ਰੈਫਰੈਂਡਮ ਤੋਂ ਪਹਿਲਾਂ ਡੈਨੀਅਲ ਸਮਿਥ ਦੇ ਸਿਆਸੀ ਸਫ਼ਰ ਬਾਰੇ ਕਿਤਾਬ ਜਾਰੀ ਹੋਵੇਗੀ
English Summary: Journalist Jeremy Appel’s new book, Dark Phoenix: The Rise, Fall, and Reemergence of Danielle Smith, explores Alberta Premier Danielle Smith’s political career and return to power.
ਅਲਬਰਟਾ-ਅਲਬਰਟਾ ਵਿੱਚ ਰੈਫਰੈਂਡਮ ਤੋਂ ਪਹਿਲਾਂ ਪੱਤਰਕਾਰ ਜੇਰੇਮੀ ਐਪਲ ਦੀ ਨਵੀਂ ਕਿਤਾਬ ‘ਡਾਰਕ ਫੀਨਿਕਸ: ਦ ਰਾਈਜ਼, ਫਾਲ ਐਂਡ ਰੀਐਮਰਜੈਂਸ ਆਫ਼ ਡੈਨੀਅਲ ਸਮਿਥ’ 13 ਅਕਤੂਬਰ ਨੂੰ ਜਾਰੀ ਹੋਣ ਜਾ ਰਹੀ ਹੈ। ਇਸ ਕਿਤਾਬ ਵਿੱਚ ਅਲਬਰਟਾ ਦੀ ਮੁੱਖ ਮੰਤਰੀ ਡੈਨੀਅਲ ਸਮਿਥ ਦੇ ਸਿਆਸੀ ਸਫ਼ਰ, ਉਨ੍ਹਾਂ ਦੇ ਉਭਾਰ, ਸਿਆਸੀ ਗਿਰਾਵਟ ਅਤੇ ਮੁੜ ਸੱਤਾ ਵਿੱਚ ਵਾਪਸੀ ਦਾ ਜ਼ਿਕਰ ਕੀਤਾ ਗਿਆ ਹੈ।
ਲੇਖਕ ਅਨੁਸਾਰ, ਸਮਿਥ ਦੀ ਸਿਆਸੀ ਸਫ਼ਲਤਾ ਦਾ ਇੱਕ ਵੱਡਾ ਕਾਰਨ ਉਨ੍ਹਾਂ ਦੀ ਪ੍ਰਭਾਵਸ਼ਾਲੀ ਸੰਚਾਰ ਸ਼ੈਲੀ ਹੈ। ਉਹ ਆਪਣੇ ਸਮਰਥਕਾਂ, ਖ਼ਾਸ ਕਰਕੇ ਪੇਂਡੂ ਖੇਤਰਾਂ ਅਤੇ ਸਮਾਜਿਕ ਤੌਰ ’ਤੇ ਰੂੜ੍ਹੀਵਾਦੀ ਸੋਚ ਵਾਲੇ ਲੋਕਾਂ ਦੇ ਵਿਚਾਰਾਂ ਨੂੰ ਵੱਡੇ ਜਨਤਕ ਵਰਗ ਸਾਹਮਣੇ ਇਸ ਤਰ੍ਹਾਂ ਪੇਸ਼ ਕਰਦੀ ਹੈ ਕਿ ਉਹ ਆਮ ਅਤੇ ਤਰਕਸੰਗਤ ਲੱਗਣ।
