈਸਟ ਕੈਲੋਨਾ ਦੇ ਉੱਤਰ ਵਿੱਚ ਭਿਆਨਕ ਜੰਗਲੀ ਅੱਗ, 500 ਤੋਂ ਵੱਧ ਜਾਇਦਾਦਾਂ ਲਈ ਖਾਲੀ ਕਰਨ ਦੀ ਚੇਤਾਵਨੀ ਜਾਰੀ

ਵੈਸਟ ਕੈਲੋਨਾ (ਬ੍ਰਿਟਿਸ਼ ਕੋਲੰਬੀਆ): ਬ੍ਰਿਟਿਸ਼ ਕੋਲੰਬੀਆ ਦੇ ਸੈਂਟਰਲ ਓਕਾਨਾਗਨ ਖੇਤਰ ਵਿੱਚ ਲੱਗੀ ਇੱਕ ਬੇਕਾਬੂ ਜੰਗਲੀ ਅੱਗ ਕਾਰਨ ਵੈਸਟ ਕੈਲੋਨਾ ਦੇ ਉੱਤਰ ਵੱਲ ਸਥਿਤ ਲਾ ਕਾਸਾ (La Casa) ਇਲਾਕੇ ਦੀਆਂ 500 ਤੋਂ ਵੱਧ ਜਾਇਦਾਦਾਂ ਲਈ ਖਾਲੀ ਕਰਨ ਦੀ ਚੇਤਾਵਨੀ (Evacuation Alert) ਜਾਰੀ ਕੀਤੀ ਗਈ ਹੈ।ਸੈਂਟਰਲ ਓਕਾਨਾਗਨ ਐਮਰਜੈਂਸੀ ਮੈਨੇਜਮੈਂਟ ਅਨੁਸਾਰ ਇਹ ਚੇਤਾਵਨੀ 1,100 ਤੋਂ ਵੱਧ ਲੋਕਾਂ ਨੂੰ ਪ੍ਰਭਾਵਿਤ ਕਰਦੀ ਹੈ। ਇਸ ਵਿੱਚ ਲਾ ਕਾਸਾ ਲੇਕਸਾਈਡ ਰਿਜ਼ੋਰਟ ਅਤੇ ਲਾ ਕਾਸਾ ਕਾਟੇਜਜ਼ ਵੀ ਸ਼ਾਮਲ ਹਨ।

ਪ੍ਰਸ਼ਾਸਨ ਨੇ ਇਲਾਕੇ ਦੇ ਵਸਨੀਕਾਂ ਅਤੇ ਸੈਲਾਨੀਆਂ ਨੂੰ ਹਦਾਇਤ ਕੀਤੀ ਹੈ ਕਿ ਉਹ ਕਿਸੇ ਵੀ ਵੇਲੇ ਇਲਾਕਾ ਖਾਲੀ ਕਰਨ ਲਈ ਤਿਆਰ ਰਹਿਣ ਅਤੇ ਲੋੜ ਪੈਣ 'ਤੇ ਲੰਬੇ ਸਮੇਂ ਲਈ ਘਰਾਂ ਤੋਂ ਦੂਰ ਰਹਿਣ ਦੀ ਤਿਆਰੀ ਕਰ ਲੈਣ।ਬੀ.ਸੀ. ਵਾਈਲਡਫਾਇਰ ਸਰਵਿਸ ਮੁਤਾਬਕ K51214 ਨੰਬਰ ਵਾਲੀ ਇਹ ਅੱਗ ਸ਼ਨੀਵਾਰ ਸ਼ਾਮ ਤੱਕ ਵਧ ਕੇ ਲਗਭਗ 5.18 ਹੈਕਟੇਅਰ ਖੇਤਰ ਵਿੱਚ ਫੈਲ ਚੁੱਕੀ ਸੀ। ਅੱਗ ਦਾ ਪਹਿਲੀ ਵਾਰ ਪਤਾ ਸ਼ਨੀਵਾਰ ਦੁਪਹਿਰ ਕਰੀਬ 4 ਵਜੇ ਲੱਗਿਆ ਸੀ।ਅੱਗ 'ਤੇ ਕਾਬੂ ਪਾਉਣ ਲਈ 14 ਫਾਇਰਫਾਈਟਰ, ਨਾਰਥ ਵੈਸਟਸਾਈਡ ਫਾਇਰ ਡਿਪਾਰਟਮੈਂਟ ਅਤੇ ਕਈ ਜਹਾਜ਼ ਤੇ ਹੈਲੀਕਾਪਟਰ ਮੋਰਚੇ 'ਤੇ ਤਾਇਨਾਤ ਹਨ। ਸਕਿਮਰ ਜਹਾਜ਼ ਅਤੇ ਹੈਲੀਕਾਪਟਰ ਓਕਾਨਾਗਨ ਝੀਲ ਤੋਂ ਪਾਣੀ ਭਰ ਕੇ ਅੱਗ ਬੁਝਾਉਣ ਦਾ ਕੰਮ ਕਰ ਰਹੇ ਹਨ।

ਵਾਈਲਡਫਾਇਰ ਸਰਵਿਸ ਨੇ ਝੀਲ ਵਿੱਚ ਮੌਜੂਦ ਕਿਸ਼ਤੀ ਚਾਲਕਾਂ ਨੂੰ ਅਪੀਲ ਕੀਤੀ ਹੈ ਕਿ ਜਿੱਥੇ ਅੱਗ ਬੁਝਾਉਣ ਵਾਲੇ ਜਹਾਜ਼ ਅਤੇ ਹੈਲੀਕਾਪਟਰ ਕੰਮ ਕਰ ਰਹੇ ਹਨ, ਉਹਨਾਂ ਖੇਤਰਾਂ ਤੋਂ ਦੂਰ ਰਹਿਣ ਤਾਂ ਜੋ ਰਾਹਤ ਕਾਰਜਾਂ ਵਿੱਚ ਕੋਈ ਰੁਕਾਵਟ ਨਾ ਆਵੇ।ਅਧਿਕਾਰੀਆਂ ਅਨੁਸਾਰ ਅੱਗ ਇਸ ਸਮੇਂ ਰੈਂਕ-2 ਅਤੇ ਰੈਂਕ-3 ਦੀ ਤੀਬਰਤਾ ਨਾਲ ਸੜ ਰਹੀ ਹੈ। ਇਸ ਦਾ ਅਰਥ ਹੈ ਕਿ ਅੱਗ ਜ਼ਮੀਨੀ ਸਤ੍ਹਾ 'ਤੇ ਖੁੱਲ੍ਹੀਆਂ ਲਪਟਾਂ ਨਾਲ ਫੈਲ ਰਹੀ ਹੈ ਅਤੇ ਇਸ ਦੀ ਰਫ਼ਤਾਰ ਫਿਲਹਾਲ ਹੌਲੀ ਤੋਂ ਦਰਮਿਆਨੀ ਦਰਜੇ ਦੀ ਹੈ।