ਐਪਲ ਨੇ ਕਿਹਾ ਕਿ ਆਉਣ ਵਾਲੇ ਰੈਫਰੈਂਡਮ ਵਿੱਚ ਇਮੀਗ੍ਰੇਸ਼ਨ ਨਾਲ ਜੁੜੇ ਸਵਾਲ ਸਮਿਥ ਦੀ ਸਿਆਸੀ ਰਣਨੀਤੀ ਦੀ ਇੱਕ ਅਹਿਮ ਉਦਾਹਰਨ ਹਨ। ਉਨ੍ਹਾਂ ਮੁਤਾਬਕ, ਸਮਿਥ ਲੋਕਾਂ ਵਿੱਚ ਇਹ ਧਾਰਨਾ ਬਣਾਉਣ ਵਿੱਚ ਸਫ਼ਲ ਰਹੀ ਹੈ ਕਿ ਫੈਡਰਲ ਸਰਕਾਰ ਨੇ ਅਲਬਰਟਾ ਵਿੱਚ ਵੱਡੀ ਗਿਣਤੀ ਵਿੱਚ ਪ੍ਰਵਾਸੀਆਂ ਨੂੰ ਭੇਜ ਦਿੱਤਾ ਹੈ।
ਲੇਖਕ ਨੇ ਇਹ ਵੀ ਕਿਹਾ ਕਿ ਤਿੰਨ ਸਾਲ ਤੋਂ ਵੀ ਘੱਟ ਸਮਾਂ ਪਹਿਲਾਂ ਸਮਿਥ ਫੈਡਰਲ ਸਰਕਾਰ ਤੋਂ ਅਲਬਰਟਾ ਵਿੱਚ ਹੋਰ ਪ੍ਰਵਾਸੀਆਂ ਨੂੰ ਆਉਣ ਦੀ ਇਜਾਜ਼ਤ ਦੇਣ ਦੀ ਮੰਗ ਕਰ ਰਹੀ ਸੀ। ਐਪਲ ਦੇ ਵਿਚਾਰ ਅਨੁਸਾਰ, ਸਮਿਥ ਦੀ ਸਿਆਸਤ ਵਿੱਚ ਤੱਥਾਂ ਨਾਲੋਂ ਲੋਕਾਂ ਨੂੰ ਸਮੱਸਿਆਵਾਂ ਦੇ ਕਾਰਨਾਂ ਬਾਰੇ ਇੱਕ ਖ਼ਾਸ ਕਹਾਣੀ ਸੁਣਾਉਣ ਅਤੇ ਕਿਸੇ ਵਰਗ ਨੂੰ ਜ਼ਿੰਮੇਵਾਰ ਠਹਿਰਾਉਣ ਦੀ ਰਣਨੀਤੀ ਵਧੇਰੇ ਮਹੱਤਵ ਰੱਖਦੀ ਹੈ।
ਉਨ੍ਹਾਂ ਨੇ ਸਕੂਲਾਂ ਵਿੱਚ ਵਧਦੀ ਭੀੜ ਅਤੇ ਹਸਪਤਾਲਾਂ ਵਿੱਚ ਲੰਮੇ ਉਡੀਕ ਸਮੇਂ ਵਰਗੀਆਂ ਸਮੱਸਿਆਵਾਂ ਦਾ ਹਵਾਲਾ ਦਿੰਦਿਆਂ ਕਿਹਾ ਕਿ ਇਨ੍ਹਾਂ ਲਈ ਪ੍ਰਵਾਸੀਆਂ ਨੂੰ ਜ਼ਿੰਮੇਵਾਰ ਠਹਿਰਾਉਣ ਵਾਲੀ ਬਿਰਤਾਂਤਕਾਰੀ ਲੋਕਾਂ ਨੂੰ ਪ੍ਰਭਾਵਿਤ ਕਰ ਸਕਦੀ ਹੈ। ਐਪਲ ਨੇ ਆਪਣੇ ਵੇਖੇ ਚੋਣ ਸਰਵੇਖਣਾਂ ਦੇ ਆਧਾਰ ’ਤੇ ਅੰਦਾਜ਼ਾ ਲਾਇਆ ਕਿ ਇਮੀਗ੍ਰੇਸ਼ਨ ਨਾਲ ਸਬੰਧਤ ਕੁਝ ਸਵਾਲ ਰੈਫਰੈਂਡਮ ਵਿੱਚ ਪਾਸ ਹੋ ਸਕਦੇ ਹਨ।
ਕਿਤਾਬ ਦੀ ਰਿਲੀਜ਼ ਮੌਕੇ 13 ਅਕਤੂਬਰ ਨੂੰ ਐਵੀਅਰੀ ਵਿਖੇ ਸਮਾਗਮ ਹੋਵੇਗਾ। ਪਹਿਲਾਂ ਤੋਂ ਟਿਕਟ ਖ਼ਰੀਦਣ ਦੀ ਕੀਮਤ 25 ਡਾਲਰ ਰੱਖੀ ਗਈ ਹੈ, ਜਿਸ ਵਿੱਚ ਕਿਤਾਬ ਦੀ ਇੱਕ ਛਪੀ ਹੋਈ ਕਾਪੀ ਵੀ ਸ਼ਾਮਲ ਹੈ।
















